ਮੋਰਿੰਡਾ 'ਚ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ
Sunday, Nov 03, 2019 - 03:08 PM (IST)

ਮੋਰਿੰਡਾ (ਜੱਸੋਵਾਲ)— ਇਥੋਂ ਦੇ ਇਕ ਪਿੰਡ 'ਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਨਾਬਾਲਗ ਲੜਕੀ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਰਿੰਡਾ ਦੇ ਇਕ ਪਿੰਡ 'ਚ ਰਹਿਣ ਵਾਲਾ ਪਰਿਵਾਰ ਕਿਸੇ ਵਿਆਹ ਸਮਾਗਮ 'ਚ ਗਿਆ ਸੀ। ਇਥੋਂ ਬੀਤੀ ਰਾਤ ਨੂੰ ਸੁੱਤੀ ਹੋਈ 8 ਸਾਲਾ ਬੱਚੀ ਗਾਇਬ ਹੋ ਗਈ। ਉਕਤ ਪਰਿਵਾਰ ਵੱਲੋਂ ਲੜਕੀ ਦੀ ਭਾਲ ਕੀਤੀ ਗਈ ਤਾਂ ਪਰਿਵਾਰ ਨੇ ਬੱਚੀ ਨੂੰ ਨੇੜੇ ਸਥਿਤ ਇਕ ਗਲੀ 'ਚ ਪਾਇਆ, ਜਿੱਥੇ ਜਬਰ-ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗੁਆਂਢ 'ਚ ਰਹਿੰਦਾ ਵਿਅਕਤੀ ਵੀ ਮੌਜੂਦ ਸੀ। ਇਸ ਤੋਂ ਬਾਅਦ ਮੌਕਾ ਦੇਖ ਕੇ ਮੁਲਜ਼ਮ ਫਰਾਰ ਹੋ ਗਿਆ।
ਮੌਕੇ 'ਤੇ ਜ਼ਖਮੀ ਹਾਲਤ 'ਚ ਪਰਿਵਾਰ ਵੱਲੋਂ ਉਕਤ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਇਲਾਜ ਅਧੀਨ ਹੈ। ਉਕਤ ਘਟਨਾ ਸਬੰਧੀ ਪਰਿਵਾਰ ਵੱਲੋਂ ਮੋਰਿੰਡਾ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ। ਪੁਲਸ ਵੱਲੋਂ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।