ਨਿਸ਼ਾਂਤ ਸ਼ਰਮਾ ਦਾ ਦੋਸ਼- ਗੈਂਗਸਟਰ ਸੁਖਪ੍ਰੀਤ ਸਿੰਘ ਬੁੱਡਾ ਨੇ ਦਿੱਤੀ ਬੰਬ ਨਾਲ ਉਡਾਉਣ ਦੀ ਧਮਕੀ

Monday, Jul 15, 2019 - 08:41 PM (IST)

ਨਿਸ਼ਾਂਤ ਸ਼ਰਮਾ ਦਾ ਦੋਸ਼- ਗੈਂਗਸਟਰ ਸੁਖਪ੍ਰੀਤ ਸਿੰਘ ਬੁੱਡਾ ਨੇ ਦਿੱਤੀ ਬੰਬ ਨਾਲ ਉਡਾਉਣ ਦੀ ਧਮਕੀ

ਖੰਨਾ (ਕਮਲ)-ਗੈਂਗਸਟਰ ਸੁਖਪ੍ਰੀਤ ਸਿੰਘ ਬੁੱਡਾ ਵਲੋਂ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸਦਾ ਖੁਲਾਸਾ ਕਰਦੇ ਹੋਏ ਇਕ ਵਿਸ਼ੇਸ਼ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਗੈਂਗਸਟਰਾਂ ਨੂੰ ਇਹ ਨਸੀਹਤ ਦਿੱਤੀ ਸੀ ਕਿ ਉਹ ਪੰਜਾਬ ਪੁਲਸ ਨੂੰ ਸਰੰਡਰ ਕਰ ਦੇਣ ਨਹੀਂ ਤਾਂ ਪੰਜਾਬ ਪੁਲਸ ਦੇ ਜਾਂਬਾਜ਼ ਅਧਿਕਾਰੀ ਉਨ੍ਹਾਂ ਗੈਂਗਸਟਰਾਂ ਨੂੰ ਵੀ ਵਿੱਕੀ ਗੌਂਡਰ ਦੀ ਤਰ੍ਹਾਂ ਮੌਤ ਦੇ ਘਾਟ ਉਤਾਰ ਦੇਣਗੇ । ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਦੇ ਖਿਲਾਫ਼ ਉਠਾਈ ਉਨ੍ਹਾਂ ਦੀ ਬੁਲੰਦ ਆਵਾਜ਼ ਨਾਲ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਡਾ ਨੇ ਭੜਕ ਕੇ ਉਨ੍ਹਾਂ ਨੂੰ ਕਾਲ ਕਰਕੇ ਗਾਲਾਂ ਕੱਢ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ।

ਬੁੱਡਾ ਨੇ ਉਨ੍ਹਾਂ ਨੂੰ ਧਮਕਾਉਂਦਿਆਂ ਗੰਦੀਆਂ-ਗੰਦੀਆਂ ਗਾਲਾਂ ਕੱਢਦੇ ਹੋਏ ਕਿਹਾ ਕਿ ਤੈਨੂੰ ਬੰਬ ਨਾਲ ਮਾਰਾਂਗਾ। ਕੁਝ ਵੀ ਹੋ ਜਾਵੇ ਚਾਹੇ ਮਹੀਨੇ ਲੱਗਣ, ਚਾਹੇ ਸਾਲ-ਦੋ ਸਾਲ ਬਾਅਦ ਮੌਕਾ ਮਿਲੇ ਤੈਨੂੰ ਮਾਰਨਾ ਜ਼ਰੂਰ ਹੈ ਅਤੇ ਮੈਨੂੰ ਤੇਰੇ ਘਰ-ਦਫ਼ਤਰ ਦਾ ਠਿਕਾਣਾ ਵੀ ਪਤਾ ਹੈ, ਤੈਨੂੰ ਛੱਡਣਾ ਨਹੀਂ ਹੈ। ਉਸਨੇ ਕਿਹਾ ਕਿ ਜੋ ਸਾਡੇ ਦੁਸ਼ਮਨ ਹਨ ਉਹ ਮਰਨਗੇ ਤੂੰ ਸਾਡੇ ਨਾਲ ਨਵੀਂ ਦੁਸ਼ਮਣੀ ਪਾਈ ਹੈ ਹੁਣ ਤੈਨੂੰ ਵੀ ਮਾਰਾਂਗੇ।ਬੁੱਡਾ ਨੇ ਕਿਹਾ ਕਿ ਤੁਹਾਡਾ ਪਹਿਲਾਂ ਕਿਸੇ ਗੈਂਗਸਟਰ ਨਾਲ ਪੰਗਾ ਪਿਆ ਨਹੀਂ ਹੁਣ ਤੁਹਾਡਾ ਮੇਰੇ ਨਾਲ ਪੰਗਾ ਪਿਆ ਹੈ ਹੁਣ ਤੈਨੂੰ ਦੱਸਾਂਗੇ ਤੈਨੂੰ ਮਾਰਕੇ ਦਿਖਾਵਾਂਗੇ । ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਲਈ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਸੁਖਪ੍ਰੀਤ ਸਿੰਘ ਬੁੱਡਾ ਗੈਂਗਸਟਰ ਨੇ ਮੈਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਮੈਂ ਅਜਿਹੇ ਗੈਂਗਸਟਰ ਦੀਆਂ ਧਮਕੀਆਂ ਤੋਂ ਨਹੀਂ ਡਰਨ ਵਾਲਾ, ਪਰ ਬੰਬ ਨਾਲ ਉਡਾਉਣ ਦੀ ਧਮਕੀ ਦੇ ਪਿੱਛੇ ਦੀ ਸੱਚਾਈ ਨੂੰ ਜਾਂਚਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸਦਾ ਮਤਲਬ ਇਹ ਤਾਂ ਨਹੀਂ ਕਿ ਇਸਦੇ ਤਾਰ ਆਈ.ਐੱਸ.ਆਈ. ਨਾਲ ਜੁੜੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ।


author

Karan Kumar

Content Editor

Related News