ਲੁਧਿਆਣਾ ''ਚ ਮਨੀ ਟ੍ਰਾਂਸਫ਼ਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਿਹੈ ਠੱਗ!

Wednesday, Jun 03, 2026 - 06:01 PM (IST)

ਲੁਧਿਆਣਾ ''ਚ ਮਨੀ ਟ੍ਰਾਂਸਫ਼ਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਿਹੈ ਠੱਗ!

ਲੁਧਿਆਣਾ (ਰਾਜ): ਮਹਾਨਗਰ ਵਿਚ ਇਨ੍ਹੀਂ ਦਿਨੀਂ ਇਕ ਬੇਹੱਦ ਸ਼ਾਤਰ ਦਿਮਾਗ ਠੱਗ ਸਰਗਰਮ ਹੈ, ਜੋ ਮਨੀ ਟ੍ਰਾਂਸਫਰ ਦੀਆਂ ਦੁਕਾਨਾਂ 'ਤੇ ਪਲਕ ਝਪਕਦੇ ਹੀ ਹੱਥ ਸਾਫ ਕਰ ਰਿਹਾ ਹੈ। ਸ਼ਿੰਗਾਰ ਸਿਨੇਮਾ ਰੋਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਇਸ ਐਕਟਿਵਾ ਸਵਾਰ ਠੱਗ ਨੇ ਦਹਿਸ਼ਤ ਮਚਾਈ ਹੋਈ ਹੈ। ਤਾਜ਼ਾ ਮਾਮਲੇ ਵਿਚ, ਇਸ ਠੱਗ ਨੇ ਇਕ ਮਨੀ ਟ੍ਰਾਂਸਫਰ ਦੁਕਾਨਦਾਰ ਨੂੰ ਗੱਲਾਂ ਵਿਚ ਫਸਾ ਕੇ 10,000 ਰੁਪਏ ਦੀ ਠੱਗੀ ਮਾਰੀ ਅਤੇ ਬੜੀ ਆਸਾਨੀ ਨਾਲ ਫਰਾਰ ਹੋ ਗਿਆ। ਇਹ ਸਾਰੀ ਵਾਰਦਾਤ ਦੁਕਾਨ ਦੇ ਬਾਹਰ ਲੱਗੇ CCTV ਕੈਮਰੇ ਵਿਚ ਕੈਦ ਹੋ ਗਈ ਹੈ।

'ਮੈਂ ਕਿਤੇ ਭੱਜ ਨਹੀਂ ਚੱਲਿਆ' ਕਹਿ ਕੇ ਜਿੱਤਿਆ ਭਰੋਸਾ

ਪੀੜਤ ਦੁਕਾਨਦਾਰ ਅਮਨ ਸਭਰਵਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਦੇਰ ਸ਼ਾਮ ਇਕ ਅਣਪਛਾਤਾ ਵਿਅਕਤੀ ਐਕਟਿਵਾ 'ਤੇ ਸਵਾਰ ਹੋ ਕੇ ਉਸ ਦੀ ਦੁਕਾਨ 'ਤੇ ਆਇਆ। ਉਸ ਨੇ ਬੜੇ ਭਰੋਸੇ ਨਾਲ ਆਪਣੇ ਖਾਤੇ ਵਿਚ 10,000 ਰੁਪਏ ਆਨਲਾਈਨ ਟ੍ਰਾਂਸਫਰ ਕਰਨ ਲਈ ਕਿਹਾ। ਜਦੋਂ ਅਮਨ ਨੇ ਸੁਰੱਖਿਆ ਵਜੋਂ ਪਹਿਲਾਂ ਨਕਦ ਪੈਸੇ ਮੰਗੇ, ਤਾਂ ਠੱਗ ਨੇ ਬੜੀ ਮਾਸੂਮੀਅਤ ਨਾਲ ਕਿਹਾ, "ਭਾਈ ਸਾਬ੍ਹ, ਮੈਂ ਕਿਤੇ ਭੱਜਿਆ ਨਹੀਂ ਜਾ ਰਿਹਾ, ਤੁਸੀਂ ਪੈਸੇ ਪਾ ਦਿਓ, ਮੈਂ ਇੱਥੇ ਹੀ ਖੜ੍ਹਾ ਹਾਂ।" ਦੁਕਾਨਦਾਰ ਉਸ ਦੀਆਂ ਗੱਲਾਂ ਵਿਚ ਆ ਗਿਆ ਅਤੇ ਜਿਵੇਂ ਹੀ ਪੈਸੇ ਟ੍ਰਾਂਸਫਰ ਕਰਕੇ ਮੋਬਾਈਲ 'ਤੇ ਸਕ੍ਰੀਨਸ਼ਾਟ ਦਿਖਾਇਆ, ਠੱਗ ਨੇ ਜੇਬਾਂ ਫਰੋਲਣ ਦਾ ਡਰਾਮਾ ਸ਼ੁਰੂ ਕਰ ਦਿੱਤਾ।

ਠੱਗ ਨੇ ਜੇਬ ਵਿਚ ਪੈਸੇ ਨਾ ਹੋਣ ਦਾ ਬਹਾਨਾ ਬਣਾਇਆ ਅਤੇ ਕਿਹਾ ਕਿ ਉਹ ਆਪਣੀ ਐਕਟਿਵਾ ਦੀ ਡਿੱਗੀ ਵਿਚੋਂ ਪੈਸੇ ਕੱਢ ਕੇ ਹੁਣੇ ਦਿੰਦਾ ਹੈ। ਸ਼ਾਤਰ ਅਪਰਾਧੀ ਨੇ ਆਪਣੀ ਐਕਟਿਵਾ ਪਹਿਲਾਂ ਹੀ ਸਟਾਰਟ ਛੱਡੀ ਹੋਈ ਸੀ। ਜਿਵੇਂ ਹੀ ਉਹ ਡਿੱਗੀ ਕੋਲ ਪਹੁੰਚਿਆ, ਪੈਸੇ ਕੱਢਣ ਦੀ ਬਜਾਏ ਉਹ ਤੁਰੰਤ ਐਕਟਿਵਾ 'ਤੇ ਸਵਾਰ ਹੋ ਕੇ ਤੇਜ਼ੀ ਨਾਲ ਰਫੂਚੱਕਰ ਹੋ ਗਿਆ। ਦੁਕਾਨਦਾਰ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਪਹਿਲਾਂ ਵੀ ਕਰ ਚੁੱਕਾ ਹੈ ਅਜਿਹੀਆਂ ਵਾਰਦਾਤਾਂ

ਇਸ ਘਟਨਾ ਤੋਂ ਬਾਅਦ ਇਕ ਹੋਰ ਮਨੀ ਟ੍ਰਾਂਸਫਰ ਦੁਕਾਨਦਾਰ ਸਚਿਨ ਨੇ ਖੁਲਾਸਾ ਕੀਤਾ ਕਿ ਤਿੰਨ-ਚਾਰ ਦਿਨ ਪਹਿਲਾਂ ਇਹੀ ਠੱਗ ਉਸ ਦੀ ਦੁਕਾਨ 'ਤੇ ਵੀ ਆਇਆ ਸੀ ਅਤੇ ਇਸੇ ਤਰ੍ਹਾਂ ਝਾਂਸਾ ਦੇ ਕੇ 10,000 ਰੁਪਏ ਆਨਲਾਈਨ ਪਵਾ ਕੇ ਫਰਾਰ ਹੋ ਗਿਆ ਸੀ। ਇਸ ਤੋਂ ਸਪੱਸ਼ਟ ਹੈ ਕਿ ਇਹ ਠੱਗ ਯੋਜਨਾਬੱਧ ਤਰੀਕੇ ਨਾਲ ਸਿਰਫ਼ ਮਨੀ ਟ੍ਰਾਂਸਫਰ ਵਾਲਿਆਂ ਨੂੰ ਹੀ ਸ਼ਿਕਾਰ ਬਣਾ ਰਿਹਾ ਹੈ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਠੱਗ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News