ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ 'ਤੇ ਵਿਸ਼ੇਸ਼

12/10/2018 1:14:02 PM

ਜਲੰਧਰ - 1666 ਈ. ਨੂੰ ਪਟਨਾ, ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋ ਜਨਮੇ ਅਤੇ ਚਾਰ ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਗੁਰਗੱਦੀ ਦਿਵਸ ਹੈ। ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ (ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੇ ਦਿਨ (25 ਮੱਘਰ, 10 ਦਸੰਬਰ))1675 'ਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਨੇ 9 ਸਾਲ ਦੀ ਉਮਰ 'ਚ ਮਿਲੀ ਇਸ ਵੱਡੀ ਜ਼ਿੰਮੇਵਾਰੀ ਨੂੰ ਸੂਝਵਾਨ ਰਾਜਨੀਤੀਵਾਨ ਤੇ ਧਰਮੀ ਪੁਰਸ਼ ਵਜੋਂ ਨਿਭਾਇਆ। ਉਨ੍ਹਾਂ ਦੇ ਪਿਤਾ ਦੀ ਸ਼ਹਾਦਤ ਤੋਂ ਸਾਫ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਸ ਵੇਲੇ ਮੁਗਲੀਆ ਸਰਕਾਰ ਦੇ ਸਿਰ ਹਕੂਮਤ ਦਾ ਨਸ਼ਾ ਸਿਰ ਚੜ੍ਹ ਬੋਲ ਰਿਹਾ ਸੀ। ਭਾਰਤ 'ਚ ਰਾਜ ਕਰ ਰਹੇ ਮੁਸਲਮਾਨਾਂ ਨੇ ਆਪਣੀਆਂ ਜੜ੍ਹਾਂ ਪੱਕੀਆਂ ਕਰ ਲਈਆਂ ਸਨ। ਉਨ੍ਹਾਂ ਨੇ ਭਾਰਤ-ਵਰਸ਼ ਨੂੰ ਮੁਗਲ ਬਣਾਉਣ ਦੀ ਧਾਰਨਾ ਮਨ 'ਚ ਧਾਰ ਕੇ ਦੇਸ਼ ਦੀ ਜਨਤਾ 'ਤੇ ਅੰਨ੍ਹੇਵਾਹ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ। ਅਜਿਹੇ ਸਮੇਂ ਮੁਗਲਾਂ ਭੈਅ ਸਿਰਫ ਸਿੱਖ ਗੁਰੂ ਸਾਹਿਬਾਨਾਂ ਤੋਂ ਹੀ ਆਉਂਦਾ ਸੀ।

ਅਜਿਹੇ ਔਖੇ ਸਮੇਂ ਉਨ੍ਹਾਂ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਜ਼ਿੰਮੇਦਾਰ ਭੂਮਿਕਾ ਨਿਭਾਉਂਦਿਆਂ ਜਥੇਬੰਦਕ ਤੌਰ 'ਤੇ ਮੁਗਲਾਂ ਨਾਲ ਕਈ ਯੁੱਧ ਕੀਤੇ ਅਤੇ ਜਿੱਤ ਹਾਸਲ ਕੀਤੀ। ਗੁਰੂ ਸਾਹਿਬ ਜੀ ਦਾ ਸਭ ਤੋਂ ਵੱਡਾ ਤੇ ਕ੍ਰਾਂਤੀਕਾਰੀ ਕਦਮ 'ਖਾਲਸੇ' ਦੀ ਸਥਾਪਨਾ ਕਰਨਾ ਸੀ, ਜਿਸ ਤੋਂ ਬਾਅਦ ਦੱਬੇ-ਕੁਚਲੇ ਲਿਤਾੜੇ ਲੋਕਾਂ ਅੰਦਰ ਜ਼ੁਲਮ ਦੀ ਖਾਤਰ ਮਰ ਮਿਟਣ ਦਾ ਐਸਾ ਫੌਲਾਦ ਪੈਦਾ ਹੋਇਆ, ਜਿਸ ਨੂੰ 'ਖਾਲਸੇ' ਅੰਦਰੋਂ ਅੱਜ ਤੱਕ ਕੋਈ ਦਬਾ ਨਹੀਂ ਸਕਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਗਰ ਦੇ ਟੋਟੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ 'ਚ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਦਿੱਤਾ, ਜਿਸ ਤੋਂ ਬਾਅਦ ਆਪ ਦੁਨੀਆ ਦੇ ਇਕੱਲੇ ਅਜਿਹੇ ਪਿਤਾ ਬਣ ਗਏ, ਜੋ 'ਪੁੱਤਰਾਂ ਦੇ ਦਾਨੀ' ਅਖਵਾਏ। ਆਪਣੇ ਛੋਟੇ ਲਾਲਾਂ ਨੂੰ ਨੀਹਾਂ 'ਚ ਚਿਣਵਾ ਦੇਣ ਵਾਲੀ ਸ਼ਹਾਦਤ ਦਾ ਪੰਨਾ ਵੀ ਦੁਨੀਆਂ 'ਚ ਸਿਰਫ ਇਕੋ-ਇਕ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ, ਫਿਰ ਖਾਲਸੇ ਨੂੰ ਸਦੀਵ ਕਾਲ ਤੱਕ ਸਿਰਫ ਤੇ ਸਿਰਫ ਸ਼ਬਦ ਗੁਰੂ ਦੇ ਲੜ ਲਾਉਣ ਦਾ ਹੁਕਮ ਗੁਰੂ ਸਾਹਿਬ ਦੀ ਦੂਰਅੰਦੇਸ਼ੀ ਸੋਚ ਦਾ ਨਤੀਜਾ ਸੀ।

“ਲਤੀਫ ਲਿਖਦਾ ਹੈ, ਗੁਰੂ ਸਾਹਿਬ ਜੀ ਦਾ ਨਿਸ਼ਾਨਾ ਉੱਚਾ ਸੀ, ਇਹ ਸਭ ਉਨ੍ਹਾਂ ਦੀ ਬਰਕਤ ਹੀ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਪੁਰਸ਼ਾਂ ਨੇ ਰਾਜਨੀਤਕ ਪ੍ਰਭੁੱਤਾ ਅਤੇ ਅਜ਼ਾਦੀ ਪ੍ਰਾਪਤ ਕੀਤੀ। ਖਤਰੇ 'ਤੇ ਤਬਾਹੀ ਦੇ ਵਿਚਕਾਰ ਗੁਰੂ ਜੀ ਨੇ ਇਸਤਕਬਾਲ ਦਾ ਪੱਲਾ ਕਦੇ ਨਾ ਛੱਡਿਆ। ਜੰਗ ਦੇ ਮੈਦਾਨ 'ਚ ਉਨ੍ਹਾਂ ਦੀ ਜੁਅਰੱਤ ਤੇ ਬਹਾਦਰੀ ਦੇਖਣ ਲਾਇਕ ਸੀ। ਇਹ ਗੱਲ ਵੀ ਮੰਨੀ-ਪ੍ਰਮੰਨੀ ਹੈ ਕਿ ਉਨ੍ਹਾਂ ਦੀ ਕ੍ਰਿਪਾ ਨਾਲ ਹੀ ਬੇ-ਲਾਗਮੇ ਲੋਕ ਇਕ ਲੜੀ 'ਚ ਪਰੋਏ ਗਏ ਤੇ ਯੋਧੇ ਬਣੇ।''


rajwinder kaur

Content Editor

Related News