ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਿੰਨੀ ਮਾਹੀ ਦੀ ਨਵੀਂ ਧਾਰਮਿਕ ਐਲਬਮ
Friday, Jan 20, 2017 - 12:02 PM (IST)

ਜਲੰਧਰ— ਛੋਟੀ ਉਮਰ ਵਿਚ ਹੀ ਸ਼ੋਹਰਤ ਦੀਆਂ ਬੁਲੰਦੀਆਂ ਛੂਹਣ ਵਾਲੀ ਗਾਇਕਾ ਗਿੰਨੀ ਮਾਹੀ ਦਰਸ਼ਕਾਂ ਦੀ ਕਚਹਿਰੀ ਵਿਚ ਆਪਣੀ ਇਕ ਹੋਰ ਧਾਰਮਿਕ ਐਲਬਮ ''ਢੋਲ ਵੱਜਦੇ ਸੰਗਤਾਂ ਦੇ ਵਿਹੜੇ'' ਲੈ ਕੇ ਹਾਜ਼ਰ ਹੈ। ਗਿੰਨੀ ਦੀ ਇਹ ਧਾਰਮਿਕ ਐਲਬਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ''ਫੈਨ ਬਾਬਾ ਸਾਹਿਬ ਦੀ'' ਅਤੇ ''ਡੇਂਜਰ'' ਗੀਤ ਰਾਹੀਂ ਦਰਸ਼ਕਾਂ ਦੇ ਦਿਲਾਂ ਵਿਚ ਵਸੀ ਗਿੰਨੀ ਦੀਆਂ ਪਹਿਲੀਆਂ ਧਾਰਮਿਕ ਐਲਬਮਾਂ ''ਗੁਰਾਂ ਦੀ ਦੀਵਾਨੀ'' ਅਤੇ ''ਗੁਰਪੁਰਵ ਹੈ ਕਾਂਸ਼ੀ ਵਾਲੇ ਦਾ'' ਵੀ ਬੇਹੱਦ ਸਫਲ ਰਹੀਆਂ ਸਨ।
ਗਿੰਨੀ ਦੀ ਨਵੀਂ ਐਲਬਮ ਵਿਚ 9 ਟਰੈਕ ਹਨ, ਜਿਨ੍ਹਾਂ ਨੂੰ ਸ਼੍ਰੀ ਬੀਜਾ ਬੰਸੀਆ, ਡਾ. ਨਰੇਸ਼ ਮੇਹਟਾ, ਵਿੱਕੀ ਮੋਰਾਂਵਾਲੀਆ ਅਤੇ ਸੋਨੀ ਮੋਲਾ ਨੇ ਕਲਮਬੰਦ ਕੀਤਾ ਹੈ ਅਤੇ ਇਨ੍ਹਾਂ ਦੀਆਂ ਧੁਨਾਂ ਅਮਰ ਦਿ ਮਿਊਜ਼ਿਕ ਮਿਰਰ ਨੇ ਤਿਆਰ ਕੀਤੀਆਂ ਹਨ। ਕੈਮਰਾਮੈਨ ਸ਼੍ਰੀ ਰਮਨ ਰਾਜ਼ਕ ਨੇ ਇਨ੍ਹਾਂ ਗੀਤਾਂ ਦਾ ਫਿਲਮਾਂਕਣ ਕੀਤਾ ਹੈ। ਗਿੰਨੀ ਦੇ ਪਿਤਾ ਰਾਕੇਸ਼ ਮਾਹੀ ਨੇ ਦੱਸਿਆ ਕਿ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿਚ ਗਿੰਨੀ ਵੱਲੋਂ ਪੰਜਾਬੀ ਦੇ ਨਾਲ-ਨਾਲ ਹਿੰਦੀ ਗੀਤਾਂ ਦੀ ਮੰਗ ਕਰਨ ਵਾਲੀਆਂ ਸੰਗਤਾਂ ਲਈ ਇਸ ਐਲਬਮ ਵਿਚ ਇਕ ਗੀਤ ਬਾਬਾ ਸਾਹਿਬ ਡਾ. ਬੀ. ਆਰ. ਅੰਬੈਡਕਰ ਹੁਰਾਂ ਨੂੰ ਸਮਰਪਿਤ ਕਰਦੇ ਹੋਏ ਹਿੰਦੀ ਵਿਚ ਗਾਇਆ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਗਿੰਨੀ ਦੀ ਇਸ ਐਲਬਮ ਨੂੰ ਵੀ ਸੰਗਤਾਂ ਪਹਿਲੀਆਂ ਐਲਬਮਾਂ ਵਾਂਗ ਮਨਾਂ-ਮੋਹੀ ਪਿਆਰ ਦੇਣਗੀਆਂ।