ਤਿੰਨ ਦਿਨਾਂ ’ਚ ਦੂਜੀ ਵਾਰ ਰੱਦ ਹੋਈ ਹਲਵਾਰਾ-ਦਿੱਲੀ ਉਡਾਣ, 110 ਤੋਂ ਵੱਧ ਮੁਸਾਫ਼ਰ ਹੋਏ ਖੱਜਲ-ਖੁਆਰ
Wednesday, Sep 09, 2026 - 06:20 PM (IST)
ਹਲਵਾਰਾ (ਲਾਡੀ ਸਿੱਧੂ): ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਦਾ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਬੁੱਧਵਾਰ ਸਵੇਰੇ ਏਅਰ ਇੰਡੀਆ ਦੀ ਦਿੱਲੀ-ਹਲਵਾਰਾ-ਦਿੱਲੀ ਸੇਵਾ ਇਕ ਵਾਰ ਫਿਰ ਪ੍ਰਭਾਵਿਤ ਹੋ ਗਈ ਅਤੇ ਤਿੰਨ ਦਿਨਾਂ ਦੇ ਅੰਦਰ ਦੂਜੀ ਵਾਰ ਸਵੇਰ ਦੀ ਉਡਾਣ ਰੱਦ ਹੋਣ ਕਾਰਨ 110 ਤੋਂ ਵੱਧ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਏ.ਆਈ.-481 ਹਲਵਾਰਾ ਹਵਾਈ ਅੱਡੇ ’ਤੇ ਨਹੀਂ ਪੁੱਜੀ। ਇਸੇ ਜਹਾਜ਼ ਨੇ ਹਲਵਾਰਾ ਤੋਂ ਦਿੱਲੀ ਲਈ ਏ.ਆਈ.-482 ਬਣ ਕੇ ਵਾਪਸ ਰਵਾਨਾ ਹੋਣਾ ਸੀ ਪਰ ਜਹਾਜ਼ ਦੇ ਨਾ ਆਉਣ ਕਾਰਨ ਇਹ ਉਡਾਣ ਵੀ ਰੱਦ ਕਰਨੀ ਪਈ। ਏਅਰ ਇੰਡੀਆ ਦੀ ਮੂਲ ਸਮਾਂ-ਸਾਰਣੀ ਅਨੁਸਾਰ ਏ.ਆਈ.-481 ਦਿੱਲੀ ਤੋਂ ਹਲਵਾਰਾ ਅਤੇ ਏ.ਆਈ.-482 ਹਲਵਾਰਾ ਤੋਂ ਦਿੱਲੀ ਦੀ ਰੋਜ਼ਾਨਾ ਸੇਵਾ ਲਈ ਨਿਰਧਾਰਤ ਹਨ।
ਸਵੇਰੇ ਆਪਣੀ ਉਡਾਣ ਫੜਨ ਲਈ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਹਵਾਈ ਅੱਡੇ ’ਤੇ ਪਹੁੰਚ ਚੁੱਕੇ ਯਾਤਰੀਆਂ ਨੂੰ ਜਦੋਂ ਉਡਾਣ ਰੱਦ ਹੋਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਵਿੱਚ ਹਫੜਾ-ਦਫੜੀ ਮਚ ਗਈ। ਕਈ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਵਿੱਚ ਕਾਰੋਬਾਰੀ ਮੀਟਿੰਗਾਂ, ਦਫ਼ਤਰੀ ਕੰਮਾਂ ਅਤੇ ਹੋਰ ਜ਼ਰੂਰੀ ਕਾਰਜਾਂ ਲਈ ਜਾਣਾ ਸੀ, ਪਰ ਅਚਾਨਕ ਉਡਾਣ ਰੱਦ ਹੋਣ ਨਾਲ ਉਨ੍ਹਾਂ ਦੀ ਪੂਰੀ ਯਾਤਰਾ ਯੋਜਨਾ ਵਿਗੜ ਗਈ।
ਟੈਕਸੀ ਵਾਲਿਆਂ ਨੇ ਮੰਗੇ 11 ਹਜ਼ਾਰ ਤੱਕ
ਉਡਾਣ ਰੱਦ ਹੋਣ ਤੋਂ ਬਾਅਦ ਜਿਨ੍ਹਾਂ ਯਾਤਰੀਆਂ ਲਈ ਦਿੱਲੀ ਪਹੁੰਚਣਾ ਲਾਜ਼ਮੀ ਸੀ, ਉਨ੍ਹਾਂ ਨੇ ਸੜਕ ਰਸਤੇ ਜਾਣ ਲਈ ਟੈਕਸੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਯਾਤਰੀਆਂ ਅਨੁਸਾਰ ਹਲਵਾਰਾ ਤੋਂ ਦਿੱਲੀ ਜਾਣ ਲਈ ਕੁਝ ਟੈਕਸੀ ਚਾਲਕਾਂ ਵੱਲੋਂ ਕਰੀਬ 11 ਹਜ਼ਾਰ ਰੁਪਏ ਤੱਕ ਕਿਰਾਇਆ ਮੰਗਿਆ ਗਿਆ। ਹਵਾਈ ਟਿਕਟ ਖਰੀਦਣ ਤੋਂ ਬਾਅਦ ਅਚਾਨਕ ਇੰਨਾ ਵਾਧੂ ਖਰਚਾ ਕਰਨਾ ਹਰ ਯਾਤਰੀ ਲਈ ਸੰਭਵ ਨਹੀਂ ਸੀ। ਕੁਝ ਯਾਤਰੀ ਮਹਿੰਗੀ ਟੈਕਸੀ ਲੈ ਕੇ ਦਿੱਲੀ ਲਈ ਰਵਾਨਾ ਹੋ ਗਏ, ਜਦਕਿ ਕਈਆਂ ਨੇ ਆਪਣੀ ਯਾਤਰਾ ਮੁਲਤਵੀ ਕਰ ਦਿੱਤੀ। ਕੁਝ ਮੁਸਾਫ਼ਰਾਂ ਨੂੰ ਤਾਂ ਮਜਬੂਰੀਵੱਸ ਘਰ ਵਾਪਸ ਪਰਤਣਾ ਪਿਆ।
ਕਿਸੇ ਨੇ ਦੁਪਹਿਰ ਦੀ ਉਡਾਣ ਫੜੀ, ਕੋਈ ਘਰ ਮੁੜਿਆ
ਸਵੇਰ ਦੀ ਉਡਾਣ ਰੱਦ ਹੋਣ ਤੋਂ ਬਾਅਦ ਕੁਝ ਯਾਤਰੀਆਂ ਨੇ ਦੁਪਹਿਰ ਵਾਲੀ ਏ.ਆਈ.-484 ਉਡਾਣ ਵਿੱਚ ਸੀਟ ਲੈਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੂੰ ਸੀਟ ਮਿਲੀ, ਉਹ ਅਗਲੀ ਉਡਾਣ ਦੀ ਉਡੀਕ ਵਿੱਚ ਹਵਾਈ ਅੱਡੇ ਦੇ ਵੈਟਿੰਗ ਹਾਲ ਵਿੱਚ ਬੈਠੇ ਰਹੇ। ਕਈ ਯਾਤਰੀਆਂ ਨੇ ਆਪਣੀਆਂ ਟਿਕਟਾਂ ਦੀਆਂ ਤਰੀਕਾਂ ਬਦਲਵਾਉਣ ਦੀ ਕੋਸ਼ਿਸ਼ ਕੀਤੀ।
ਮੁਸਾਫ਼ਰਾਂ ਦਾ ਕਹਿਣਾ ਸੀ ਕਿ ਉਡਾਣ ਰੱਦ ਹੋਣ ਤੋਂ ਵੀ ਵੱਡੀ ਸਮੱਸਿਆ ਇਹ ਰਹੀ ਕਿ ਅਚਾਨਕ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਸਮੇਂ ਸਿਰ ਅਤੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਯਾਤਰੀਆਂ ਨੇ ਸਵਾਲ ਕੀਤਾ ਕਿ ਜੇਕਰ ਜਹਾਜ਼ ਵਿੱਚ ਤਕਨੀਕੀ ਜਾਂ ਸੰਚਾਲਨ ਸਬੰਧੀ ਸਮੱਸਿਆ ਸੀ ਤਾਂ ਇਸ ਬਾਰੇ ਯਾਤਰੀਆਂ ਨੂੰ ਪਹਿਲਾਂ ਸੂਚਿਤ ਕਿਉਂ ਨਹੀਂ ਕੀਤਾ ਗਿਆ।
ਇੱਕੋ ਜਹਾਜ਼ ਦੇ ਰੋਟੇਸ਼ਨ ’ਤੇ ਨਿਰਭਰ ਹੈ ਸਵੇਰ ਦੀ ਸੇਵਾ
ਦਿੱਲੀ-ਹਲਵਾਰਾ ਸੇਵਾ ਦੀ ਮੌਜੂਦਾ ਵਿਵਸਥਾ ਵਿੱਚ ਦਿੱਲੀ ਤੋਂ ਆਉਣ ਵਾਲਾ ਜਹਾਜ਼ ਹੀ ਹਲਵਾਰਾ ਤੋਂ ਦਿੱਲੀ ਲਈ ਵਾਪਸੀ ਦੀ ਉਡਾਣ ਭਰਦਾ ਹੈ। ਇਸ ਲਈ ਦਿੱਲੀ ਤੋਂ ਆਉਣ ਵਾਲੀ ਏ.ਆਈ.-481 ਵਿੱਚ ਕਿਸੇ ਕਾਰਨ ਵਿਘਨ ਪੈਣ ’ਤੇ ਹਲਵਾਰਾ ਤੋਂ ਦਿੱਲੀ ਜਾਣ ਵਾਲੀ ਏ.ਆਈ.-482 ਵੀ ਸਿੱਧੇ ਤੌਰ ’ਤੇ ਪ੍ਰਭਾਵਿਤ ਹੋ ਜਾਂਦੀ ਹੈ।
ਇਹੀ ਸਥਿਤੀ ਬੁੱਧਵਾਰ ਨੂੰ ਵੀ ਬਣੀ, ਜਦੋਂ ਏ.ਆਈ.-481 ਹਲਵਾਰਾ ਨਾ ਪੁੱਜਣ ਕਾਰਨ ਏ.ਆਈ.-482 ਨੂੰ ਵੀ ਰੱਦ ਕਰਨਾ ਪਿਆ। ਇਸ ਤਰ੍ਹਾਂ ਇੱਕ ਪਾਸੇ ਦੀ ਸਮੱਸਿਆ ਦਾ ਸਿੱਧਾ ਅਸਰ ਦੂਜੇ ਪਾਸੇ ਦੇ ਸੈਂਕੜੇ ਯਾਤਰੀਆਂ ’ਤੇ ਪਿਆ।
7 ਸਤੰਬਰ ਨੂੰ ਵੀ ਰੱਦ ਹੋ ਚੁੱਕੀ ਹੈ ਉਡਾਣ
ਇਸ ਤੋਂ ਪਹਿਲਾਂ 7 ਸਤੰਬਰ ਨੂੰ ਵੀ ਦਿੱਲੀ-ਹਲਵਾਰਾ ਏਅਰ ਇੰਡੀਆ ਸੇਵਾ ਰੱਦ ਹੋਈ ਸੀ। ਉਸ ਸਮੇਂ ਏਅਰ ਇੰਡੀਆ ਵੱਲੋਂ ਉਡਾਣ ਰੱਦ ਕਰਨ ਲਈ ‘ਆਪਰੇਸ਼ਨਲ ਕਾਰਨਾਂ’ ਦਾ ਹਵਾਲਾ ਦਿੱਤਾ ਗਿਆ ਸੀ, ਜਦਕਿ ਯਾਤਰੀਆਂ ਨੂੰ ਵੀ ਕਾਫ਼ੀ ਪਰੇਸ਼ਾਨੀ ਝੱਲਣੀ ਪਈ ਸੀ। ਰਿਪੋਰਟਾਂ ਅਨੁਸਾਰ ਉਸ ਦਿਨ ਹਲਵਾਰਾ ਤੋਂ ਦਿੱਲੀ ਜਾਣ ਲਈ ਪਹੁੰਚੇ ਲਗਭਗ 60 ਯਾਤਰੀਆਂ ਨੂੰ ਬਿਨਾਂ ਸਫ਼ਰ ਕੀਤੇ ਵਾਪਸ ਪਰਤਣਾ ਪਿਆ ਸੀ। ਹੁਣ ਸਿਰਫ਼ ਦੋ ਦਿਨਾਂ ਬਾਅਦ ਮੁੜ ਸਵੇਰ ਦੀ ਸੇਵਾ ਰੱਦ ਹੋਣ ਕਾਰਨ ਨਿਯਮਤ ਯਾਤਰੀਆਂ ਵਿੱਚ ਰੋਸ ਵਧ ਰਿਹਾ ਹੈ। ਪਹਿਲਾਂ ਵੀ ਤਕਨੀਕੀ ਅਤੇ ਹੋਰ ਸੰਚਾਲਨ ਸਬੰਧੀ ਕਾਰਨਾਂ ਕਰਕੇ ਇਸ ਰੂਟ ’ਤੇ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ।
ਤਕਨੀਕੀ ਖ਼ਰਾਬੀ ਦੀ ਗੱਲ, ਪਰ ਅਧਿਕਾਰਤ ਕਾਰਨ ਸਪੱਸ਼ਟ ਨਹੀਂ
ਬੁੱਧਵਾਰ ਦੀ ਉਡਾਣ ਰੱਦ ਹੋਣ ਦੇ ਕਾਰਨ ਬਾਰੇ ਹਵਾਈ ਅੱਡਾ ਪ੍ਰਬੰਧਨ ਜਾਂ ਏਅਰ ਇੰਡੀਆ ਵੱਲੋਂ ਵਿਸਥਾਰਤ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲਾਂਕਿ ਸਥਾਨਕ ਪੱਧਰ ’ਤੇ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਹਲਵਾਰਾ ਆਉਣ ਵਾਲੇ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਉਸ ਦੀ ਮੁਰੰਮਤ ਦਿੱਲੀ ਵਿੱਚ ਕੀਤੀ ਜਾ ਰਹੀ ਸੀ, ਜਿਸ ਕਾਰਨ ਜਹਾਜ਼ ਹਲਵਾਰਾ ਨਹੀਂ ਆ ਸਕਿਆ। ਇਸ ਦਾਅਵੇ ਦੀ ਏਅਰ ਇੰਡੀਆ ਵੱਲੋਂ ਸੁਤੰਤਰ ਤੌਰ ’ਤੇ ਪੁਸ਼ਟੀ ਕੀਤੀ ਜਾਣੀ ਬਾਕੀ ਹੈ।
10 ਸਤੰਬਰ ਤੋਂ ਬਦਲੇਗਾ ਦੁਪਹਿਰ ਦੀ ਉਡਾਣ ਦਾ ਸਮਾਂ
ਇਸ ਦੌਰਾਨ ਹਲਵਾਰਾ-ਦਿੱਲੀ ਹਵਾਈ ਸੇਵਾ ਦੇ ਯਾਤਰੀਆਂ ਲਈ 10 ਸਤੰਬਰ ਤੋਂ ਦੁਪਹਿਰ ਵਾਲੀ ਉਡਾਣ ਦੇ ਸਮੇਂ ਵਿੱਚ ਵੀ ਤਬਦੀਲੀ ਹੋਣ ਜਾ ਰਹੀ ਹੈ। ਸੋਧੀ ਸਮਾਂ-ਸਾਰਣੀ ਅਨੁਸਾਰ ਦਿੱਲੀ ਤੋਂ ਆਉਣ ਵਾਲੀ ਦੁਪਹਿਰ ਦੀ ਉਡਾਣ ਹੁਣ 3:35 ਵਜੇ ਹਲਵਾਰਾ ਪੁੱਜੇਗੀ ਅਤੇ 4:05 ਵਜੇ ਹਲਵਾਰਾ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਸਵੇਰ ਦੀ ਉਡਾਣ ਦੇ ਸਮੇਂ ਵਿੱਚ ਫਿਲਹਾਲ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਤਬਦੀਲੀ ਨਿਯਮਤ ਯਾਤਰੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਪਹਿਲਾਂ ਦੁਪਹਿਰ ਦੀ ਹਲਵਾਰਾ-ਦਿੱਲੀ ਉਡਾਣ 2:40 ਵਜੇ ਰਵਾਨਾ ਹੁੰਦੀ ਸੀ।
15 ਮਈ ਨੂੰ ਸ਼ੁਰੂ ਹੋਈ ਸੀ ਸੇਵਾ
ਹਲਵਾਰਾ ਹਵਾਈ ਅੱਡੇ ਤੋਂ ਏਅਰ ਇੰਡੀਆ ਨੇ 15 ਮਈ 2026 ਨੂੰ ਦਿੱਲੀ ਲਈ ਆਪਣੀ ਨਿਯਮਤ ਹਵਾਈ ਸੇਵਾ ਸ਼ੁਰੂ ਕੀਤੀ ਸੀ। ਏਅਰ ਇੰਡੀਆ ਨੇ ਉਸ ਸਮੇਂ ਦਿੱਲੀ-ਹਲਵਾਰਾ ਵਿਚਕਾਰ ਰੋਜ਼ਾਨਾ ਦੋ ਜੋੜੀਆਂ, ਯਾਨੀ ਕੁੱਲ ਚਾਰ ਉਡਾਣਾਂ ਚਲਾਉਣ ਦਾ ਐਲਾਨ ਕੀਤਾ ਸੀ। ਕੰਪਨੀ ਮੁਤਾਬਕ ਦਿੱਲੀ ਰਾਹੀਂ ਯਾਤਰੀਆਂ ਨੂੰ ਲੰਡਨ, ਪੈਰਿਸ, ਮਿਲਾਨ, ਰੋਮ ਅਤੇ ਬਰਮਿੰਘਮ ਸਮੇਤ ਕਈ ਅੰਤਰਰਾਸ਼ਟਰੀ ਮੰਜ਼ਿਲਾਂ ਨਾਲ ਕਨੈਕਟੀਵਿਟੀ ਦੇਣ ਦਾ ਉਦੇਸ਼ ਵੀ ਸੀ। ਹਲਵਾਰਾ ਤੋਂ ਹਵਾਈ ਸੇਵਾ ਸ਼ੁਰੂ ਹੋਣ ਨਾਲ ਲੁਧਿਆਣਾ ਅਤੇ ਆਸ-ਪਾਸ ਦੇ ਉਦਯੋਗਿਕ ਤੇ ਵਪਾਰਕ ਖੇਤਰਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਜਾਗੀ ਸੀ। ਪਰ ਵਾਰ-ਵਾਰ ਉਡਾਣਾਂ ਰੱਦ ਹੋਣ, ਤਕਨੀਕੀ ਸਮੱਸਿਆਵਾਂ, ਯਾਤਰੀਆਂ ਨੂੰ ਸਮੇਂ ਸਿਰ ਜਾਣਕਾਰੀ ਨਾ ਮਿਲਣ ਅਤੇ ਵਿਕਲਪਿਕ ਸਫ਼ਰ ਦੇ ਵਧਦੇ ਖਰਚੇ ਨੇ ਇਸ ਸੇਵਾ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਯਾਤਰੀਆਂ ਦੀ ਮੰਗ—ਉਡਾਣ ਰੱਦ ਹੋਵੇ ਤਾਂ ਬਦਲਵੇਂ ਪ੍ਰਬੰਧ ਯਕੀਨੀ ਬਣਾਏ ਏਅਰਲਾਈਨ
ਨਿਯਮਤ ਯਾਤਰੀਆਂ ਦਾ ਕਹਿਣਾ ਹੈ ਕਿ ਹਵਾਈ ਸੇਵਾ ਵਿੱਚ ਤਕਨੀਕੀ ਜਾਂ ਸੰਚਾਲਨ ਸਬੰਧੀ ਸਮੱਸਿਆ ਕਿਸੇ ਵੀ ਸਮੇਂ ਆ ਸਕਦੀ ਹੈ, ਪਰ ਅਜਿਹੇ ਹਾਲਾਤਾਂ ਵਿੱਚ ਏਅਰਲਾਈਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਯਾਤਰੀਆਂ ਨੂੰ ਸਮੇਂ ਸਿਰ ਜਾਣਕਾਰੀ ਦਿੱਤੀ ਜਾਵੇ ਅਤੇ ਸੰਭਵ ਹੱਦ ਤੱਕ ਵਿਕਲਪਿਕ ਯਾਤਰਾ ਦੀ ਵਿਵਸਥਾ ਕੀਤੀ ਜਾਵੇ।
ਯਾਤਰੀਆਂ ਨੇ ਮੰਗ ਕੀਤੀ ਹੈ ਕਿ ਹਲਵਾਰਾ-ਦਿੱਲੀ ਸੇਵਾ ਨੂੰ ਵਧੇਰੇ ਭਰੋਸੇਯੋਗ ਬਣਾਇਆ ਜਾਵੇ ਅਤੇ ਜੇਕਰ ਇੱਕ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਆਉਂਦੀ ਹੈ ਤਾਂ ਪੂਰੀ ਸੇਵਾ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਬਦਲਵੇਂ ਜਹਾਜ਼ ਜਾਂ ਹੋਰ ਤੁਰੰਤ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਹਲਵਾਰਾ ਹਵਾਈ ਅੱਡੇ ਨੂੰ ਖੇਤਰ ਦੀ ਕਨੈਕਟੀਵਿਟੀ ਦਾ ਵੱਡਾ ਕੇਂਦਰ ਬਣਾਉਣ ਲਈ ਸਿਰਫ਼ ਉਡਾਣਾਂ ਸ਼ੁਰੂ ਕਰਨਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦਾ ਨਿਯਮਤ ਅਤੇ ਭਰੋਸੇਯੋਗ ਸੰਚਾਲਨ ਵੀ ਯਕੀਨੀ ਬਣਾਉਣਾ ਜ਼ਰੂਰੀ ਹੈ।
