‘ਲਿੰਗ ਨਿਰਧਾਰਨ ਟੈਸਟ ਕਰਨਾ ਕਾਨੂੰਨੀ ਜੁਰਮ ਹੈ’
Sunday, Mar 31, 2019 - 04:52 AM (IST)
ਗੁਰਦਾਸਪੁਰ (ਗੋਰਾਇਆ)-ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਇੱਥੋਂ ਦੇ ਕਮਿਊਨਿਟੀ ਸਿਹਤ ਵਿਖੇ ਪੀ.ਸੀ.ਤੇ ਪੀ. ਐੱਨ.ਡੀ.ਟੀ. ਐਕਟ ਉੱਤੇ ਬਲਾਕ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਐੱਲ.ਐੱਚ.ਵੀਜ਼, ਏ.ਐੱਨ.ਐੱਮਜ਼, ਹੈਲਥ ਇੰਸਪੈਕਟਰ ਤੇ ਹੈਲਥ ਵਰਕਰਾਂ ਸਮੇਤ ਰਾਇਲ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਪੀ.ਸੀ. ਤੇ ਪੀ.ਐੱਨ.ਡੀ.ਟੀ.ਐਕਟ ਉੱਤੇ ਬਲਾਕ ਪੱਧਰੀ ਵਰਕਸ਼ਾਪ ਦੀ ਸ਼ੁਰੂਆਤ ਰਾਇਲ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਭਰੂਣ ਹੱਤਿਆ ’ਤੇ ਸੱਟ ਮਾਰਦੇ ਹੋਏ ਇਕ ਨੁੱਕਡ਼ ਨਾਟਕ ਨਾਲ ਕੀਤੀ। ਇਸ ਮੌਕੇ ਕਮਿਊਨਿਟੀ ਸਿਹਤ ਕੇਂਦਰ ਨੌਸ਼ਹਿਰਾ ਮੱਝਾ ਸਿੰਘ ਦੇ ਐੱਸ.ਐੱਮ.ਓ. ਡਾ. ਮਨਿੰਦਰ ਸਿੰਘ ਨੇ ਪੀ.ਸੀ. ਤੇ ਪੀ.ਐੱਨ.ਡੀ.ਟੀ. ਐਕਟ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੀ.ਸੀ.ਤੇ ਪੀ.ਐੱਨ.ਡੀ.ਟੀ. ਐਕਟ ਨੂੰ ਲੈ ਕੇ ਕਾਫ਼ੀ ਸਖ਼ਤੀ ਵਰਤ ਰਹੀ ਹੈ ਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਭਰੂਣ ਹੱਤਿਆ ’ਤੇ ਗੱਲ ਕਰਦੇ ਹੋਏ ਕਿਹਾ ਕਿ ਭਰੂਣ ਹੱਤਿਆ ’ਚ ਸ਼ਾਮਿਲ ਲੋਕਾਂ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਦੇਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਵਰਕਸ਼ਾਪ ਇਸੇ ਹੀ ਵਿਸ਼ੇ ਨਾਲ ਸਬੰਧਿਤ ਹੈ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਉਹ ਭਰੂਣ ਹੱਤਿਆ ਖ਼ਿਲਾਫ਼ ਆਪ ਵੀ ਜਾਗਰੂਕ ਹੋਣ ਤੇ ਲੋਕਾਂ ਨੂੰ ਵੀ ਜਾਣਕਾਰੀ ਦੇਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਜਨ ਡਾ. ਵਿਸ਼ਾਲਦੀਪ, ਡਾ.ਜਤਿੰਦਰ ਸਿੰਘ, ਡਾ. ਸੰਜੀਵ ਕੁਮਾਰ, ਡਾ. ਕੁਲਜੀਤ ਕੌਰ, ਅਫਥਾਲਮਿਕ ਅਫ਼ਸਰ ਸ.ਕਰਨੈਲ ਸਿੰਘ, ਐੱਚ.ਆਈ. ਕੰਵਲਜੀਤ ਸਿੰਘ, ਹਰਵਿੰਦਰ ਸਿੰਘ, ਅੰਮ੍ਰਿਤ ਚਮਕੌਰ ਸਿੰਘ, ਐੱਲ.ਐੱਚ.ਵੀ. ਪਲਵਿੰਦਰ ਕੌਰ, ਨੀਲਮ ਦੇਵੀ , ਏ.ਐੱਨ.ਐੱਮ. ਸੁਨੀਤਾ ਰਾਣੀ ਤੇ ਹੈਲਥ ਵਰਕਰ ਜਤਿੰਦਰ ਸਿੰਘ ਸਮੇਤ ਸਮੂਹ ਫੀਲਡ ਸਟਾਫ਼ ਤੇ ਆਮ ਲੋਕ ਹਾਜ਼ਰ ਸਨ।