650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰਿਆਵਲ ਧਰਤ ਮੁਹਿੰਮ ਦੀ ਕੀਤੀ ਆਰੰਭਤਾ
Tuesday, Aug 18, 2026 - 03:38 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ )- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਮੂਨਕ ਖੁਰਦ ਵੱਲੋਂ ਵਾਤਾਵਰਣ ਦੀ ਸੇਵਾ ਸੰਭਾਲ ਦਾ ਸੰਦੇਸ਼ ਦਿੰਦੇ ਹੋਏ 'ਹਰਿਆਵਲ ਧਰਤ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸੁਸਾਇਟੀ ਦੇ ਸਰਪ੍ਰਸਤ ਗਿਆਨੀ ਅਮਰਜੀਤ ਸਿੰਘ ਕਨੇਡਾ ਤੇ ਚੇਅਰਮੈਨ ਸੁਰਜੀਤ ਲਾਲ ਹੀਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਤੋਂ ਇਸ ਮੁਹਿੰਮ ਦੀ ਆਰੰਭਤਾ ਮੁੱਖ ਸੇਵਾਦਾਰ ਸੰਤ ਬਾਬਾ ਕੁਲਦੀਪ ਸਿੰਘ ਤੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਵੱਲੋਂ ਸੁਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਮੋਮੀ ਤੇ ਸੇਵਾਦਾਰ ਮੈਂਬਰ ਸੁਰਜੀਤ ਸਿੰਘ ਕਾਲਾ ਦੀ ਮੌਜੂਦਗੀ ਵਿਚ ਕੀਤੀ ਗਈ। ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਵਾਤਾਵਰਨ ਦੀ ਸੇਵਾ ਸੰਭਾਲ ਵਿੱਚ ਜੁਟੀ ਹੋਈ ਹਰਿਆਲੀ ਸੰਸਥਾ ਦਸੂਹਾ ਦੇ ਮੁੱਖ ਪ੍ਰਬੰਧਕ ਵਾਤਾਵਰਣ ਪ੍ਰੇਮੀ ਹਰਜਿੰਦਰ ਸਿੰਘ ਤੇ ਗੁਰਵੀਰ ਕੌਰ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਚ ਹਰੇ ਭਰੇ ਬੂਟੇ ਲਗਾਏ ਗਏ।
ਇਸ ਮੌਕੇ ਸੇਵਾਦਾਰ ਬਾਬਾ ਕੁਲਦੀਪ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਤੇ ਹਰਿਆਲੀ ਸੰਸਥਾ ਦਸੂਹਾ ਦੇ ਇਸ ਉੱਦਮ ਦੀ ਸ਼ਲਾਘਾ ਅਤੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਜਿੱਥੇ ਅਸੀਂ ਆਪਣੇ ਬਾਤਾ ਵਰਨ ਨੂੰ ਪ੍ਰਦੂਸ਼ਿਤ ਰਹਿਤ ਰੱਖਣ ਵਿੱਚ ਕਾਮਯਾਬ ਹੋਵਾਂਗੇ ਉਥੇ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਦਾ ਸੁਨੇਹਾ ਵੀ ਘਰ-ਘਰ ਪਹੁੰਚੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਮੋਮੀ ਸੁਰਜੀਤ ਸਿੰਘ ਕਾਲਾ ਵਾਤਾਵਰਨ ਪ੍ਰੇਮੀ ਹਰਜਿੰਦਰ ਸਿੰਘ ਅਤੇ ਮੈਡਮ ਗੁਰਵੀਰ ਕੌਰ ਨੇ ਕਿਹਾ ਕਿ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਉਪਰਾਲੇ ਸਾਂਝੇ ਤੌਰ ਤੇ ਕਰਨੇ ਪੈਣਗੇ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਪਿੰਡ ਮੂਨਕ ਖੁਰਦ ਅਤੇ ਇਲਾਕੇ ਦੇ ਹੋਰਨਾ ਪਿੰਡਾਂ ਵਿਚ ਕੁੱਲ 650 ਹਰੇ ਭਰੇ ਬੂਟੇ ਲਗਾਏ ਜਾਣਗੇ। ਇਸ ਮੌਕੇ ਬਾਬਾ ਹਰਬੰਸ ਸਿੰਘ ਟਾਂਡੇ ਵਾਲੇ, ਪ੍ਰਭਕਰਨ ਸਿੰਘ, ਸੰਦੀਪ ਸਿੰਘ ਕੁਰਾਲਾ, ਪਰਮਜੀਤ ਸਿੰਘ ਮੂਨਕਾਂ, ਪਰਮਜੀਤ ਸਿੰਘ ਜੀਤੂ, ਬਾਬਾ ਚਰਨਜੀਤ ਸਿੰਘ ਲੱਕੀ ਤੋਂ ਇਲਾਵਾ ਹੋਰ ਸੰਗਤਾਂ ਵੀ ਹਾਜ਼ਰ ਸਨ।
