ਗੁਰੂ ਨਾਨਕ ਸਦਭਾਵਨਾ ਜਥੇ ਦੇ 280 ਸ਼ਰਧਾਲੂਆਂ ਕੀਤੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ

02/05/2020 11:51:43 PM

ਡੇਰਾ ਬਾਬਾ ਨਾਨਕ, (ਵਤਨ)- ਡੇਰਾ ਬਾਬਾ ਨਾਨਕ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬਣੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰੂ ਨਾਨਕ ਸਦਭਾਵਨਾ ਦਲ ਦੇ ਜਥੇ ਦੇ 280 ਸ਼ਰਧਾਲੂਆਂ ਨੇ ਪਾਕਿਸਤਾਨ ਸਥਿਤ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ। ਉਂਝ ਇਸ ਜਥੇ ਵੱਲੋਂ ਗੁ. ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬੂਟੇ ਲਾਉਣ ਦਾ ਪ੍ਰੋਗਰਾਮ ਸੀ ਪਰ ਪਾਕਿਸਤਾਨ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਗੁਰਦੁਆਰਾ ਕੰਪਲੈਕਸ ਵਿਚ ਇਹ ਬੂਟੇ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਸਬੰਧੀ ਗੁਰੂ ਨਾਨਕ ਸੰਭਾਵਨਾ ਯਾਤਰਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ 21 ਜੂਨ 2019 ਨੂੰ ਗੁਰੂ ਨਾਨਕ ਸਦਭਾਵਨਾ ਯਾਤਰਾ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ’ਚ ਬੂਟਾ ਲਾਉਣ ਤੋਂ ਬਾਅਦ ਸ਼੍ਰੋਮਣੀ ਗਤਕਾ ਫੈੱਡਰੇਸ਼ਨ ਆਫ਼ ਇੰਡੀਆ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਗਈਆਂ ਚਾਰ ਉਦਾਸੀਆਂ ਵਾਲੇ ਮਾਰਗ, ਬਿਰਾਜਮਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ’ਤੇ ਇਤਿਹਾਸਕ ਗੁਰਦੁਆਰਿਆਂ ’ਚ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ। ਇਸ ਦੌਰਾਨ ਗੁਰੂ ਨਾਨਕ ਸਦਭਾਵਨਾ ਯਾਤਰਾ ਵੱਲੋਂ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ, ਪੰਜਾ ਸਾਹਿਬ ਤੋਂ ਇਲਾਵਾ ਬੰਗਲਾਦੇਸ਼, ਸ਼੍ਰੀ ਲੰਕਾ, ਨੇਪਾਲ ਦੇਸ਼ਾਂ ਤੋਂ ਇਲਾਵਾ ਭਾਰਤ ’ਚ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਜਥੇ ਦੇ ਰੂਪ ’ਚ ਵੱਖ-ਵੱਖ ਧਰਮਾਂ ਨਾਲ ਸਬੰਧਤ 280 ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਿਆਂ ’ਚ ਵੱਖ-ਵੱਖ ਦੇਸ਼ਾਂ ਦੇ ਗੁਰਦੁਆਰਿਆਂ ਦੀ ਮਿੱਟੀ ਅਤੇ ਪਾਣੀ ਨਾਲ ਬੂਟੇ ਲਾਏ ਗਏ ਹਨ। ਇਸੇ ਲਡ਼ੀ ਤਹਿਤ ਬੁੱਧਵਾਰ ਨੂੰ ਵੀ ਗੁਰੂ ਨਾਨਕ ਸਦਭਾਵਨਾ ਯਾਤਰਾ ਸੰਗਤ ਦੇ ਰੂਪ ’ਚ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁ. ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪੁੱਜੀ। ਇਸ ਮੌਕੇ ਪ੍ਰਧਾਨ ਪ੍ਰਿਤਪਾਲ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਕੰਪਲੈਕਸ ਦੇ ਪ੍ਰਬੰਧਕ ਸ਼ਾਹਿਦ ਰਾਣਾ ਨੇ ਉਨ੍ਹਾਂ ਨੂੰ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਕੰਪਲੈਕਸ ਵਿਚ ਬੂਟਾ ਲਾਉਣ ਦੀ ਮਨਾਈ ਹੈ, ਭਾਵੇਂ ਉਹ ਕਿਸੇ ਵੀ ਜਥੇਬੰਦੀ ਨਾਲ ਸਬੰਧਤ ਕਿਉਂ ਨਾ ਹੋਵੇ, ਜਿਸ ਕਾਰਣ ਜਥੇ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਦਰਸ਼ਨੀ ਡਿਊਡ਼ੀ ਦੇ ਬਾਹਰ ਵੱਖ-ਵੱਖ ਦੇਸ਼ਾਂ ਅਤੇ ਭਾਰਤ ਸਥਿਤ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਤੋਂ ਲਾਈ ਮਿੱਟੀ ਅਤੇ ਪਾਣੀ ਨਾਲ ਇਕ ਬੂਟਾ ਲਾ ਦਿੱਤਾ ਗਿਆ। ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ’ਤੇ ਅੰਬ ਅਤੇ ਜਾਮਣ ਦੇ 4 ਬੂਟੇ ਲਾਏ ਗਏ। ਇਸ ਸਮੇਂ ਜਸਵਿੰਦਰ ਸਿੰਘ ਬੇਦੀ, ਰਾਸ਼ਟਰੀ ਕਾਰਜਕਾਰਨੀ ਅਰਜ਼ੀ ਮਲਹੋਤਰਾ, ਪ੍ਰੀਤਪਾਲ ਸਿੰਘ ਪੰਨੂੰ, ਡਾ ਰਜੀਵ ਸ਼ਰਮਾ, ਵਿਜੇ ਸਿੰਗਲਾ, ਗੱਤਕਾ ਫੈੱਡਰੇਸ਼ਨ ਦੇ ਗੁਰਪ੍ਰੀਤ ਸਿੰਘ ਖਾਲਸਾ, ਨਿਫ਼ਾ ਦੇ ਪ੍ਰਧਾਨ ਜਤਿੰਦਰ ਨਰਵਾਲ, ਰਣਜੀਤ ਸਿੰਘ ਪ੍ਰਧਾਨ, ਪਰਮਿੰਦਰ ਪਾਲ ਸਿੰਘ ਚੇਅਰਮੈਨ ਆਦਿ ਸੰਗਤਾਂ ਮੌਜੂਦ ਸਨ।


Bharat Thapa

Content Editor

Related News