ਹਰਭਜਨ ਸਿੰਘ ਦੀ 50 ਫੀਸਦੀ ਰਹੀ ਰਾਜ ਸਭਾ ’ਚ ਹਾਜ਼ਰੀ, ਦਾਖਲ ਕੀਤੇ 30 ਸਵਾਲ

Wednesday, Aug 10, 2022 - 04:09 PM (IST)

ਹਰਭਜਨ ਸਿੰਘ ਦੀ 50 ਫੀਸਦੀ ਰਹੀ ਰਾਜ ਸਭਾ ’ਚ ਹਾਜ਼ਰੀ, ਦਾਖਲ ਕੀਤੇ 30 ਸਵਾਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਰਾਜ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਹਾਜ਼ਰੀ 50 ਫੀਸਦੀ ਰਹੀ ਹੈ। ਹਰਭਜਨ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਜੋਂ ਚੁਣਿਆ ਸੀ ਅਤੇ ਰਾਜ ਸਭਾ ਵਿਚ ਬਤੌਰ ਮੈਂਬਰ ਪਾਰਲੀਮੈਂਟ ਉਨ੍ਹਾਂ ਦਾ ਪਹਿਲਾ ਤਜ਼ਰਬਾ ਹੈ। ਲਗਭਗ 16 ਦਿਨ ਦੀ ਕਾਰਵਾਈ ਵਿਚ ਹਰਭਜਨ ਸਿੰਘ 8 ਦਿਨ ਹਾਜ਼ਰ ਰਹੇ ਹਨ। ਵੇਰਵਿਆਂ ਮੁਤਾਬਕ ਹਰਭਜਨ ਸਿੰਘ ਨੇ ਇਸ ਇਜਲਾਸ ਦੌਰਾਨ ਰਾਜ ਸਭਾ ਵਿਚ ਕੁੱਲ 30 ਪ੍ਰਸ਼ਨ ਜਮਾਂ ਕਰਵਾਏ। ਜਿਨ੍ਹਾਂ ਵਿਚ 17 ਸਟਾਰਡ ਪ੍ਰਸ਼ਨ (ਜਿਨ੍ਹਾਂ ਦਾ ਬੋਲ ਕੇ ਜਵਾਬ ਦੇਣ ਦੀ ਉਮੀਦ ਕੀਤੀ ਜਾਂਦੀ ਹੈ) ਅਤੇ 13 ਅਨਸਟਾਰਡ ਪ੍ਰਸ਼ਨ (ਜਿਨ੍ਹਾਂ ਦੇ ਲਿਖਤੀ ਜਵਾਬ ਦੀ ਉਮੀਦ ਕੀਤੀ ਜਾਂਦੀ ਹੈ) ਸਨ। 

ਇਸ ਤੋਂ ਇਲਾਵਾ ਰਾਜ ਸਭਆ ਵਿਚ ਜ਼ੀਰੋ ਆਵਰ ਦੌਰਾਨ ਹਰਭਜਨ ਸਿੰਘ ਨੇ ਅਫਗਾਨਿਸਤਾ ਵਿਚ ਸਿੱਖਾਂ ’ਤੇ ਹੋ ਰਹੇ ਹਮਲਿਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ, ਕੀਤੀ ਇਨ੍ਹਾਂ ਹਮਲਿਆਂ ਦੀ ਨਿਖੇਧੀ ਕਰਦਿਆਂ ਆਖਿਆ ਕਿ ਹਮੇਸ਼ਾਂ ਸਿੱਖਾਂ ਨੂੰ ਹੀ ਕਿਉਂ ਟਾਰਗਿਟ ਕੀਤਾ ਜਾਂਦਾ ਹੈ। ਹਰਭਜਨ ਨੇ ਸਿਫਰ ਕਾਲ ’ਚ ਕਿਹਾ ਕਿ ਅਜਿਹੇ ਹਮਲੇ ਇਕ ਸਿੱਖ ਦੀ ਪਛਾਣ ’ਤੇ ਹਮਲਾ ਹੈ। ਇਸ ਤਰ੍ਹਾਂ ਦੇ ਹਮਲੇ ਸਾਨੂੰ ਕਈ ਸਵਾਲ ਕਰਨ ਲਈ ਮਜਬੂਰ ਕਰ ਦਿੰਦੇ ਹਨ ਕਿ ਅਜਿਹੇ ਹਮਲੇ ਸਾਡੇ ’ਤੇ ਹੀ ਕਿਉਂ? ਕਿਉਂ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਹਰਭਜਨ ਨੇ ਕਿਹਾ ਦੁਨੀਆ ਭਰ ਦੇ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਕੋਵਿਡ ਮਹਾਮਾਰੀ ਦੌਰਾਨ ਸਿੱਖਾਂ ਨੇ ਲੰਗਰ ਹੀ ਨਹੀਂ ਸਗੋਂ ਆਕਸੀਜਨ ਵੀ ਲੋਕਾਂ ਨੂੰ ਮੁਹੱਈਆ ਕਰਵਾਈ ਸੀ। ਸਿੱਖ ਹਮੇਸ਼ਾ ਅੱਗੇ ਰਿਹਾ ਹੈ। ਸਿੱਖ ਭਾਈਚਾਰਾ, ਭਾਰਤ ਅਤੇ ਹੋਰ ਦੇਸ਼ਾਂ ਵਿਚਾਲੇ ਸਬੰਧਾਂ ’ਚ ਮਜ਼ਬੂਤ ਕੜੀ ਰਿਹਾ ਹੈ ਅਤੇ ਆਪਣੇ ਸਾਹਸ ਅਤੇ ਸਖ਼ਤ ਮਿਹਨਤ ਕਰ ਕੇ ਜਾਣੇ ਜਾਂਦੇ ਹਨ। ਇਹ ਸਭ ਹੋਣ ਦੇ ਬਾਵਜੂਦ ਸਾਡੇ ਨਾਲ ਅਜਿਹਾ ਸਲੂਕ ਕਿਉਂ?

 


author

Gurminder Singh

Content Editor

Related News