8 ਸਾਲਾ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਕਤਲ ਕਰਨ ਵਾਲੇ ਨੂੰ ਮਿਲੀ ਉਮਰਕੈਦ

Wednesday, Feb 05, 2020 - 06:09 PM (IST)

8 ਸਾਲਾ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਕਤਲ ਕਰਨ ਵਾਲੇ ਨੂੰ ਮਿਲੀ ਉਮਰਕੈਦ

ਜਲੰਧਰ (ਜਤਿੰਦਰ, ਭਾਰਦਵਾਜ)— 8 ਸਾਲਾ ਬੱਚੀ ਨੂੰ ਅਗਵਾ ਕਰਕੇ ਜਬਰ-ਜ਼ਨਾਹ ਕਰਨ ਅਤੇ ਫਿਰ ਬਾਅਦ 'ਚ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ 'ਚ ਐਡੀਸ਼ਨਲ ਸੈਸ਼ਨ ਜੱਜ ਮੁਲਜ਼ਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸ਼ੈਸਨ ਜੱਜ ਸ਼੍ਰੀਮਤੀ ਸੰਦੀਪ ਕੌਰ ਦੀ ਅਦਾਲਤ ਵੱਲੋਂ ਰਾਜਿੰਦਰ ਕੁਮਾਰ ਉਰਫ ਕਾਲਾ ਨੂੰ ਇਕ 8 ਸਾਲਾ ਬੱਚੀ ਨੂੰ ਅਗਵਾ ਕਰਨ ਉਪਰੰਤ ਉਸ ਨਾਲ ਜਬਰ-ਜ਼ਨਾਹ ਕਰਕੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਉਮਰ ਕੈਦ, 50 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ 4 ਮਹੀਨੇ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ। ਇਹ ਮਾਮਲਾ ਇਕ ਫਰਵਰੀ 2017 ਦਾ ਹੈ, ਜਦੋਂ ਉਕਤ ਮੁਲਜ਼ਮ ਨੇ ਬੱਚੀ ਨੂੰ ਅਗਵਾ ਕੀਤਾ ਅਤੇ ਫਿਰ ਬਲਾਤਕਾਰ ਕਰਕੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਮਾਮਲੇ 'ਚ ਰਣਜੀਤ ਕੁਮਾਰ ਵਾਸੀ ਅਰਜੁਨ ਨਗਰ ਬਸਤੀ ਮਿੱਠੂ ਵੱਲੋਂ ਥਾਣਾ ਬਸਤੀ ਬਾਵਾ ਖੇਲ 'ਚ ਰਿਪੋਰਟ ਦਰਜ ਕਰਵਾਈ ਗਈ ਸੀ ਕਿ ਉਸ ਦੀ ਨਾਬਾਲਗ ਬੱਚੀ ਘਰ ਦੇ ਕੋਲ ਧਾਰਮਿਕ ਅਸਥਾਨ ਤੋਂ ਲੰਗਰ ਲੈਣ ਗਈ ਪਰ ਵਾਪਸ ਨਹੀਂ ਆਈ। ਬਾਅਦ 'ਚ ਅਗਲੇ ਦਿਨ ਪੁਲਸ ਨੂੰ ਨੰਗਲਸ਼ਾਮਾ ਨੇੜੇ ਇਕ ਬੇਆਬਾਦ ਪਲਾਟ 'ਚੋਂ ਬੱਚੀ ਦੀ ਲਾਸ਼ ਮਿਲੀ ਸੀ। ਜਾਂਚ ਦੌਰਾਨ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਰਾਜਿੰਦਰ ਕੁਮਾਰ ਉਰਫ ਕਾਲਾ ਵਾਸੀ ਬਸਤੀ ਗੁਜ਼ਾਂ ਉਸ (ਮ੍ਰਿਤਕ) ਬੱਚੀ ਨੂੰ ਵਰਗਲਾ ਕੇ ਸਾਈਕਲ 'ਤੇ ਨੰਗਲਸ਼ਾਮਾ ਲੈ ਗਿਆ। ਜਿੱਥੇ ਉਸ ਨੇ ਸ਼ਰਾਬ ਦੇ ਨਸ਼ੇ 'ਚ ਬੱਚੀ ਨਾਲ ਜਬਰ-ਜ਼ਨਾਹ ਕੀਤਾ, ਫਿਰ ਬੱਚੀ ਵੱਲੋਂ ਆਪਣੇ ਮਾਂ-ਪਿਉ ਨੂੰ ਦੱਸਣ ਦੀ ਗੱਲ 'ਤੇ ਉਸ ਨੇ ਬੱਚੀ ਦੀ ਗਲਾ ਘੁੱਟ ਕੇ ਹੱਤਿਆ ਕਰਕੇ ਲਾਸ਼ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ। ਬਾਅਦ 'ਚ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਕਾਲੇ ਨੇ ਆਪਣਾ ਜੁਰਮ ਕਬੂਲ ਕੀਤਾ ਸੀ।


author

shivani attri

Content Editor

Related News