ਪ੍ਰੇਮਿਕਾ ਤੇ ਉਸ ਦੇ ਪਰਿਵਾਰ ਦੀ ਬਲੈਕਮੇਲਿੰਗ ਤੋਂ ਦੁਖੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ
Thursday, Aug 27, 2026 - 11:25 AM (IST)
ਮੋਗਾ (ਆਜ਼ਾਦ) : ਮੋਗਾ ਜ਼ਿਲੇ ਦੇ ਪਿੰਡ ਡਾਲਾ ਵਾਸੀ ਬੇਅੰਤ ਸਿੰਘ ਵੱਲੋਂ ਆਪਣੀ ਕਥਿਤ ਪ੍ਰੇਮਿਕਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਬਲੈਕਮੇਲਿੰਗ ਤੋਂ ਤੰਗ ਆ ਕੇ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਮਹਿਣਾ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਅਮਨਪ੍ਰੀਤ ਸਿੰਘ ਵਾਸੀ ਪਿੰਡ ਡਾਲਾ ਦੀ ਸ਼ਿਕਾਇਤ ’ਤੇ ਸਾਦੀਆ ਅਤੇ ਉਸ ਦੀ ਮਾਤਾ ਫੂਲਾ ਦੇਵੀ ਦੋਵੇਂ ਵਾਸੀ ਪਿੰਡ ਡਾਲਾ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪਿਤਾ ਅਮਨਪ੍ਰੀਤ ਸਿੰਘ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਉਸ ਦਾ ਪੁੱਤਰ ਬੇਅੰਤ ਸਿੰਘ 12ਵੀਂ ਜਮਾਤ ਤੋਂ ਬਾਅਦ ਉਸ ਦੇ ਨਾਲ ਹੀ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਦੇ ਪੁੱਤਰ ਦੇ ਸਾਦੀਆ ਨਾਮਕ ਲੜਕੀ ਨਾਲ ਕਰੀਬ ਡੇਢ ਸਾਲ ਤੋਂ ਕਥਿਤ ਪ੍ਰੇਮ ਸਬੰਧ ਸਨ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਪੁੱਤਰ ਨੂੰ ਕਥਿਤ ਪ੍ਰੇਮਿਕਾ ਸਾਦੀਆ ਅਤੇ ਉਸ ਦੀ ਮਾਤਾ ਫੂਲਾ ਦੇਵੀ ਉਰਫ਼ ਸਮਸੁਨ ਵੱਲੋਂ ਬਲੈਕਮੇਲ ਕਰ ਕੇ ਪੈਸੇ ਉਗਰਾਹੇ ਜਾਂਦੇ ਸਨ ਅਤੇ ਪੈਸੇ ਦੇਣ ਲਈ ਮਜਬੂਰ ਕੀਤਾ ਜਾਂਦਾ ਸੀ। ਉਹ ਕਥਿਤ ਤੌਰ ’ਤੇ ਧਮਕਾਉਂਦੇ ਸਨ ਕਿ ਜੇ ਪੈਸੇ ਨਾ ਦਿੱਤੇ ਤਾਂ ਉਸ ਨੂੰ ਬਦਨਾਮ ਕਰ ਦਿੱਤਾ ਜਾਵੇਗਾ।
ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੇ ਪੁੱਤਰ ਨੇ ਉਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਉਹ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਉਕਤ ਲੜਕੀ ਦੇ ਘਰ ਗਿਆ ਅਤੇ ਉਨ੍ਹਾਂ ਨੂੰ ਉਸ ਦੇ ਪੁੱਤਰ ਨੂੰ ਤੰਗ-ਪ੍ਰੇਸ਼ਾਨ ਨਾ ਕਰਨ ਲਈ ਕਿਹਾ ਪਰ ਕਥਿਤ ਤੌਰ ’ਤੇ ਉਨ੍ਹਾਂ ਨੇ ਕੋਈ ਗੱਲ ਨਹੀਂ ਮੰਨੀ ਅਤੇ ਉਸੇ ਸ਼ਾਮ ਵੀ ਉਸ ਦੇ ਪੁੱਤਰ ਨੂੰ ਧਮਕੀਆਂ ਦਿੱਤੀਆਂ ਕਿ ਜੇ ਪੈਸੇ ਨਾ ਮਿਲੇ ਤਾਂ ਉਸ ਦੀ ਬਦਨਾਮੀ ਕੀਤੀ ਜਾਵੇਗੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸ ਗੱਲ ਨੂੰ ਲੈ ਕੇ ਉਸ ਦਾ ਪੁੱਤਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਅਤੇ ਕਥਿਤ ਬਲੈਕਮੇਲਿੰਗ ਤੇ ਧਮਕੀਆਂ ਤੋਂ ਤੰਗ ਆ ਕੇ ਉਸ ਨੇ ਘਰ ਵਿਚ ਪੱਖੇ ਨਾਲ ਫਾਹਾ ਲੈ ਲਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਕਮਰੇ ਵਿਚੋਂ ਆਵਾਜ਼ ਸੁਣੀ ਤਾਂ ਉਹ ਤੁਰੰਤ ਉੱਥੇ ਪਹੁੰਚੇ ਅਤੇ ਬੇਅੰਤ ਸਿੰਘ ਨੂੰ ਹੇਠਾਂ ਉਤਾਰ ਕੇ ਹੋਰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਮੋਗਾ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ਿਕਾਇਤ ਦੇ ਆਧਾਰ ’ਤੇ ਥਾਣਾ ਮਹਿਣਾ ਪੁਲਸ ਵੱਲੋਂ ਸਾਦੀਆ ਅਤੇ ਉਸ ਦੀ ਮਾਤਾ ਫੂਲਾ ਦੇਵੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਸਿਵਲ ਹਸਪਤਾਲ ਮੋਗਾ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
