ਧਾਰਮਿਕ ਵਾਅਦਿਆਂ ਤੋਂ ਵੀ ਭੱਜਿਆ ਕੈਪਟਨ : ਹਰਸਿਮਰਤ ਬਾਦਲ

09/22/2019 9:52:38 AM

ਚੰਡੀਗੜ੍ਹ (ਅਸ਼ਵਨੀ) – ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਆਲੋਚਨਾ ਕਰਦਿਆਂ ਉਨ੍ਹਾਂ 'ਤੇ ਪਵਿੱਤਰ ਗੁਰੂ ਘਰ ਨੂੰ ਲੁੱਟਣ ਅਤੇ ਸਿੱਖ ਧਰਮ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਬੂਤ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਲੰਗਰ ਰਸਦ 'ਤੇ ਜੀ. ਐੱਸ. ਟੀ. 'ਚੋਂ ਆਪਣੀ ਹਿੱਸੇਦਾਰੀ ਮੋੜਨ ਸਬੰਧੀ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ ਦੇ ਵਤੀਰੇ ਤੋਂ ਮਿਲਦਾ ਹੈ। ਲੰਗਰ ਰਸਦ 'ਤੇ ਵਸੂਲਿਆ ਜੀ. ਐੱਸ. ਟੀ. ਮੋੜਨ ਸਬੰਧੀ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਧ ਰਹੀ ਬਕਾਇਆ ਰਾਸ਼ੀ ਬਾਰੇ ਪ੍ਰਤੀਕਰਮ ਦਿੰਦਿਆਂ ਹਰਸਿਮਰਤ ਨੇ ਕਿਹਾ ਕਿ ਸੂਬਾ ਸਰਕਾਰ ਦਾ ਵਤੀਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਬਿਲਕੁਲ ਉਲਟ ਹੈ। ਉਨ੍ਹਾਂ ਨੇ ਸਿੱਖਾਂ ਦੇ ਹਰ ਮਸਲੇ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਹੱਲ ਕੀਤਾ ਹੈ।

ਇਨ੍ਹਾਂ 'ਚ ਐੱਸ. ਜੀ. ਪੀ. ਸੀ. ਵਲੋਂ ਸੰਗਤ ਲਈ ਲੰਗਰ ਵਾਸਤੇ ਰਸਦ ਖਰੀਦਣ 'ਤੇ ਜੀ. ਐੱਸ. ਟੀ. ਵਜੋਂ ਦਿੱਤੀ ਰਾਸ਼ੀ ਨੂੰ ਵਾਪਸ ਕਰਨਾ ਸ਼ਾਮਲ ਹੈ। ਹਰਸਿਮਰਤ ਨੇ ਕਿਹਾ ਕਿ ਮਿਸਾਲ ਵਜੋਂ ਕੇਂਦਰ ਸਰਕਾਰ ਨੇ ਆਪਣੇ ਹਿੱਸੇ ਦਾ ਜੀ. ਐੱਸ. ਟੀ. ਹਮੇਸ਼ਾ ਐੱਸ. ਜੀ. ਪੀ. ਸੀ. ਨੂੰ ਵਾਪਸ ਕੀਤਾ ਹੈ ਪਰ ਅਮਰਿੰਦਰ ਸਿੰਘ ਸਰਕਾਰ ਵੱਲੋਂ ਉੱਚ-ਪੱਧਰ ਉੱਤੇ ਵਾਰ-ਵਾਰ ਜੀ. ਐੱਸ. ਟੀ. ਦੀ ਵਾਪਸੀ ਦਾ ਭਰੋਸਾ ਦੇਣ ਦੇ ਬਾਵਜੂਦ ਅਜੇ ਤੀਕ ਇਹ ਰਾਸ਼ੀ ਵਾਪਸ ਨਹੀਂ ਕੀਤੀ ਹੈ। ਇਹ ਬਕਾਇਆ ਹੁਣ 325 ਕਰੋੜ ਰੁਪਏ ਤੋਂ ਟੱਪ ਗਿਆ ਹੈ। ਇਸ ਸਬੰਧੀ ਨਵੀਂ ਦਿੱਲੀ ਅਤੇ ਚੰਡੀਗੜ੍ਹ ਤੋਂ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਲੋਕਾਂ ਦੇ ਅਧਿਕਾਰ ਖੋਹਣ ਅਤੇ ਚੋਣਾਂ ਸਮੇਂ ਉਨ੍ਹਾਂ ਨਾਲ ਕੀਤੇ ਹਰ ਵਾਅਦੇ ਤੋਂ ਮੁੱਕਰਨ ਮਗਰੋਂ ਮੁੱਖ ਮੰਤਰੀ ਹੁਣ ਗੁਰੂ ਘਰ ਨੂੰ ਵੀ ਨਹੀਂ ਬਖ਼ਸ਼ ਰਿਹਾ ਹੈ।


rajwinder kaur

Content Editor

Related News