ਰਸੋਈ ਗੈਸ ਸਿਲੰਡਰ ਲੀਕ ਹੋਣ ਕਾਰਨ ਭੜਕੀ ਅੱਗ, ਦੋ ਮਾਸੂਮ ਭਰਾ ਅਤੇ ਚਾਚਾ ਗੰਭੀਰ ਰੂਪ ''ਚ ਝੁਲਸੇ
Wednesday, May 20, 2026 - 02:08 PM (IST)
ਲੁਧਿਆਣਾ (ਰਾਜ/ਖ਼ੁਰਾਨਾ): ਢੰਡਾਰੀ ਖੁਰਦ ਇਲਾਕੇ ਵਿਚ ਇਕ ਘਰ ਵਿਚ ਖਾਣਾ ਬਣਾਉਂਦੇ ਸਮੇਂ ਅਚਾਨਕ ਰਸੋਈ ਗੈਸ ਸਿਲੰਡਰ ਵਿਚੋਂ ਹੋਏ ਰਿਸਾਅ ਨੇ ਭਿਆਨਕ ਅੱਗ ਦਾ ਰੂਪ ਧਾਰਨ ਕਰ ਲਿਆ। ਇਸ ਭਿਆਨਕ ਅੱਗ ਦੀ ਲਪੇਟ ਵਿਚ ਆ ਕੇ ਦੋ ਮਾਸੂਮ ਸਕੇ ਭਰਾ ਅਤੇ ਉਨ੍ਹਾਂ ਦਾ ਚਾਚਾ ਜਿਉਂਦੇ ਸੜਨ ਤੋਂ ਵਾਲ-ਵਾਲ ਬਚੇ, ਪਰ ਤਿੰਨਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਸ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਬਿਨਾਂ ਸਮਾਂ ਗੁਆਏ ਤਿੰਨਾਂ ਜ਼ਖਮੀਆਂ ਨੂੰ ਨਿੱਜੀ ਵਾਹਨਾਂ ਅਤੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਤੋਂ ਬਾਅਦ ਤੁਰੰਤ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਮੂਲ ਰੂਪ ਵਿਚ ਬਿਹਾਰ ਦੇ ਸੀਤਾਪੁਰ ਦਾ ਰਹਿਣ ਵਾਲਾ ਆਨੰਦ ਕੁਮਾਰ ਆਪਣੇ ਪਰਿਵਾਰ ਦਾ ਪੇਟ ਪਾਲਣ ਅਤੇ ਮਜ਼ਦੂਰੀ ਦੇ ਸਿਲਸਿਲੇ ਵਿਚ ਸੋਮਵਾਰ ਨੂੰ ਹੀ ਲੁਧਿਆਣਾ ਆਇਆ ਸੀ। ਉਹ ਇੱਥੇ ਢੰਡਾਰੀ ਖੁਰਦ ਵਿਚ ਰਹਿ ਰਹੇ ਆਪਣੇ ਛੋਟੇ ਭਰਾ ਅੰਕੁਸ਼ ਦੇ ਘਰ ਰੁਕਿਆ ਹੋਇਆ ਸੀ। ਅਜੇ ਪਰਿਵਾਰ ਨੂੰ ਆਏ 24 ਘੰਟੇ ਵੀ ਨਹੀਂ ਬੀਤੇ ਸਨ ਕਿ ਮੰਗਲਵਾਰ ਸ਼ਾਮ ਨੂੰ ਜਦੋਂ ਘਰ ਵਿਚ ਰਾਤ ਦਾ ਖਾਣਾ ਪਕਾਉਣ ਦੀ ਤਿਆਰੀ ਚੱਲ ਰਹੀ ਸੀ, ਉਦੋਂ ਹੀ ਅਚਾਨਕ ਗੈਸ ਸਿਲੰਡਰ ਦੀ ਪਾਈਪ ਵਿਚੋਂ ਤੇਜ਼ ਰਿਸਾਅ ਸ਼ੁਰੂ ਹੋ ਗਿਆ। ਜਦੋਂ ਤੱਕ ਕੋਈ ਕੁਝ ਸਮਝ ਪਾਉਂਦਾ, ਉਦੋਂ ਤਕ ਪੂਰੀ ਰਸੋਈ ਵਿਚ ਗੈਸ ਫੈਲ ਗਈ ਅਤੇ ਉਸ ਨੇ ਇਕ ਵੱਡੇ ਧਮਾਕੇ ਨਾਲ ਅੱਗ ਫੜ ਲਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉੱਥੇ ਖੇਡ ਰਹੇ ਆਨੰਦ ਕੁਮਾਰ ਦੇ ਦੋ ਪੁੱਤਰਾਂ 9 ਸਾਲਾ ਯਸ਼ ਅਤੇ 6 ਸਾਲਾ ਅਰਥ ਨੂੰ ਅੱਗ ਦੀਆਂ ਲਪੇਟਾਂ ਨੇ ਚਾਰੋਂ ਪਾਸਿਓਂ ਘੇਰ ਲਿਆ। ਬੱਚਿਆਂ ਨੂੰ ਅੱਗ ਵਿਚ ਸੜਦਾ ਦੇਖ ਉਨ੍ਹਾਂ ਦਾ ਚਾਚਾ ਅੰਕੁਸ਼ ਚੀਕਦੇ ਹੋਏ ਰਸੋਈ ਵੱਲ ਭੱਜਿਆ ਅਤੇ ਉਸ ਨੇ ਦੋਵਾਂ ਭਤੀਜਿਆਂ ਨੂੰ ਬਾਹਰ ਕੱਢਣ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਵਿਚ ਹੱਥ ਪਾ ਦਿੱਤਾ। ਬੱਚਿਆਂ ਨੂੰ ਤਾਂ ਜਿਵੇਂ-ਤਿਵੇਂ ਬਾਹਰ ਖਿਚ ਲਿਆ ਗਿਆ, ਪਰ ਇਸ ਕੋਸ਼ਿਸ਼ ਵਿਚ ਅੰਕੁਸ਼ ਖੁਦ ਵੀ ਬੁਰੀ ਤਰ੍ਹਾਂ ਝੁਲਸ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਅਨੁਸਾਰ ਤਿੰਨਾਂ ਜ਼ਖਮੀਆਂ ਦਾ ਸਰੀਰ ਕਾਫੀ ਜ਼ਿਆਦਾ ਝੁਲਸ ਚੁੱਕਾ ਹੈ ਅਤੇ ਉਨ੍ਹਾਂ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ
