5 ਸਰਵੋਰਾਂ ਦੇ ਜਲ ਦੀ ਗਾਗਰ ਲੈ ਕੇ ਬਾਬਾ ਬੁੱਢਾ ਜੀ ਦੇ ਵੰਸ਼ਜ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ
Monday, Nov 11, 2019 - 12:13 PM (IST)

ਨਨਕਾਣਾ ਸਾਹਿਬ/ਅੰਮ੍ਰਿਤਸਰ (ਛੀਨਾ) : ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਦੀ 10ਵੀਂ ਵੰਸ਼ਜ 'ਚੋਂ ਬਾਬਾ ਨਿਰਮਲ ਸਿੰਘ 5 ਸਰੋਵਰਾਂ ਦਾ ਜਲ ਗਾਗਰ 'ਚ ਭਰ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪੁੱਜੇ। ਇਸ ਜਲ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਤੇ ਬਾਬਾ ਜੀ ਦੀ ਯਾਦ 'ਚ ਬਣੀ ਮਜ਼ਾਰ ਨੂੰ ਇਸ਼ਨਾਨ ਕਰਵਾਇਆ।
ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ 5 ਸਰਵੋਰ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸੰਤੋਖਸਰ ਸਾਹਿਬ, ਗੁਰਦੁਆਰਾ ਰਾਮਸਰ ਸਾਹਿਬ, ਗੁਰਦੁਆਰਾ ਬਿਬੇਕਸਰ ਸਾਹਿਬ ਤੇ ਗੁਰਦੁਆਰਾ ਕੌਲਸਰ ਸਾਹਿਬ ਦਾ ਜਲ ਲੈ ਕੇ ਇਸ ਪਵਿੱਤਰ ਅਸਥਾਨ 'ਤੇ ਪਹੁੰਚੇ ਹਨ, ਜਿਸ ਨਾਲ ਗੁਰਦੁਆਰਾ ਸਾਹਿਬ ਤੇ ਮਜ਼ਾਰ ਨੂੰ ਇਸ਼ਨਾਨ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਚਰਨਾਂ 'ਚ ਨਿੱਤ ਅਰਦਾਸ ਕਰਦੇ ਸਨ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ 'ਤੇ 5 ਸਰਵੋਰਾਂ ਦਾ ਜਲ ਲੈ ਕੇ ਆਉਣਗੇ। ਹੁਣ ਲਾਂਘਾ ਖੁੱਲ੍ਹ ਜਾਣ 'ਤੇ ਉਹ ਆਪਣੇ ਗੁਰੂ ਨਾਲ ਕੀਤੇ ਗਏ ਬਚਨ ਨੂੰ ਪੂਰਾ ਕਰਨ ਲਈ 5 ਸਰਵੋਰਾਂ ਦੇ ਜਲ ਨਾਲ ਭਰੀ ਹੋਈ ਗਾਗਰ ਨੂੰ ਆਪਣੇ ਸਿਰ 'ਤੇ ਰੱਖ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ ਹਨ।