ਡੀ. ਜੀ. ਪੀ. ਦੇ ਲਾਂਘੇ ਵਾਲੇ ਬਿਆਨ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਦਾ ਵੱਡਾ ਬਿਆਨ
Saturday, Feb 22, 2020 - 06:53 PM (IST)
ਅੰਮ੍ਰਿਤਸਰ/ਲਾਹੌਰ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅੱਤਵਾਦ ਨਾਲ ਜੋੜਨ ਵਾਲੇ ਬਿਆਨ ਦੀ ਨਿਖੇਧੀ ਕੀਤੀ ਹੈ। ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮੱਕੇ ਜ਼ਿਆਰਤ ਕਰਨ ਵਾਲਾ ਮੁਸਲਮਾਨ ਅੱਤਵਾਦੀ ਨਹੀਂ ਬਣਦਾ, ਹਿੰਦੂ ਕਟਾਸਰਾਜ ਤੇ ਹੋਰ ਤੀਰਥ ਸਥਾਨਾਂ ਦੀ ਯਾਤਰਾ ਕਰਕੇ ਅੱਤਵਾਦੀ ਨਹੀਂ ਬਣਦਾ, ਜੇਕਰ ਇਸਾਈ ਯੇਰੂਸ਼ਲਮ ਦੀ ਯਾਤਰਾ ਕਰਕੇ ਅੱਤਵਾਦੀ ਨਹੀਂ ਬਣਦਾ ਤਾਂ ਸਿੱਖ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਕੇ ਅੱਤਵਾਦੀ ਕਿਸ ਤਰ੍ਹਾਂ ਬਣ ਸਕਦੇ ਹਨ। ਜਥੇਦਾਰ ਨੇ ਕਿਹਾ ਕਿ ਸਿੱਖਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਬਹੁਤ ਅਹਿਮੀਅਤ ਰੱਖਦੇ ਹਨ, ਜੇਕਰ ਫਿਰ ਵੀ ਸਿੱਖ ਦਰਸ਼ਨ ਕਰਕੇ ਵਾਪਸ ਜਾਣ 'ਤੇ ਅੱਤਵਾਦੀ ਬਣਦੇ ਹਨ ਤਾਂ ਅਸੀਂ 100 ਵਾਰ ਅਜਿਹੇ ਅੱਤਵਾਦੀ ਬਣਨ ਲਈ ਤਿਆਰ ਹਾਂ।
ਇਸ ਦੇ ਨਾਲ ਹੀ ਜਥੇਦਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚੱਲਦੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਡੀ. ਜੀ. ਪੀ. ਖਿਲਾਫ ਕਾਰਵਾਈ ਕਰਨ ਅਤੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।