ਪੋਹ ਦੀਆਂ ਯਖ਼ ਰਾਤਾਂ ਦੀ ਦਾਸਤਾਨ ਹੈ 'ਮਾਛੀਵਾੜਾ ਦੀ ਸਿੰਘ ਸਭਾ'

Saturday, Dec 23, 2023 - 07:48 PM (IST)

ਪੋਹ ਦੀਆਂ ਯਖ਼ ਰਾਤਾਂ ਦੀ ਦਾਸਤਾਨ ਹੈ 'ਮਾਛੀਵਾੜਾ ਦੀ ਸਿੰਘ ਸਭਾ'

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਹਾਲ ਪੰਜਾਬ ਦੀ ਸਮੁੱਚੀ ਧਰਤੀ ਆਪਣੇ ਅੰਦਰ ਸਮੋਈ ਬੈਠੀ ਹੈ ਪਰ ਮਾਛੀਵਾੜਾ ਦੀ ਧਰਤੀ ਹਿੱਕ ਵਿਚ ਪੋਹ ਦੀਆਂ ਤਿੰਨ ਰਾਤਾਂ ਦੀ ‘ਮਾਣਮੱਤੀ-ਪੀੜ’ ਸਾਂਭੀ ਪਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਵਿਖੇ ਕੁਝ ਲਾਡਲਿਆਂ ਨੂੰ ਪੰਥ ਤੋਂ ਵਾਰ ਕੇ ਅਤੇ ਕੁਝ ਨੂੰ ਜੂਝਦਾ ਛੱਡ, ਪੰਥ ਦਾ ਹੁਕਮ ਮਨ ਤਾੜੀ ਮਾਰ ਕੇ ਨਿਕਲ ਤੁਰੇ। ਜੰਗਲ ਵਿਚੋਂ ਹੁੰਦੇ ਹੋਏ ਲਾਲਚੀ ਗੁੱਜਰ ਨੂੰ ਸੋਧ, ਬਹਿਲੋਲਪੁਰ ਦੇ ਮਸੰਦ ਪੂਰਨ ਦੀ ਨਮਕ-ਹਰਾਮੀ ਤੇ ਉਸਦੇ ਨੌਕਰ ਜਿਊਣੇ ਦੀ ਵਫ਼ਾਦਾਰੀ ਪਰਖਦੇ ਹੋਏ ਇਕ ਝਾਡ਼ ਹੇਠ ਵਿਸ਼ਰਾਮ ਕਰਨ ਲੱਗੇ, ਫੇਰ ਸਾਧੂ ਦੀਆਂ ਮੁਰਾਦਾਂ ਪੂਰੀਆਂ ਕਰਦੇ ਮਾਛੀਵਾੜਾ ਵੱਲ ਨੂੰ ਤੁਰ ਪਏ।

ਝਾੜ ਸਾਹਿਬ ਤੋਂ ਚੱਲਦਿਆਂ ਮਾਛੀਵਾੜਾ ਤਕ ਪਹੁੰਚਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰੀਂ ਫਟੇ ਬਸਤਰਾਂ ਵਿਚ ਕੰਡਿਆਲੇ ਅਤੇ ਬਖ਼ਮ ਰਸਤੇ ਤੋਂ ਹੁੰਦੇ ਹੋਏ ਇੱਥੋਂ ਦੇ ਜੰਗਲਾਂ ਵਿਚ ਪੁੱਜੇ। ਗੁਰੂ ਸਾਹਿਬ ਨੇ ਮਾਛੀਵਾੜਾ ਸਾਹਿਬ ਪੁੱਜ ਕੇ ਪਹਿਲਾਂ ਖੂਹ ’ਚੋਂ ਪਾਣੀ ਕੱਢ ਕੇ ਪੀਤਾ ਅਤੇ ਲੱਗਭਗ 70 ਗਜ ਦੀ ਦੂਰੀ ’ਤੇ ਸਥਿਤ ਜੰਡ ਦੇ ਰੁੱਖ ਹੇਠਾਂ ਟਿੰਡ ਦਾ ਸਿਰਹਾਣਾ ਬਣਾ ਕੇ ਹੱਥ ਵਿਚ ਨੰਗੀ ਸ਼ਮਸ਼ੀਰ ਫੜੀ ਦੋ ਜਹਾਨ ਦੇ ਵਾਲੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਅਰਾਮ ਕੀਤਾ। ਪਾਤਸ਼ਾਹ ਜੀ ਦੇ ਕੋਮਲ ਚਰਨਾਂ ’ਚੋਂ ਖੂਨ ਨਿਕਲ ਰਿਹਾ ਸੀ ਅਤੇ ਬਸਤਰ ਵੀ ਫਟੇ ਹੋਏ ਸਨ। ਲਖਤ-ਏ-ਜਿਗਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਸਨ। ਜਾਨ ਤੋਂ ਪਿਆਰੇ ਸਿੰਘ ਵਿੱਛੜ ਚੁੱਕੇ ਸਨ ਅਤੇ ਅਜਿਹੇ ਸਮੇਂ ਗੁਰੂ ਸਾਹਿਬ ਜੀ ਨੇ ਸ੍ਰੀ ਅਕਾਲ ਪੁਰਖ ਜੀ ਨੂੰ ਕੋਈ ਮਿਹਣਾ ਜਾਂ ਰੋਸ ਨਹੀਂ ਸਗੋਂ ਸ਼ਬਦ ਉਚਾਰਿਆ :

‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਣਾ॥
ਸੂਲ ਸੁਰਾਹੀ ਖਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਣਾ॥
ਯਾਰਡੇ ਦਾ ਸਾਨੂੰ ਸਥਰੁ ਚੰਗਾ ਭੰਠ ਖੇਡਿਆਂ ਦਾ ਰਹਣਾ॥

ਇੱਥੇ ਜਦੋਂ ਇਸ ਧਰਤੀ ਨੇ ਸ੍ਰੀ ਅਨੰਦਪੁਰ ਵਾਸੀ ਸ਼ਹਿਨਸ਼ਾਹ ਨੂੰ ਇੰਝ ਲਹੂ-ਲੁਹਾਨ ਤੱਕਿਆ ਅਤੇ ਤੱਕਿਆ ਕਿ ਹੇਠ ਘੋਡ਼ਾ ਨਹੀਂ, ਪੈਰੀਂ ਜੋੜਾ ਨਹੀਂ, ਸਿਰ ਤਾਜ ਨਹੀਂ, ਹੱਥੀ ਬਾਜ ਨਹੀਂ, ਪੈਰ ਛਾਲੇ-ਛਾਲੇ, ਸਰਕੰਡਿਆਂ ਨਾਲ ਪੱਛਿਆ ਬਦਨ ਤੇ ਇਹ ਕੰਬਣੀ ਨਗਰ ਅੰਦਰ ਸੁੱਤੇ ਗੁਰੂ ਦੇ ਸ਼ਰਧਾਲੂਆਂ ਤਕ ਪੁੱਜੀ ਤਾਂ ਉਨ੍ਹਾਂ ਨੂੰ ਅੱਚਵੀਂ ਲੱਗ ਗਈ। ਉਸ ਰਾਤ ਗੁਲਾਬੇ ਖੱਤਰੀ ਨੂੰ ਨੀਂਦ ਨਹੀਂ ਸੀ ਆ ਰਹੀ। ਇਸੇ ਦੌਰਾਨ ਚਮਕੌਰ ਦੇ ਘੇਰੇ ’ਚੋਂ ਨਿਕਲ ਕੇ ਦੋ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਇਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਦੇ ਹੁਕਮ ਮੁਤਾਬਿਕ ਤਾਰੇ ਦੀ ਸੇਧ ਵੱਲ ਚੱਲਦਿਆਂ ਗੁਰੂ ਸਾਹਿਬ ਜੀ ਨੂੰ ਆ ਮਿਲੇ ਅਤੇ ਇਹ ਸਮਾਂ ਪਹੁ-ਫੁਟਾਲੇ ਦਾ ਸੀ।

ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਪਾਣੀ ਨਾਲ ਇਸ਼ਨਾਨ ਕੀਤਾ ਅਤੇ ਨਿਤਨੇਮ ਕਰਨ ਲੱਗ ਪਏ। ਇਸੇ ਦੌਰਾਨ ਇਕ ਬਾਗ ਦਾ ਰਾਖ਼ਾ ਮਾਹੀ ਉਦਰ ਇਨ੍ਹਾਂ ਜੰਗਲਾਂ ’ਚੋਂ ਨਿਕਲਿਆ ਅਤੇ ਜਦੋਂ ਉਸ ਨੇ ਗੁਰੂ ਜੀ ਅਤੇ ਸਿੱਖਾਂ ਨੂੰ ਉਥੇ ਬੈਠਿਆਂ ਦੇਖਿਆ ਤਾਂ ਬਾਗ ਦੇ ਮਾਲਕ ਭਾਈ ਗੁਲਾਬੇ ਤੇ ਭਾਈ ਪੰਜਾਬੇ ਨੂੰ ਆ ਦੱਸਿਆ। ਆਪਣੇ ਗੁਰੂ ਜੀ ਦੀ ਆਮਦ ਸੁਣ ਕੇ ਬਾਗ਼ ’ਚ ਪੁੱਜੇ ਗੁਲਾਬੇ ਖੱਤਰੀ ਨੂੰ ਜਿੱਥੇ ਉਸ ਤੇਜੱਸਵੀ ਪੁਰਸ਼ ਦੇ ਦਰਸ਼ਨ ਕਰ ਕੇ ਅੰਤਾਂ ਦੀ ਖੁਸ਼ੀ ਹੋਈ, ਉਥੇ ਹੀ ਉਨ੍ਹਾਂ ਨੂੰ ਹਾਲੋ-ਬੇਹਾਲ ਵੇਖ ਕੇ ਧੁਰ ਅੰਦਰ ਤਕ ਕੰਬ ਵੀ ਗਿਆ। ਉਹ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਸਤਿਕਾਰ ਸਹਿਤ ਲੈ ਆਏ।

ਮਾਛੀਵਾੜਾ ਦੀ ਧਰਤੀ ਦੀ ਪੋਹ ਦੀਆਂ ਤਿੰਨ ਰਾਤਾਂ ਦੀ ਹੱਡੀ-ਹੰਢਾਈ ਦਾਸਤਾਨ ਤੇ ਗੁਰੂ ਜੀ ਦੀ ਪਵਿੱਤਰ ਯਾਦ ’ਚ 8, 9 ਤੇ 10 ਪੋਹ (23, 24 ਤੇ 25 ਦਸੰਬਰ ਇਸ ਵਾਰ) ਨੂੰ ਸਿੰਘ ਸਭਾ ਮਨਾਈ ਜਾਂਦੀ ਹੈ, ਜਿਥੇ ਇਲਾਕੇ ਦੇ ਲੋਕਾਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਆਈ ਸੰਗਤ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦੀ ਹੈ ਅਤੇ ਦਸਮ ਪਿਤਾ ਦੀ ਇਸ ਚਰਨ ਛੋਹ ਪ੍ਰਾਪਤ ਧਰਤੀ ਨੂੰ ਸਿਜਦਾ ਕਰਦੇ ਹਨ। ਗੁਰੂ ਸਾਹਿਬ ਨੇ ਜਿੱਥੇ ਬਾਗ ’ਚ ਆਸਣ ਲਾਇਆ ਸੀ, ਉਥੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਸੁਸ਼ੋਭਿਤ ਹੈ ਅਤੇ ਇੱਥੇ ਹੀ ਉਹ ਜੰਡ ਵੀ ਮੌਜੂਦ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਟਿੰਡ ਦਾ ਸਿਰਹਾਣਾ ਲਾ ਕੇ ਮਾਛੀਵਾਡ਼ਾ ਦੀ ਧਰਤੀ ’ਤੇ ਵਿਸ਼ਰਾਮ ਕਰ ਕੇ ਇਸ ਨੂੰ ਭਾਗ ਲਾਏ ਅਤੇ ਉਹ ਖੂਹ ਵੀ ਮੌਜੂਦ ਹੈ, ਜਿੱਥੇ ਗੁਰੂ ਸਾਹਿਬ ਜੀ ਨੇ ਜਲ ਛਕਿਆ ਤੇ ਇਸ ਦੇ ਪਾਣੀ ਨਾਲ ਇਸ਼ਨਾਨ ਕੀਤਾ।


ਸੰਗਤਾਂ ਸਾਦੇ ਢੰਗ ਨਾਲ ਸ਼ਹੀਦੀ ਪੰਦਰਵਾੜੇ ਮਨਾਉਣ : ਮੈਨੇਜਰ ਗੁਰਬਖ਼ਸ
ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਬਖ਼ਸ ਸਿੰਘ ਨੇ ਦੱਸਿਆ ਕਿ ਬੇਸ਼ੱਕ ਮਾਛੀਵਾੜਾ ਦੀ ਇਸ ਪਵਿੱਤਰ ਧਰਤੀ ’ਤੇ ਗੁਰੂ ਸਾਹਿਬ ਤੇ ਮੁਗਲਾਂ ਦੇ ਟਕਰਾਅ ਦੌਰਾਨ ਕੋਈ ਸ਼ਹਾਦਤ ਨਹੀਂ ਹੋਈ ਅਤੇ ਇੱਥੋਂ ਦੇ ਲੋਕਾਂ ਨੇ ਉਸ ਸਮੇਂ ਗੁਰੂ ਸਾਹਿਬ ਦਾ ਸਤਿਕਾਰ ਕੀਤਾ ਅਤੇ ਸੇਵਾ ਸੰਭਾਲ ਕੀਤੀ, ਜਿਸ ਕਾਰਨ ਇਹ ਧਰਤੀ ਵਡਭਾਗੀ ਬਣੀ ਪਰ ਇਨ੍ਹਾਂ ਦਿਨਾਂ ਦੌਰਾਨ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਕਾਰਨ ਮਾਛੀਵਾੜਾ ਸਾਹਿਬ ਸਿੰਘ ਸਭਾ ’ਤੇ ਆਉਂਦੀ ਸੰਗਤ ਵੀ ਇਨ੍ਹਾਂ ਦਿਹਾੜਿਆਂ ਨੂੰ ਸਾਦੇ ਢੰਗ ਨਾਲ ਮਨਾਏ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕਰੇ।


author

sunita

Content Editor

Related News