ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ...

Wednesday, May 06, 2020 - 08:10 PM (IST)

       ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਸਰੇ ਗੁਰੂ ਹੋਏ ਹਨ, ਜੋ ਪੰਜਾਬ ਦੇ ਮੌਜੂਦਾ ਅੰਮ੍ਰਿਤਸਰ ਜ਼ਿਲ੍ਹੇ ਵਿਚ ਬਾਸਰਕੇ ਪਿੰਡ ਵਿਖੇ ਵੈਸਾਖ ਸੁਦੀ 14 , 1536 ਬਿਕਰਮੀ/ 5 ਮਈ 1479 ਨੂੰ ਭੱਲਾ ਖੱਤਰੀ ਪਰਿਵਾਰ ਵਿਚ ਪ੍ਰਕਾਸ਼਼ ਧਾਰਨ ਕੀਤਾ ਸੀ । ਉਹਨਾਂ ਦੇ ਪਿਤਾ ਦਾ ਨਾਂ ਸ੍ਰੀ ਤੇਜ ਭਾਨ ਜੀ ਅਤੇ ਮਾਤਾ ਦਾ ਨਾਂ ਸੁਲੱਖਣੀ ਜੀ ਸਨ।

ਗਾਮ ਏਕ ਬਾਸਰਕੇ ਨਾਮੂ॥ ਅਹੇ ਸੁਧਾਸਰ ਢਿਗ ਸੁਖ ਧਾਮੂ॥

ਬਿਸ਼ਨ ਦਾਸ ਖੱਤ੍ਰੀ ਤਿਹ ਭੱਲਾ॥ ਭਗਤ ਬਿਸ਼ਨੁ ਕਾ ਜਗਤ ਅਚੱਲਾ॥5॥

ਤਿਹ ਘਰ ਹਰੀ ਦਾਸ ਸੁਤ ਭਯੋ॥ ਚੌਦਾਂ ਸੈ ਪਚਾਸ ਮੈ ਜਯੋ॥

ਤੇਜ ਭਾਨ ਤਾਂ ਕੇ ਸੁਤ ਦੁਆ॥ ਚੌਦਾਂ ਸੌ ਇਕਾਸੀਏ ਹੂਆ॥6॥{ਸ੍ਰੀ ਗੁਰੁ ਪੰਥ ਪ੍ਰਕਾਸ਼ ਪੂਰਬਾਧ-ਗਿ.ਗਿਆਨ ਸਿੰਘ}

ਸ੍ਰੀ ਗੁਰੂ ਅਮਰਦਾਸ ਜੀ ਦੇ ਸਬੰਧ ਵਿਚ ਭੱਟ ਸਾਹਿਬਾਨ ਨੇ 22 ਸਵੱਯੇ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹਨ। ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼਼ ਨੂੰ ਦੇ ਸਬੰਧ ਵਿਚ ਬਚਨ ਉਚਾਰਨ ਕੀਤੇ:-

ਭਲਉ ਪ੍ਰਸਿਧੁ ਤੇਜੋ ਤਨੌ, ਕਲ੍ਹ ਜੋੜਿ ਕਰ ਧ੍ਹਾਇਅਓ ॥

ਸੋਈ ਨਾਮੁ ਭਗਤ ਭਵਜਲ ਹਰਣੁ, ਗੁਰ ਅਮਰਦਾਸ, ਤੈ ਪਾਇਓ ॥5॥ (ਪੰਨਾ 1393)                          

ਗੁਰੂ ਅਮਰਦਾਸ ਜੀ ਤੇਜ ਭਾਨ ਜੀ ਦੇ ਪੁੱਤਰ, ਭੱਲਿਆਂ ਦੀ ਕੁਲ ਵਿਚ ਉੱਘੇ ਪੈਦਾ ਹੋਏ ਕਲਸਹਾਰ ਕਵੀ ਹੱਥ ਜੋੜ ਕੇ ਆਪ ਜੀ ਨੂੰ ਆਰਾਧਦਾ ਹੈ ਤੇ ਆਖਦਾ ਹੈ-ਕਿ ‘ਹੇ ਗੁਰੂ ਅਮਰਦਾਸ ! ਭਗਤਾਂ ਦਾ ਜਨਮ-ਮਰਨ ਕੱਟਣ ਵਾਲਾ ਉਹੀ ਨਾਮ ਤੂੰ ਪਾ ਲਿਆ ਹੈ’।

 ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥

ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ ॥   

ਜਹ ਕਹ ਤਹ ਭਰਪੂਰੁ ਸਬਦੁ, ਦੀਪਕਿ ਦੀਪਾਯਉ ॥

ਜਿਹ ਸਿਖਹ ਸੰਗ੍ਰਹਿਓ, ਤਤੁ ਹਰਿ ਚਰਣ ਮਿਲਾਯਉ ॥ (ਪੰਨਾ 1395)

ਭੱਟ ਕੀਰਤ ਜੀ ਗੁਰੂ ਅਮਰਦਾਸ ਜੀ ਬਾਰੇ ਬਚਨ ਉਚਾਰਨ ਕਰਦਿਆਂ ਕਿਹਾ ਕਿ ਗੁਰੂ ਜੀ ਨੇ ਆਪ ਹੀ ਨਰਾਇਣ-ਰੂਪ ਹਨ, ਜੋ ਆਪਣੀ ਸੱਤਾ ਰਚ ਕੇ ਜਗਤ ਵਿੱਚ ਪ੍ਰਵਿਰਤ ਹੋਇਆ ਹੈ । ਨਿਰੰਕਾਰ ਨੇ ਗੁਰੂ ਅਮਰਦਾਸ ਜੀ ਦਾ ਅਕਾਰ-ਰੂਪ ਹੋ ਕੇ ਰੂਪ ਧਾਰ ਕੇ ਜਗਤ ਵਿਚ ਜੋਤਿ ਪ੍ਰਗਟਾਈ ਹੈ । (ਨਿਰੰਕਾਰ ਨੇ) ਆਪਣੇ ਸ਼ਬਦ (ਨਾਮ) ਨੂੰ, ਜੋ ਹਰ ਥਾਂ ਹਾਜ਼ਰ-ਨਾਜ਼ਰ ਹੈ, (ਗੁਰੂ ਅਮਰਦਾਸ-ਰੂਪ) ਦੀਵੇ ਦੀ ਰਾਹੀਂ ਪ੍ਰਗਟਾਇਆ ਹੈ । ਜਿਨ੍ਹਾਂ ਸਿੱਖਾਂ ਨੇ ਇਸ ਸ਼ਬਦ ਨੂੰ ਆਪਣੇ ਜੀਵਨ ਵਿਚ ਧਾਰਨ ਕੀਤਾ ਹੈ, ਗੁਰੂ ਅਮਰਦਾਸ ਜੀ ਨੇ ਤੁਰੰਤ ਉਹਨਾਂ ਨੂੰ ਹਰੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ ।

          ਗੁਰੂ ਅਮਰਦਾਸ ਜੀ ਦੀ ਸ਼ਾਦੀ 11 ਮਾਘ , 1559 ਬਿਕਰਮੀ /1502 ਈ: ਨੂੰ ਸਿਆਲਕੋਟ ਜ਼ਿਲ੍ਹੇ ਵਿਚ ਪਿੰਡ ਸੰਖਤਰਾ ਦੇ ਇਕ ਬਹਿਲ ਖੱਤਰੀ , ਦੇਵੀ ਚੰਦ ਦੀ ਧੀ ਮਨਸਾ ਦੇਵੀ   ਕਰ ਦਿੱਤੀ ਗਈ ਸੀ। ਇਹਨਾਂ ਦੇ ਚਾਰ ਬੱਚੇ - ਦੋ ਜੀ , ਮੋਹਰੀ ਅਤੇ ਮੋਹਨ ਅਤੇ ਦੋ ਧੀਆਂ ਦਾਨੀ ਅਤੇ ਭਾਨੀ ਸਨ ।

          ਗੁਰੂ ਅਮਰ ਦਾਸ ਜੀ ਬਹੁਤ ਹੀ ਧਾਰਮਿਕ ਬਿਰਤੀ ਵਾਲੇ ਸਨ । ਜਦੋਂ ਇਹ ਵੱਡੇ ਹੋਏ ਤਾਂ ਵੈਸ਼ਨਵ ਧਰਮ ਵੱਲ ਖਿੱਚੇ ਗਏ ਅਤੇ ਲਗਾਤਾਰ ਹਰਿਦੁਆਰ ਯਾਤਰਾਵਾਂ ਤੇ ਜਾਂਦੇ ਰਹੇ । ਇਤਿਹਾਸਕਾਰਾਂ ਨੇ ਅਜਿਹੀਆਂ ਵੀਹ ਯਾਤਰਾਵਾਂ ਦਾ ਜ਼ਿਕਰ ਕੀਤਾ ਹੈ । ਗੁਰੂ ਅਮਰਦਾਸ ਜੀ ਨੇ ਇਸੇ ਲੜੀ ਵਿਚ ਹੋਰ ਯਾਤਰਾਵਾਂ ਕੀਤੀਆਂ ਹੁੰਦੀਆਂ ਜੇਕਰ ਵੀਹਵੀਂ ਯਾਤਰਾ ਸਮੇਂ ਇਹਨਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦੇਣ ਵਾਲੀ ਘਟਨਾ ਨਾ ਵਾਪਰੀ ਹੁੰਦੀ । ਵਾਪਸੀ ਯਾਤਰਾ ਸਮੇਂ ਇਹ ਇਕ ਸਾਧੂ ਨੂੰ ਮਿਲੇ ਜਿਸ ਨੇ ਇਹਨਾਂ ਵੱਲੋਂ ਅਜੇ ਤੱਕ ਗੁਰੂ ਨਾ ਧਾਰਨ ਕਰਕੇ ਇਹਨਾਂ ਨੂੰ ਝਿੜਕਿਆ । ਅਮਰ ਦਾਸ ਜੀ ਨੇ ਪ੍ਰਣ ਕੀਤਾ ਕਿ ਉਹ ਗੁਰੂ ਧਾਰਨ ਕਰਨਗੇ ਅਤੇ ਇਹ ਪ੍ਰਣ ਛੇਤੀ ਹੀ ਉਦੋਂ ਪੂਰਾ ਹੋ ਗਿਆ ਜਦੋਂ ਉਹਨਾਂ ਦੇ ਪਰਿਵਾਰ ਦੀ ਨੂੰਹ ਬੀਬੀ ਅਮਰੋ ਨਾਲ 1597 ਬਿਕਰਮੀ/ਈ. 1540 ਨੂੰ ਉਹਨਾਂ ਦੇ ਪਿਤਾ , ਗੁਰੂ ਅੰਗਦ ਦੇਵ ਜੀ ਦੇ ਖਡੂਰ ਜਾ ਕੇ ਦਰਸ਼ਨ ਕੀਤੇ । ਖਡੂਰ ਉਹਨਾਂ ਦੇ ਜੱਦੀ ਪਿੰਡ ਤੋਂ ਬਹੁਤੀ ਦੂਰ ਨਹੀਂ ਸੀ । ਇਹ ਤੁਰੰਤ ਉਹਨਾਂ ਦੇ ਸਿੱਖ ਬਣ ਗਏ ਅਤੇ ਇਕਾਗਰ ਮਨ ਦੀ ਸ਼ਰਧਾ ਨਾਲ ਇਹਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਬਾਰਾਂ ਸਾਲ ਸੇਵਾ ਕੀਤੀ । ਇਹ ਦਿਨ ਚੜ੍ਹਨ ਤੋਂ ਤਿੰਨ ਘੰਟੇ ਪਹਿਲਾਂ ਉੱਠ ਕੇ ਗੁਰੂ ਜੀ ਦੇ ਇਸ਼ਨਾਨ ਲਈ ਦਰਿਆ ਤੋਂ ਪਾਣੀ ਲਿਆਉਂਦੇ ਸਨ । ਦਿਨ ਵੇਲੇ ਇਹ ਲੰਗਰ ਵਿਚ ਸੇਵਾ ਕਰਦੇ ਸਨ , ਭੋਜਨ ਤਿਆਰ ਕਰਨ ਅਤੇ ਵਰਤਾਉਣ ਵਿਚ ਮਦਦ ਕਰਦੇ ਸਨ ਅਤੇ ਭਾਂਡੇ ਧੋਣ ਦੀ ਸੇਵਾ ਕਰਦੇ ਸਨ । ਜਦੋਂ ਇਸ ਕੰਮ ਤੋਂ ਵਿਹਲੇ ਹੁੰਦੇ ਤਾਂ ਗੁਰੂ ਕੇ ਲੰਗਰ ਲਈ ਨੇੜੇ ਦੇ ਜੰਗਲ ਤੋਂ ਲੱਕੜਾਂ ਲੈਣ ਲਈ ਚਲੇ ਜਾਂਦੇ ਸਨ । ਇਹਨਾਂ ਦੇ ਸਵੇਰੇ ਅਤੇ ਸ਼ਾਮ ਦੇ ਸਮੇਂ ਅਰਦਾਸ ਅਤੇ ਸਿਮਰਨ ਵਿਚ ਲੰਘਦੇ ਸਨ।

ਗੁਰੂ ਅਮਰ ਦਾਸ ਜੀ ਦੀ ਆਪਣੇ ਗੁਰੂ ਉਪਰ ਪੂਰਨ ਸ਼ਰਧਾ ਦੀਆਂ ਕਈ ਸਾਖੀਆਂ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਇਕ ਬਹੁਤ ਮਹੱਤਵਪੂਰਨ ਹੈ ਕਿ ਕਿਵੇਂ ਇਕ ਝੱਖੜ ਵਾਲੀ ਰਾਤ ਨੂੰ ਤੇਜ਼ ਹਵਾਵਾਂ , ਮੀਂਹ ਅਤੇ ਕੜਕਦੀ ਬਿਜਲੀ ਦੀ ਪ੍ਰਵਾਹ ਨਾ ਕਰਦੇ ਹੋਏ ਇਹਨਾਂ ਨੇ ਗੁਰੂ ਜੀ ਲਈ ਦਰਿਆ ਬਿਆਸ ਤੋਂ ਪਾਣੀ ਲਿਆਂਦਾ । ਖਡੂਰ ਦੇ ਬਾਹਰਵਾਰ ਜੁਲਾਹਾ ਬਸਤੀ ਦੀ ਖੱਡੀ ਕੋਲੋਂ ਲੰਘਦੇ ਹੋਏ ਇਕ ਕਿੱਲੇ ਵਿਚ ਇਹਨਾਂ ਦਾ ਪੈਰ ਲਗਾ ਅਤੇ ਜ਼ਖ਼ਮੀ ਹੋ ਕੇ ਇਹ ਡਿੱਗ ਪਏ ਪਰੰਤੂ ਆਪਣੇ ਸਿਰ ਤੇ ਚੁੱਕੀ ਗਾਗਰ ਦਾ ਪਾਣੀ ਇਹਨਾਂ ਨੇ ਡੁੱਲ੍ਹਣ ਨਾ ਦਿੱਤਾ । ਅੱਭੜਵਾਹੇ ਜਾਗੀ ਇਕ ਜੁਲਾਹੀ ਨੇ ਇਹਨਾਂ ਨੂੰ ਅਪਮਾਨ ਪੂਰਨ ਢੰਗ ਨਾਲ ‘ ਅਮਰੂ ਨਿਥਾਵਾੱ ਕਿਹਾ । ਜਦੋਂ ਗੁਰੂ ਅੰਗਦ ਦੇਵ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਅਮਰ ਦਾਸ ਜੀ ਦੀ ਸ਼ਰਧਾ ਦੀ ਸਰਾਹਨਾ ਕੀਤੀ ।ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰ ਦਾਸ ਜੀ ਦੀ ਹਰੇਕ ਸਾਲ ਦੀ ਸੇਵਾ ਉਪਰੰਤ 12 ਬਖਸਿਸ਼ਾਂ ਦਿੱਤੀ।

ਤੁਮ ਹੋ ਨਿਥਾਵਨ ਥਾਨ॥ ਕਰਹੋ ਨਿਮਾਨਹਿ ਮਾਨ॥ ਨਿਤਾਣਿਆਂ ਦਾ ਤਾਨ॥                                 

ਨਿੳਟਿਆਂ ਦੀ ੳਟ॥ ਨਿਆਸਰਿਆਂ ਦਾ ਆਸਰਾ॥ ਨਿਧਰਿਆ ਦੀ ਧਰ॥                                                        

ਨਿਧੀਰਨ ਦੀ ਧੀਰ॥ ਪੀਰਾਂ ਦੇ ਪੀਰ॥ ਦਿਆਲ ਗਹੀ ਬਹੋੜ॥                                                               

ਜਗਤ ਬੰਦੀਛੋੜ॥ ਭੰਣ ਘੜਨ ਸਮਰਥ॥ ਸਭ ਜੀਵਕ ਜਿਸ ਹੱਥ॥                                            

          ਇਸ ਘਟਨਾ ਨੇ ਗੁਰੂ ਅੰਗਦ ਦੇਵ ਜੀ ਦੇ ਜਾਨਸ਼ੀਨ ਦੀ ਚੋਣ ਕਰਨ ਦੇ ਮਾਮਲੇ ਨੂੰ ਵੀ ਹੱਲ ਕਰ ਦਿੱਤਾ । ਨਿਰਸੰਦੇਹ ਚੋਣ ਅਮਰਦਾਸ ਜੀ ਦੀ ਹੋਈ । ਗੁਰੂ ਅੰਗਦ ਦੇਵ ਜੀ ਨੇ ਪ੍ਰਚੱਲਿਤ ਮਰਯਾਦਾ ਅਨੁਸਾਰ ਨਾਰੀਅਲ ਅਤੇ ਪੰਜ ਪੈਸੇ ਅਮਰਦਾਸ ਜੀ ਅੱਗੇ ਰੱਖ ਕੇ ਮੱਥਾ ਟੇਕਿਆ । ਗੁਰੂ ਗੱਦੀ ਉੱਤੇ ਬਿਰਾਜਮਾਨ ਕਰਨ ਲਈ ਗੁਰਗੱਦੀ ਦਾ ਟਿੱਕਾ ਸਤਿਕਾਰਯੋਗ ਭਾਈ ਬੁੱਢਾ ਜੀ ਨੇ ਲਗਾਇਆ । ਛੇਤੀ ਹੀ ਪਿੱਛੋਂ 1609 ਬਿਕਰਮੀ ਸਾਲ ਦੇ ਚੇਤ ਦੇ ਪਹਿਲੇ ਚਾਨਣੇ ਪੱਖ ਦੇ ਚੌਥੇ ਦਿਨ ( 29 ਮਾਰਚ 1552 ) ਨੂੰ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ।                                      

            ਸਮੇਂ ਨਾਲ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਖਡੂਰ ਸਾਹਿਬ ਦੀ ਥਾਂ ਗੋਇੰਦਵਾਲ ਬਣ ਗਇਆ। 1553 ਵਿਚ ਆਪਣੀ ਪੁਤਰੀ ਦੀ ਸ਼ਾਦੀ ਜੇਠਾ ਜੀ (ਗੁਰੂ ਰਾਮਦਾਸ ਜੀ) ਨਾਲ  ਕਰ ਦਿੱਤੀ। ਹਰੀਪੁਰ ਦਾ ਰਾਜਾ ਆਪ ਦਾ ਸਿਖ ਬਣਿਆ ਅਤੇ ਗੋਇੰਦਵਾਲ ਲੱਕੜੀ ਭਿਜਵਾਉਣ ਵਿਚ ਬੜੀ ਸੇਵਾ-ਸਹਾਇਤਾ ਕੀਤੀ। ਲੰਗਰ ਦੀ ਪ੍ਰਥਾ ਹੋਰ ਪ੍ਰਪੱਖ ਕੀਤੀ ਗਈ ਤਾਂ ਕਿ ਛੂਤ ਛਾਤ ਦੇ ਰੋਗ ਨੂੰ ਦੂਰ ਕੀਤਾ ਜਾ ਸਕੇ ਅਤੇ ਗੁਰੂ ਸੰਗਤ ਵਿਚ ਬੈਠਣ ਲਈ ਜ਼ਰੂਰੀ ਸੀ ਕਿ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਜਾਵੇ। ਇਸੇ ਕਰਕੇ ਉਚ ਜਾਤ ਅਭਿਮਾਨੀਆਂ ਨੇ ਆਪ ਦਾ ਬਹੁਤ ਵਿਰੋਧ ਕੀਤਾ। ਆਖ਼ਿਰ ਪੰਡਤ ਮਾਈ ਦਾਸ ਵਰਗੇ ਨੇ ਵੀ ਲੰਗਰ ਵਿਚ ਪਰਸ਼ਾਦਾ ਛਕਿਆ ਅਤੇ ਗੁਰੂ ਜੀ ਦਾ ਸਿਖ ਬਣਿਆ।

          ਪਰ ਖਡੂਰ, ਗੋਇੰਦਵਾਲ ਸਾਹਿਬ ਤੋਂ ਜ਼ਿਆਦਾ ਦੂਰ ਨਹੀਂ ਸੀ। ਬਾਬਾ ਦਾਤੂ ਜੀ (ਗੁਰੂ ਅੰਗਦ ਦੇਵ ਜੀ ਦੇ ਵੱਡੇ ਪੁੱਤਰ) ਨੇ ਵਿਰੋਧ ਹੀ ਕੀਤਾ। ਮਾਤਾ ਖੀਵੀ ਜੀ (ਗੁਰੂ ਅੰਗਦ ਸਾਹਿਬ ਜੀ ਦੇ ਮਹਿਲ) ਨੇ ਆਪ ਨੂੰ ਬਹੁਤ ਸਮਝਾਇਆ ਪਰ ਆਪ ਨੇ ਆਪਣੀ ਅੜੀ ਨਾ ਛੱਡੀ । ਗੁਰੂ ਘਰ ਦੇ ਵਿਰੋਧੀਆਂ ਦੇ ਕਹਿਣ ਤੇ ਬਾਬਾ ਦਾਤੂ ਜੀ 1556 ਵਿਚ ਗੋਇੰਦਵਾਲ ਆਏ ਅਤੇ ਗੁਰੂ ਅਮਰਦਾਸ ਜੀ ਨੂੰ ਦੀਵਾਨ ਵਿਚ ਲੱਤ ਮਾਰ ਕੇ ਹੇਠਾਂ ਡੇਗ ਦਿੱਤਾ। ਗੁਰੂ ਅਮਰਦਾਸ ਜੀ ਦੀ ਨਿਮਰਤਾ ਦੀ ਹੱਦ ਸੀ ਜਦੋਂ ਉਹਨਾਂ ਦਾਤੂ ਜੀ ਨੂੰ ਆਖਿਆ ਕਿ ਕਿਤੇ ਮੇਰੀ ਬਿਰਧ ਉਮਰ ਦੇ ਹੱਡਾਂ ਕਰਕੇ ਆਪ ਨੂੰ ਪੈਰ ਤੇ ਸੱਟ ਤਾਂ ਨਹੀਂ ਲੱਗ ਗਈ। ਆਪ ਰਾਤੋ ਰਾਤ ਬਗੈਰ ਕਿਸੇ ਨੂੰ ਦਸੇ ਬਾਸਰਕੇ ਆ ਗਏ ਅਤੇ ਇਕ ਕੋਠੇ ਵਿਚ ਟਿਕ ਗਏ। ਬਾਬਾ ਦਾਤੂ ਜੀ ਨੂੰ ਗੁਰੂ ਮੰਨਣ ਤੋਂ ਸੰਗਤਾਂ ਨੇ ਨਾਂਹ ਕਰ ਦਿੱਤੀ। ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਬਾਸਰਕੇ ਤੋਂ ਮੁੜ ਗੋਇੰਦਵਾਲ ਮੋੜ ਲਿਆਂਦਾ। ਕੋਠੇ ਦੇ ਪਿਛਲੇ ਪਾਸੇ ਸੰਨ ਲਗਾ ਕੇ ਅੰਦਰ ਗਏ ਕਿਉਂਕਿ ਬੂਹੇ ਤੇ ਲਿਖਿਆ ਸੀ ਕਿ ਜੋ ਅੰਦਰ ਆਵੇਗਾ ਮੇਰਾ ਸਿੱਖ ਨਹੀਂ ਹੋਵੇਗਾ। ਇਤਿਹਾਸ ਦੱਸਦਾ ਹੈ ਕਿ ਆਖ਼ਿਰ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਤੋਂ ਆਪਣੀ ਭੁੱਲ ਬਖ਼ਸ਼ਾਈ।

          1556 ਵਿਚ ਅਕਬਰ ਦਿੱਲੀ ਦੇ ਤਖ਼ਤ ਤੇ ਬੈਠਾ ਅਤੇ ਮਈ-ਜੂਨ 1557 ਵਿਚ ਲਾਹੌਰ ਆਇਆ। ਗੁਰੂ ਅਮਰਦਾਸ ਜੀ ਕੋਈ 78 ਸਾਲ ਤੋਂ ਵਧੀਕ ਉਮਰ ਦੇ ਹੋ ਚੁੱਕੇ ਸਨ ਸੋ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਰਾਜ ਦਰਬਾਰੇ ਹੋਈ ਸ਼ਿਕਾਇਤ ਨੂੰ ਨਜਿੱਠਣ ਲਈ ਲਾਹੌਰ ਜੇਠਾ ਜੀ ਨੂੰ ਜੋ ਉਸ ਸਮੇਂ 23 ਕੂ ਸਾਲ ਦੇ ਸਨ ਭੇਜਿਆ ਗਿਆ ਜਿਨ੍ਹਾਂ ਤੋਂ ਇਹਨਾਂ ਦੋਖੀਆਂ ਨੂੰ ਮੂੰਹ ਦੀ ਖਾਣੀ ਪਈ। 1558 ਵਿਚ ਗੁਰੂ ਅਮਰਦਾਸ ਜੀ ਨੇ ਹਿੰਦੂ ਧਰਮ ਦੀਆਂ ਕੁਰੀਤੀਆਂ ਨੂੰ ਠੱਲ੍ਹ ਪਾਉਣ ਵਾਸਤੇ ਸੂਰਜ ਗ੍ਰਹਿਣ ਦੇ ਸਮੇਂ ਕੁਰਖਤ ਅਤੇ ਹਰਿ   ਦੁਆਰ ਦਾ ਦੌਰਾ ਕੀਤਾ। ਸਮੇਂ ਨਾਲ ਸ਼ੇਖ਼ ਫੱਤੇ ਦੀ ਗੱਦੀ ਵਾਲਿਆਂ ਨੇ ਵੀ ਆਪਣੇ ਅਸਰ ਰਸੂਖ਼ ਨੂੰ ਕਾਇਮ ਰੱਖਣ ਲਈ ਜਾਤ ਅਭਿਮਾਨੀ ਹਿੰਦੂਆਂ ਦਾ ਸਾਥ ਦਿੱਤਾ ਅਤੇ ਸਿੱਖ ਧਰਮ ਦੇ ਰਾਹ ਵਿਚ ਰੋਕਾਂ ਪਾਈਆਂ। 1559 ਦੇ ਆਰੰਭ ਵਿਚ ਗੁਰੂ ਅਮਰਦਾਸ ਜੀ ਨੇ ਬਾਉਲੀ ਬਣਾਉਣੀ ਸ਼ੁਰੂ ਕਰ ਦਿੱਤੀ। ਸਿੱਖ ਸੰਗਤ ਇਸ ਦੀ ਤਿਆਰੀ ਵਿਚ ਬੜੇ ਸ਼ੌਕ ਨਾਲ ਸੇਵਾ ਕਰਨ ਲੱਗ ਪਈ। ਗੋਇੰਦਵਾਲ  ਸਾਹਿਬ ਵਿਚ ਬਾਉਲੀ ਸਾਹਿਬ ਦੀ ਸੇਵਾ ਸ਼ੁਰੂ ਹੋਣ ਨਾਲ ਇਥੇ ਦਿਨੋਂ ਦਿਨ ਗੁਰੂ ਸੰਗਤ ਦੀ ਰੌਣਕ ਵਧਦੀ ਗਈ। ਬਾਉਲੀ ਦੀਆਂ 84 ਪਉੜੀਆਂ ਨੇ ਸਹਿਜੇ ਸਹਿਜੇ ਸਿੱਖਾਂ ਵਿਚ ਇਹ ਖਿਆਲ ਭਰ ਦਿੱਤਾ ਕਿ ਇਥੇ ਇਸ਼ਨਾਨ ਕਰਨ ਨਾਲ 84 ਲੱਖ ਜੂਨਾਂ ਕੱਟੀਆਂ ਜਾਣਗੀਆਂ। ਜਿਸ ਨੂੰ ਮਨੋਵਿਗਿਆਨਕ ਸੋਚ ਹੀ ਆਖਿਆ ਜਾ ਸਕਦਾ ਹੈ। ਇਤਿਹਾਸ ਇਹ ਵੀ ਦੱਸਦਾ ਹੈ ਕਿ ਬਾਉਲੀ ਦਾ ਕੜ ਜਿਸ ਥੱਲੇ ਪਾਣੀ ਸੀ, ਬਹੁਤ ਕਰੜਾ ਸੀ ਅਤੇ ਇਸ ਨੂੰ ਕਟੇ ਬਿੰਨ੍ਹਾਂ ਬਾਉਲੀ ਵਿਚ ਪਾਣੀ ਆਉਣਾ ਨਾਮੁਮਕਨ ਸੀ।। ਆਖ਼ਿਰ ਇਕ ਗੱਭਰੂ ‘ਮਾਣਕ ਚੰਦ’ ਨੇ ਛੈਣੀ ਹਥੌੜੇ ਨਾਲ ਕੜ ਨੂੰ ਤੋੜਿਆ ਪਰ ਐਸਾ ਲੱਗਾ ਕਿ ਮਾਣਕ ਚੰਦ ਪਾਣੀ ਹੇਠ ਡੁੱਬ ਗਿਆ ਹੈ ਪਰ ਗੁਰੂ ਅਮਰਦਾਸ ਜੀ ਦੇ ਅਸ਼ੀਰਵਾਦ ਸਦਕਾ ਕੁਝ ਸਮੇਂ ਬਾਅਦ ਇਸਦਾ ਬੇ-ਸੁਰਤ ਸਰੀਰ ਪਾਣੀ ਉਤੇ ਤੈਰ ਆਇਆ। ਪੇਟ ਵਿਚੋਂ ਪਾਣੀ ਕੱਢਣ ਅਤੇ ਗੁਰੂ ਜੀ ਦੀ ਮੇਹਰ ਸਦਕਾ ਮਾਣਕ ਚੰਦ ਨੌ-ਬਰ-ਨੌ ਹੋ ਗਿਆ। ਇਸ ਤਰ੍ਹਾਂ ਉਸਨੇ ਸਿੱਖਾਂ ਵਿਚ ਦਲੇਰੀ ਨਾਲ ਸੇਵਾ ਕਰਨ ਦੇ ਪੂਰਨੇ ਪਾ ਦਿੱਤੇ। ਸਮੇਂ ਨਾਲ ਮਾਣਕ ਚੰਦ ਨੂੰ ਗੁਰੂ ਜੀ ਨੇ ਸਿਖ-ਧਰਮ ਦਾ ਪ੍ਰਚਾਰਕ ਥਾਪ ਦਿੱਤਾ।

          ਭਾਈ ‘ਸੰਤ ਸਾਧਾਰਨ’ ਜੋ ਬਕਾਲੇ ਦਾ ਨਿਵਾਸੀ ਸੀ ਉਸਨੇ ਬਹੁਤ ਸੁੰਦਰ ਪਾਉੜੀਆਂ ਪੂਰਨ ਸ਼ਰਧਾ ਅਤੇ ਸਿਦਕ ਨਾਲ ਘੜ ਕੇ ਫਿਟ ਕੀਤੀਆਂ ਅਤੇ ਗੁਰੂ ਸਾਹਿਬ ਜੀ ਦੀ ਖ਼ੁਸ਼ੀ ਹਾਸਲ ਕੀਤੀ। ਸੁਲਤਾਨਪੁਰ ਦੇ ‘ਮਹੇਸ਼ਾ ਜੀ’ ਨੇ ਵੀ ਬਾਉਲੀ ਬਣਾਉਣ ਵਿਚ ਬਹੁਤ ਸੇਵਾ ਕੀਤੀ ਇਥੋਂ ਤੱਕ ਕਿ ਉਹਨਾਂ ਦਾ ਆਪਣਾ ਵਿਉਪਾਰਕ ਮੰਦਾ ਪੈ ਗਿਆ ਪਰ ਆਪ ਦੀ ਆਤਮਿਕ ਅਵਸਥਾ ਬਹੁਤ ਉੱਚੀ ਹੋ ਗਈ। ਮਾਈ ਸੇਵਾ (ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਦੇ ਇਕ ਬਜ਼ਾਰ ਦਾ ਨਾਮ ਹੀ ਮਾਈ ਸੇਵਾ ਰਖਿਆ ਸੀ) ਜੋ ਕਾਬਲ ਦੀ ਰਹਿਣ ਵਾਲੀ ਸੀ ਨੇ ਵੀ ਇਕ ਚਿਤ ਹੋ ਕੇ ਬਾਉਲੀ ਨਿਰਮਾਣ ਵਿਚ ਸੇਵਾ ਕੀਤੀ। ਬਾਉਲੀ ਬਣ ਜਾਣ ਤੇ ਭਾਈ ਪਾਰੋ ਜੁਲਕਾ, ਜਿੰਨ੍ਹਾਂ ਦੀ ਨਿਰਮਾਣ ਸੇਵਾ ਅਤੇ ਸਿੱਖੀ ਦੀ ਕਮਾਈ ਨੂੰ ਦੇਖ ਕੇ ਸਤਿਗੁਰੂ ਜੀ ਨੇ ‘ਪਰਮ ਹੰਸ’ ਪਦ ਨਾਲ ਨਿਵਾਜਿਆ ਸੀ, ਨੇ ਗੁਰੂ ਅਮਰਦਾਸ ਜੀ ਨੂੰ ਸੰਗਤਾਂ ਵਿਚ ਸਾਂਝਾ ਜੋੜ ਮੇਲਾ ਕਰਨ ਵਾਸਤੇ ਬੇਨਤੀ ਕੀਤੀ ਅਤੇ ਇਸ ਤਰ੍ਹਾਂ 1567 ਵਿਚ ਪਹਿਲੀ ਵਾਰੀ ਵਿਸਾਖੀ ਦਾ ਵੱਡੀ ਪੱਧਰ ਤੇ ਸਿੱਖ ਸੰਗਤਾਂ ਦਾ ਜੋੜ ਮੇਲਾ ਗੋਇੰਦਵਾਲ ਸਾਹਿਬ ਵਿਖੇ ਹੋਇਆ। ਬਾਕੀ ਗੁਰੂ ਜਾਮਿਆਂ ਵਿਚ ਵੀ ਜਿਥੇ ਗੁਰੂ ਸਾਹਿਬ ਹੁੰਦੇ ਵਿਸਾਖੀ ਵਾਲੇ ਦਿਨ ਨੂੰ ਸਿੱਖੀ ਦਾ ਕੌਮੀ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਣਾ ਜਾਰੀ ਰਿਹਾ।

          ਗੋਇੰਦਵਾਲ ਸਾਹਿਬ ਵਿਚ ਰਹਿਣ ਵਾਲੇ ਤਪੇ ਸ਼ਿਵਨਾਥ ਨੇ ਵੀ ਆਪਣੀ ਹੇਠੀ ਹੁੰਦੇ ਦੇਖ ਕੇ ਵਿਰੋਧ ਸ਼ੁਰੂ ਕਰ ਦਿੱਤਾ ਪਰ ਲੋਭ ਵੱਸ ਲੰਗਰ ਵਿਚ ਆ ਹੀ ਗਿਆ ਕਿਉਂਕਿ ਉਹ ਮੋਹਰਾਂ ਦੀ ਦੱਛਣਾ ਕਿਵੇਂ ਛੱਡ ਸਕਦਾ ਸੀ? ਤਪੇ ਦੀ ਕਰਤੂਤ ਜ਼ਾਹਿਰ ਹੋਣ ਤੇ ਸਾਰਿਆਂ ਨੂੰ ਉਸਦੀ ਅਸਲੀਅਤ ਸਮਝ ਆ ਗਈ। ਗੋਇੰਦਵਾਲ, ਲਾਹੌਰ ਤੋਂ ਦਿੱਲੀ ਜਾਣ ਵਾਲੀ ਸੜਕ ਉਤੇ ਸੀ। ਅਕਬਰ ਨੇ 1560 ਵਿਚ ਪੰਜਾਬ ਤੋਂ ਲਾਹੌਰ ਜਾਂਦੇ ਸਮੇਂ ਗੋਇੰਦਵਾਲ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਗੁਰੂ ਕੇ ਲੰਗਰ ਵਿਚ ਹਰ ਆਉਣ ਵਾਲੇ ਨੂੰ ਰੋਟੀ ਸਵਾਏ ਜਾਣ ਨੂੰ ਦੇਖ ਕੇ ਖ਼ੁਸ਼ ਹੋਇਆ। ਬਾਦਸ਼ਾਹ ਨੇ ਆਪ ਵੀ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਲੰਗਰ ਦੇ ਖ਼ਰਚ ਵਾਸਤੇ ਜਗੀਰ ਦੇਣੀ ਚਾਹੀ ਪਰ ਗੁਰੂ ਸਾਹਿਬ ਜੀ ਨੇ ਪਿਆਰ ਭਰੇ ਸ਼ਬਦਾਂ ਨਾਲ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਇਹ ਲੰਗਰ ਸਾਂਝੇ ਉੱਦਮ ਨਾਲ ਹੀ ਚੱਲਣਾ ਚਾਹੀਦਾ ਹੈ ।

          ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰਚਾਰ ਦੌਰੇ ਦੇ ਸਮੇਂ ਧਰਮਸਾਲਾ ਸਥਾਪਿਤ ਕਰਵਾਈਆਂ ਸਨ ਅਤੇ ਯੋਗ ਬੰਦਿਆਂ ਨੂੰ ਪ੍ਰਚਾਰਕ ਵੀ ਥਾਪਿਆ ਸੀ। ਗੁਰੂ ਅਮਰਦਾਸ ਜੀ ਨੇ ਆਪਣੀ ਪ੍ਰਵਾਨਗੀ ਹੇਠ ਪ੍ਰਚਾਰਕ, ਮੰਜੀਆਂ ਥਾਪੀਆਂ। ਸਿੱਖਾਂ ਵਿਚ ਇਹਨਾਂ ਜੀਆਂ ਦਾ ਸਤਿਕਾਰ ਹੁੰਦਾ ਸੀ ਅਤੇ ਇਹ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਦੇ ਸਨ। ਸਿੱਖ ਸੰਗਤਾਂ ਦੀ ਗਿਣਤੀ ਵੱਧਣ ਕਰਕੇ ਐਸਾ ਕਰਨਾ ਜ਼ਰੂਰੀ ਵੀ ਹੋ ਗਿਆ ਸੀ। ਸ੍ਰੀ ਅੰਮ੍ਰਿਤਸਰ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਸਿੱਖੀ ਦਾ ਮੁੱਖ ਕੇਂਦਰ ਸੀ। ਗੁਰੂ ਅਮਰਦਾਸ ਜੀ ਨੇ ਸਾਰੀ ਸਿੱਖ-ਵਸੋਂ ਦੇ ਇਲਾਕਿਆਂ ਨੂੰ 22 ਹਿੱਸਿਆਂ ਵਿਚ ਵੰਡਿਆ ਅਤੇ ਇਸ ਤਰ੍ਹਾਂ 22 ਮੰਜੀਆਂ ਦੀ ਸਥਾਪਨਾ ਕੀਤੀ। ਇਨ੍ਹਾਂ ਵਿਚੋਂ ਭਾਈ ਅੱਲਾ ਯਾਰ, ਪੰਡਿਤ ਮਾਈ ਦਾਸ, ਭਾਈ ਮਾਣਕ ਚੰਦ, ਭਾਈ ਪਾਰੋ ਜੁਲਕਾ, ਭਾਈ ਸੱਚਨ ਸੱਚ, ਭਾਈ ਸਾਵਣ ਮੱਲ, ਭਾਈ ਗੰਗੂਸ਼ਾਹ, ਭਾਈ ਲਾਲੂ ਵੈਦ ਅਤੇ ਮਥੋ-ਮੁਰਾਰੀ (ਪਤਨੀ ਅਤੇ ਪਤੀ) ਦੇ ਨਾਮ ਸਿਖ-ਇਤਿਹਾਸ ਵਿਚ ਉੱਘੇ ਹਨ। ਮਾਝੇ ਦੇ ਪਿੰਡਾਂ ਵਿਚ ਗੁਰੂ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ 1570 ਵਿੱਚ ਕੁੱਝ ਪਿੰਡਾਂ ਦੇ ਸਰਪੰਚਾਂ ਦੇ ਸਾਹਮਣੇ ਇਕ ਮੋੜ੍ਹੀ ਗਡਵਾ ਕੇ ਇਸ ਪਿੰਡ ਦਾ ਨਾਮ ਗੁਰੂ-ਚੱਕ ਰੱਖ ਦਿਤਾ। ਇਸੇ ਦੇ ਲਾਗੇ ਗੁਰੂ ਰਾਮਦਾਸ ਜੀ ਨੇ ਹੋਰ ਜ਼ਮੀਨ ਖ਼ਰੀਦ ਕੇ ਇਕ ਵੱਡਾ ਸ਼ਹਿਰ ‘ਰਾਮਦਾਸ ਪੁਰ’ ਸਥਾਪਿਤ ਕੀਤਾ ਜੋ ਬਾਅਦ ਵਿਚ ਅੰਮ੍ਰਿਤਸਰ ਕਹਿ ਲਾਇਆ। ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਹਰ ਪੱਖੋਂ ਪਰਖਣ ਤੋਂ ਬਾਅਦ ਆਪਣੀ ਗੁਰਗੱਦੀ ਸੌਂਪ ਦਿੱਤੀ ਅਤੇ ਗੁਰਬਾਣੀ ਦਾ ਸਾਰਾ ਸੰਗ੍ਰਹਿ ਜੋ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਤੋਂ ਮਿਲਿਆ ਸੀ ਗੁਰੂ ਰਾਮਦਾਸ ਜੀ ਦੇ ਹਵਾਲੇ ਕਰ ਦਿੱਤਾ। ਆਪ ਨੇ 1 ਸਤੰਬਰ 1574 ਨੂੰ ਜੋਤੀ ਜੋਤ ਸਮਾਉਣ ਤੋਂ ਕੁੱਝ ਦਿਨ ਪਹਿਲਾਂ ਸਾਰੇ ਪਰਿਵਾਰ ਨੂੰ ਆਪਣੇ ਕੋਲ ਸੱਦ ਲਿਆ। ਆਪ ਦੇ ਅੰਤ ਵੇਲੇ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਚੰਗੀ ਤਰਾ ਸਮਝਾਇਆ ਅਤੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪਣ ਤੋਂ ਬਾਅਦ ਪਹਿਲਾਂ ਸੰਗਤ ਨੂੰ ਆਗਿਆ ਕੀਤੀ ਕਿ ਸਭ ਗੁਰੂ ਰਾਮਦਾਸ ਜੀ ਅੱਗੇ ਨਿਵਣ। ਆਪ ਦੇ ਛੋਟੇ ਪੁੱਤਰ ਮੋਹਰੀ ਜੀ ਨੇ ਹੁਕਮ ਮੰਨ ਕੇ ਮੱਥਾ ਟੇਕਿਆ ਪਰ ਮੋਹਨ ਜੀ ਨੇ ਐਸਾ ਨਾ ਕੀਤਾ।

ਆਦਿ ਗ੍ਰੰਥ ਵਿੱਚ ਕੁੱਲ 31 ਰਾਗਾਂ ਵਿੱਚੋਂ 17 ਰਾਗਾਂ ਵਿੱਚ ਗੁਰੂ ਅਮਰਦਾਸ ਦੀ ਬਾਣੀ ਅੰਕਿਤ ਹੈ । ਆਪ ਦੀ ਰਚਨਾ ਦੇ ਸ਼ਬਦਾਂ ਸਲੋਕਾਂ ਦੀ ਕੁੱਲ ਗਿਣਤੀ 907 ਹੈ ।

 

ਗ‌ਿਆਨੀ ਗੁਰਮੁੱਖ ਸਿੰਘ ਐਮ.ਏ ,ਪ੍ਰਚਾਰਕ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ

                                                ਫੋਨ ਨੰਬਰ +919779612929


jasbir singh

News Editor

Related News