72 ਸਾਲਾਂ ''ਚ 3 ਕਿਲੋਮੀਟਰ ਲਾਂਘੇ ਦਾ ਮੁੱਦਾ ਨਹੀਂ ਸੁਲਝਾ ਸਕੀਆਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ

Wednesday, Aug 22, 2018 - 04:15 PM (IST)

72 ਸਾਲਾਂ ''ਚ 3 ਕਿਲੋਮੀਟਰ ਲਾਂਘੇ ਦਾ ਮੁੱਦਾ ਨਹੀਂ ਸੁਲਝਾ ਸਕੀਆਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ

ਗੁਰਦਾਸਪੁਰ (ਹਰਮਨਪ੍ਰੀਤ) : ਪਾਕਿਸਤਾਨ ਅੰਦਰ ਰਾਵੀ ਦਰਿਆ ਦੇ ਕਿਨਾਰੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਯਾਦਾਂ ਸਮੋਈ ਬੈਠੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਆਜ਼ਾਦੀ ਤੋਂ ਬਾਅਦ ਕਈ ਵਾਰ ਚਰਚਾ ਦਾ ਵਿਸ਼ਾ ਬਣਦਾ ਆ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ 7 ਦਹਾਕਿਆਂ ਤੋਂ ਜ਼ਿਆਦਾ ਸਮੇਂ ਦੌਰਾਨ ਨਾ ਤਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਸਿਰਫ਼ 3 ਕਿਲੋਮੀਟਰ ਦਾ ਲਾਂਘਾ ਬਣਾ ਸਕੀਆਂ ਹਨ ਅਤੇ ਨਾ ਹੀ ਯੂ. ਐੱਨ. ਓ. ਇਸ ਮਾਮਲੇ 'ਚ ਸਿੱਖਾਂ ਨੂੰ ਕੋਈ ਵੱਡੀ ਰਾਹਤ ਦਿਵਾ ਸਕਿਆ ਹੈ। ਹੁਣ ਤੱਕ ਵੱਖ-ਵੱਖ ਸਿਆਸੀ ਆਗੂਆਂ ਅਤੇ ਸਰਕਾਰਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਸਿਰਫ਼ ਇੰਨਾ ਹੀ ਬੂਰ ਪਿਆ ਹੈ ਕਿ ਹੁਣ ਭਾਰਤ ਨਾਲ ਸਬੰਧਤ ਸੰਗਤਾਂ ਡੇਰਾ ਬਾਬਾ ਨਾਨਕ ਤੋਂ ਕਰੀਬ ਇਕ ਕਿਲੋਮੀਟਰ ਦੂਰ ਸਰਹੱਦ 'ਤੇ ਜਾ ਕੇ ਦੂਰਬੀਨ ਰਾਹੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਹਨ।
 

ਦੂਰਬੀਨ ਰਾਹੀਂ ਦਰਸ਼ਨ ਕਰਦੀਆਂ ਹਨ ਸੰਗਤਾਂ
ਗੁਰਦੁਆਰਾ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਤੋਂ ਕਰੀਬ 4 ਕਿਲੋਮੀਟਰ ਦੂਰ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕੇ 'ਚ ਸਥਿਤ ਹੈ, ਜੋ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ 'ਚ ਲਾਹੌਰ ਤੋਂ 120 ਕਿਲੋਮੀਟਰ ਦੂਰੀ 'ਤੇ ਹੈ। ਭਾਰਤ-ਪਾਕਿ ਸਰਹੱਦ 'ਤੇ ਡੇਰਾ ਬਾਬਾ ਨਾਨਕ ਤੋਂ ਕਰੀਬ ਇਕ ਕਿਲੋਮੀਟਰ ਦੂਰੀ 'ਤੇ ਕੰਡਿਆਲੀ ਤਾਰ ਤੋਂ ਇਸ ਗੁਰਦੁਆਰਾ ਸਾਹਿਬ ਦੀ ਸਿੱਧੀ ਦੂਰੀ ਕਰੀਬ 3 ਕਿਲੋਮੀਟਰ ਹੈ। ਕੁਝ ਸਾਲ ਪਹਿਲਾਂ ਸਿੱਖ ਸੰਗਤ ਦੀ ਮੰਗ 'ਤੇ ਭਾਰਤ ਸਰਕਾਰ ਨੇ ਬੀ. ਐੱਸ. ਐੱਫ. ਦੀ ਸਹਿਮਤੀ ਨਾਲ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਚਾਹਵਾਨ ਸੰਗਤ ਨੂੰ ਕੰਡਿਆਲੀ ਤਾਰ ਤੱਕ ਜਾਣ ਦੀ ਇਜ਼ਾਜਤ ਦਿੱਤੀ ਸੀ, ਜਿੱਥੇ ਬਕਾਇਦਾ ਇਕ ਉੱਚਾ ਦਰਸ਼ਨੀ ਸਥਲ ਬਣਾ ਕੇ ਉੱਥੋਂ ਦੂਰਬੀਨ ਰਾਹੀਂ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਹਨ। ਰੋਜ਼ਾਨਾ ਹੀ ਦਰਜਨਾਂ ਦੀ ਗਿਣਤੀ 'ਚ ਸੰਗਤ ਇਸ ਸਥਾਨ 'ਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀ ਹੈ।

7 ਦਹਾਕਿਆਂ 'ਚ ਨਹੀਂ ਬਣ ਸਕਿਆ ਸਿਰਫ਼ 3 ਕਿਲੋਮੀਟਰ ਦਾ ਲਾਂਘਾ
ਇਸ ਮੌਕੇ ਇਸ ਗੁਰਦੁਆਰਾ ਸਾਹਿਬ ਨੂੰ ਜਾਣ ਲਈ ਡੇਰਾ ਬਾਬਾ ਨਾਨਕ ਤੋਂ ਕੋਈ ਵੀ ਸਿੱਧਾ ਰਸਤਾ ਨਹੀਂ। ਪਹਿਲਾਂ ਡੇਰਾ ਬਾਬਾ ਨਾਨਕ ਤੋਂ ਨਾਰੋਵਾਲ ਨੂੰ ਜੋੜਨ ਵਾਲੀ ਰੇਲਵੇ ਲਾਈਨ 'ਤੇ ਰਾਵੀ ਦਰਿਆ ਉੱਪਰ ਪੁਲ ਵੀ ਮੌਜੂਦ ਹੁੰਦਾ ਸੀ ਪਰ ਭਾਰਤ-ਪਾਕਿ  ਵਿਚਕਾਰ ਹੋਈ ਜੰਗ 'ਚ ਇਸ ਪੁਲ ਨੂੰ ਢਾਹ ਦਿੱਤੇ ਜਾਣ ਬਾਅਦ ਇਸ ਇਲਾਕੇ 'ਚ ਕੋਈ ਵੀ ਸਿੱਧਾ ਰਸਤਾ ਮੌਜੂਦ ਨਹੀਂ । ਮੌਜੂਦਾ ਸਮੇਂ ਦੌਰਾਨ ਕੰਡਿਆਲੀ ਤਾਰ ਦੇ ਪਾਰਲੇ ਪਾਸੇ ਮੈਦਾਨੀ ਇਲਾਕਾ ਹੈ, ਜਿਥੇ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ। ਉਸ ਤੋਂ ਅੱਗੇ ਰਾਵੀ ਦਰਿਆ ਦੇ ਐਨ ਕੰਢੇ 'ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਲਈ ਜੇਕਰ ਸਿੱਖ ਸੰਗਤ ਦੀ ਮੰਗ ਅਨੁਸਾਰ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਦਾ ਪ੍ਰਬੰਧ ਕਰਨਾ ਹੋਵੇ ਤਾਂ ਸਿਰਫ਼ 3 ਕਿਲੋਮੀਟਰ ਲੰਬਾ ਰਸਤਾ (ਪੁਲ ਸਮੇਤ) ਬਣਾਉਣ ਦੀ ਲੋੜ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਆਜ਼ਾਦੀ ਦੇ ਬਾਅਦ 7 ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਦੌਰਾਨ ਕੋਈ ਵੀ ਸਰਕਾਰ ਇਸ ਮੰਗ ਨੂੰ ਪੂਰਾ ਨਹੀਂ ਕਰ ਸਕੀ। ਇਕੱਤਰ ਜਾਣਕਾਰੀ ਅਨੁਸਾਰ 1999 'ਚ ਵੀ ਇਸ ਸਥਾਨ 'ਤੇ ਪੁਲ ਅਤੇ ਰਸਤਾ ਬਣਨ ਦਾ ਮੁੱਦਾ ਗਰਮਾਇਆ ਸੀ। ਇਸ ਤੋਂ ਬਾਅਦ ਕਈ ਵਾਰ ਇਹ ਮੰਗ ਉੱਠਦੀ ਰਹੀ ਅਤੇ ਪਿਛਲੇ ਸਾਲ ਵੀ 7 ਲੋਕ ਸਭਾ ਮੈਂਬਰਾਂ 'ਤੇ ਆਧਾਰਿਤ ਕੇਂਦਰੀ ਸਟੈਂÎਡਿੰਗ ਕਮੇਟੀ ਤੋਂ ਇਲਾਵਾ ਇਸ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਸ ਸਥਾਨ ਦਾ ਜਾਇਜ਼ਾ ਲਿਆ ਗਿਆ ਸੀ। ਪਰ ਇਸ ਦੇ ਬਾਵਜੂਦ ਅਜੇ ਤੱਕ ਇਹ ਮਾਮਲਾ ਇਕ ਤਰ੍ਹਾਂ ਨਾਲ ਠੰਢੇ ਬਸਤੇ 'ਚ ਪਿਆ ਹੋਇਆ ਹੈ।

ਸੰਗਤ ਦੀ ਮੰਗ ਪੂਰੀ ਕਰਵਾਉਣ ਲਈ ਹਰ ਕੋਸ਼ਿਸ਼ ਕਰਾਂਗੇ : ਰੰਧਾਵਾ
ਇਸ ਸਬੰਧੀ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਲਾਂਘੇ ਨੂੰ ਖੁੱਲ੍ਹਵਾਉਣ ਲਈ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਸਿੱਖ ਸੰਗਤ ਦੀ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਵੀ ਸੂਬਾ ਸਰਕਾਰ ਸੁਹਿਰਦ ਯਤਨ ਕਰ ਰਹੀ ਹੈ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਇਸ ਤੋਂ ਪਹਿਲਾਂ ਸੰਗਤ ਦੀ ਇਹ ਮੰਗ ਪੂਰੀ ਹੋ ਸਕੇ।

ਕੀ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਇਤਿਹਾਸ?
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੀਆਂ 4 ਉਦਾਸੀਆਂ ਕਰਨ  ਤੋਂ ਬਾਅਦ ਆਪਣੀ ਜ਼ਿੰਦਗੀ ਦਾ ਅੰਤਿਮ ਸਮਾਂ ਕਰਤਾਰਪੁਰ ਸਾਹਿਬ 'ਚ ਬਿਤਾਇਆ ਸੀ, ਜਿਥੇ ਉਨ੍ਹਾਂ ਨੇ 17 ਸਾਲ 5 ਮਹੀਨੇ 9 ਦਿਨ ਆਪਣੇ ਹੱਥੀਂ ਖੇਤੀਬਾੜੀ ਦਾ ਕੰਮ ਵੀ ਕੀਤਾ ਅਤੇ ਇਸੇ ਸਥਾਨ ਤੋਂ ਉਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਕਿਰਤ ਕਰਨ ਅਤੇ ਵੰਡ ਕੇ ਛਕਣ ਵਰਗੇ ਉਪਦੇਸ਼ ਦਿੱਤੇ ਸਨ। ਇਸੇ ਪਵਿੱਤਰ ਸਥਾਨ 'ਤੇ ਉਹ 22 ਸਤੰਬਰ, 1539 'ਚ ਜੋਤੀ-ਜੋਤ ਸਮਾਏ ਸਨ, ਜਿਸ ਤੋਂ ਪਹਿਲਾਂ ਉਨ੍ਹਾਂ  ਇਸ ਮਹਾਨ ਸਥਾਨ 'ਤੇ ਦੂਸਰੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਗੱਦੀ ਸੌਂਪੀ ਸੀ। ਇਸ ਸਥਾਨ ਤੋਂ ਕਰੀਬ 3 ਕਿਲੋਮੀਟਰ ਦੂਰ ਭਾਰਤ ਅੰਦਰ ਡੇਰਾ ਬਾਬਾ ਨਾਨਕ ਸ਼ਹਿਰ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਅਹਿਮ ਯਾਦਾਂ ਸਮੋਈ ਬੈਠਾ ਹੈ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਦੀ ਉਸਾਰੀ ਕਰਵਾਈ ਸੀ, ਜਿਸ ਨੂੰ 1995 'ਚ ਪਾਕਿਸਤਾਨ ਦੀ ਸਰਕਾਰ ਨੇ ਮੁਰੰਮਤ ਕਰਵਾ ਕੇ ਨਵੀਂ ਦਿੱਖ ਦਿੱਤੀ ਅਤੇ 2004 ਵਿਚ ਮੁੜ ਇਸ ਦਾ ਨਵੀਨੀਕਰਨ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦਾ ਇਸ ਗੁਰਦੁਆਰਾ ਸਾਹਿਬ ਨਾਲ ਗਹਿਰਾ ਸਬੰਧ ਹੋਣ ਕਾਰਨ ਸਮੁੱਚਾ ਸਿੱਖ ਜਗਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਗੂੜ੍ਹੀ ਤਾਂਘ ਰੱਖਦਾ ਹੈ ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੁਖਾਵਾਂ ਮਾਹੌਲ ਨਾਲ ਹੋਣ ਕਾਰਨ ਸਿੱਖ ਸੰਗਤ ਦੀ ਇਹ ਤਮੰਨਾ ਪੂਰੀ ਨਹੀਂ ਹੋ ਰਹੀ।

ਸਾਢੇ 17 ਸਾਲਾਂ ਦੌਰਾਨ ਸਰਹੱਦ 'ਤੇ ਜਾ ਕੇ 211 ਵਾਰ ਅਰਦਾਸ ਕਰ ਚੁੱਕੀ ਹੈ ਸੰਗਤ
ਸਰਕਾਰੀ ਅਤੇ ਸਿਆਸੀ ਪੱਧਰ 'ਤੇ ਇਸ ਲਾਂਘੇ ਨੂੰ ਖੁਲ੍ਹਵਾਉਣ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ ਪਿਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੇਂਦਰ ਸਰਕਾਰ ਨੂੰ ਮਤਾ ਪਾਸ ਕਰਕੇ ਇਸ ਲਾਂਘੇ ਨੂੰ ਖੁੱਲ੍ਹਵਾਉਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ 13 ਅਪ੍ਰੈਲ 2001 ਤੋਂ ਭਾਈ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਨੇ ਹਰੇਕ ਮੱਸਿਆ ਵਾਲੇ ਦਿਨ ਡੇਰਾ ਬਾਬਾ ਨਾਨਕ ਨੇੜੇ ਸਰਹੱਦ 'ਤੇ ਜਾ ਕੇ ਇਸ ਲਾਂਘੇ ਨੂੰ ਖੁਲ੍ਹਵਾਉਣ ਲਈ ਅਰਦਾਸਾਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਇਸ ਸੰਸਥਾ ਦੇ ਜਨਰਲ ਸਕੱਤਰ ਭਾਈ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਿਛਲੇ ਸਾਢੇ 17 ਸਾਲਾਂ ਦੌਰਾਨ ਉਹ ਹੁਣ ਤੱਕ 211 ਵਾਰ ਅਰਦਾਸ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਣ ਤੋਂ ਇਲਾਵਾ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਵੀ ਇਹ ਮੁੱਦਾ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਸਿੱਖ ਸ਼ਰਧਾਲੂਆਂ ਦੀ ਇਹ ਮੰਗ ਜਲਦੀ ਪੂਰੀ ਹੋਵੇਗੀ।


Related News