ਤ੍ਰਿਪੁਰਾ ਦੇ ਰਾਜਪਾਲ ਇੰਦਰਾ ਸੇਨਾ ਰੈੱਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Saturday, Oct 05, 2024 - 10:37 PM (IST)

ਜੈਤੋ, (ਰਘੂਨੰਦਨ ਪਰਾਸ਼ਰ)- ਤ੍ਰਿਪੁਰਾ ਦੇ ਰਾਜਪਾਲ ਇੰਦਰਾਸੇਨਾ ਰੈਡੀ ਨਲੂ ਨੇ ਸ਼ਨੀਵਾਰ ਨੂੰ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। 

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ. ਜਸਵਿੰਦਰ ਸਿੰਘ ਜੱਸੀ ਅਤੇ ਹੋਰ ਅਧਿਕਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਇੰਦਰਾ ਸੇਨਾ ਰੈੱਡੀ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਰੇਣੁਕਾ ਨਲੂ ਨੂੰ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ, ਲੋਈ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। 

ਰਾਜਪਾਲ ਆਪਣੇ ਪਰਿਵਾਰ ਨਾਲ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ, ਜਿਥੇ ਉਨ੍ਹਾਂ ਨੇ ਲੰਗਰ ਛਕਿਆ ਅਤੇ ਸੇਵਾ ਕੀਤੀ। ਇਸ ਮੌਕੇ ਰਾਜਪਾਲ  ਇੰਦਰਾ ਸੇਨਾ ਰੈੱਡੀ ਨੇ ਆਪਣੀਆਂ ਭਾਵਨਾਵਾਂ ਵਿਅਕਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਅਧਿਆਤਮਿਕ ਕੇਂਦਰ ਹੈ। ਇਸ ਪਾਵਨ ਅਸਥਾਨ ਦੇ ਦਰਸ਼ਨਾਂ ਦਾ ਸੁਭਾਗ ਮਿਲਣ ’ਤੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਅਤੇ ਗੁਰੂ ਕੇ ਲੰਗਰ ਵਿਚ ਸੇਵਾ ਕਰਨਾ ਉਨ੍ਹਾਂ ਲਈ ਯਾਦਗਾਰੀ ਰਹੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ। 

ਇਸ ਮੌਕੇ ਰਾਜਪਾਲ ਦੇ ਨਾਲ ਆਏ ਮੇਜਰ ਅਰਜਨ ਮਲਿਕ ਤੋਂ ਇਲਾਵਾ ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਸ਼੍ਰੋਮਣੀ ਕਮੇਟੀ ਦੇ ਸੁਪ੍ਰਡੰਟ ਸ. ਨਿਸ਼ਾਨ ਸਿੰਘ, ਮੈਨੇਜਰ ਸ. ਨਰਿੰਦਰ ਸਿੰਘ, ਸ. ਸਤਨਾਮ ਸਿੰਘ ਰਿਆੜ, ਵਧੀਕ ਮੈਨੇਜਰ ਸ. ਇਕਬਾਲ ਸਿੰਘ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਮੀਤ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਆਦਿ ਮੌਜੂਦ ਸਨ।


Rakesh

Content Editor

Related News