ਖੁਦ ਦੀ ਪ੍ਰਾਈਵੇਟ ਸਟਾਕ ਐਕਸਚੇਂਜ ਚਲਾਉਣ ਵਾਲੇ  ਦੀਆਂ ਵਧਣਗੀਆਂ ਮੁਸ਼ਕਲਾਂ

Tuesday, Jul 03, 2018 - 05:42 AM (IST)

ਖੁਦ ਦੀ ਪ੍ਰਾਈਵੇਟ ਸਟਾਕ ਐਕਸਚੇਂਜ ਚਲਾਉਣ ਵਾਲੇ  ਦੀਆਂ ਵਧਣਗੀਆਂ ਮੁਸ਼ਕਲਾਂ

ਲੁਧਿਆਣਾ(ਰਿਸ਼ੀ)-ਫਿਰੋਜ਼ਗਾਂਧੀ ਮਾਰਕੀਟ ਵਿਚ ਖੁਦ ਦੀ ਪ੍ਰਾਈਵੇਟ ਸਟਾਕ ਐਕਸਚੇਂਜ ਚਲਾ ਕੇ ਸਰਕਾਰ ਨਾਲ ਹਰ ਰੋਜ਼ ਲੱਖਾਂ ਕਰੋਡ਼ਾਂ ਦੀ ਠੱਗੀ ਮਾਰਨ ਵਾਲੇ  ਵਿਅਕਤੀ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ’ਚ ਵਧ ਸਕਦੀਅਾਂ  ਹਨ। ਦਰੇਸੀ ਦੇ ਰਹਿਣ ਵਾਲੇ ਸ਼ਾਮਿਕ ਪਾਂਡੇ ਵਲੋਂ ਪੁਲਸ ਕਮਿਸ਼ਨਰ ਨੂੰ ਉਸ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਜਿਸ ਦਾ ਦੋਸ਼ ਹੈ ਕਿ ਸ਼ਾਤਿਰ ਤੋਂ 8.22 ਲੱਖ ਰੁਪਏ ਲੈਣੇ ਹਨ ਪਰ ਹੁਣ ਪੈਸੇ ਦੇਣ ਦੇ ਨਾਂ ’ਤੇ ਉਸ ਨੂੰ ਧਮਕਾਇਆ ਜਾ ਰਿਹਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਲਗਭਗ 8 ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਉਕਤ ਵਿਅਕਤੀ ਨਾਲ ਹੋਈ ਸੀ, ਜੋ  ਸਿਰਫ ਚੈੱਕ ਦੇ ਕੇ ਸੋਨਾ ਅਤੇ ਚਾਂਦੀ ਖਰੀਦਣ ਵੇਚਣ ਦੀ ਗੱਲ ਕਰ ਰਿਹਾ ਸੀ, ਉਸ ਦੀਆਂ ਗੱਲਾਂ ’ਚ ਆ ਕੇ ਉਸ ਨੇ 4-4 ਲੱਖ ਰੁਪਏ ਦੇ 2 ਚੈੱਕ ਦਿੱਤੇ ਅਤੇ ਸਰਕਾਰ ਨੂੰ ਦੇਣ ਵਾਲੀ 1.5 ਤੋਂ 3 ਫੀਸਦੀ ਕਮੀਸ਼ਨ ਅਤੇ ਮਾਰਜਨ ਮਨੀ ਬਚਾਉਣ ਦੇ ਲਾਲਚ ’ਚ ਗੋਲਡ ਸਿਵਲਰ ’ਚ ਕੰਮ ਕਰਨ ਲੱਗ ਪਿਆ।
 ਪਹਿਲਾਂ ਤਾਂ ਜਦ  ਉਹ ਪੈਸੇ ਹਾਰਦਾ ਰਿਹਾ, ਸ਼ਾਤਿਰ ਦੇ ਕੋਲ ਜਾ ਕੇ ਜਮ੍ਹਾ ਕਰਵਾਉਂਦਾ ਰਿਹਾ ਪਰ 15 ਦਿਨ ਪਹਿਲਾਂ ਉਹ ਲਗਭਗ 8 ਲੱਖ ਰੁਪਏ ਜਿੱਤ ਗਿਆ, ਜਿਸ ਦੇ ਬਾਅਦ ਸ਼ਾਤਿਰ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ, ਜਦ ਉਹ ਆਪਣੇ ਪੈਸੇ ਲੈਣ ਉਸ ਦੇ ਆਫਿਸ ਗਿਆ ਤਾਂ ਉਸ ਨੂੰ ਧਮਕੀਆਂ ਦੇ ਕੇ ਭਜਾ ਦਿੱਤਾ ਗਿਆ, ਕਿਉਂਕਿ ਸ਼ਾਤਿਰ ਭਲੀਭਾਂਤ ਜਾਣਦਾ ਹੈ ਕਿ ਸਾਰਾ ਕੰਮ ਕੱਚੇ ’ਚ ਹੋਣ ਕਾਰਨ ਕੋਈ ਵੀ ਉਸ ਦਾ ਕੁੱਝ ਵਿਗਾਡ਼ ਨਹੀਂ ਸਕਦਾ। ਇਸੇ ਕਾਰਨ ਜ਼ਿਆਦਾਤਰ ਲੋਕ ਉਸ ਦੇ ਖਿਲਾਫ ਅਾਵਾਜ਼ ਨਹੀਂ ਚੁੱਕ ਰਹੇ।
ਇਸ ਤਰ੍ਹਾਂ ਕਮਾ ਰਿਹਾ ਪੈਸੇ 
 ਗੋਲਡ, ਸਿਲਵਰ ਅਤੇ ਹੋਰ ਸ਼ੇਅਰ ਖਰੀਦਣ ਲਈ ਸਰਕਾਰ ਵਲੋਂ ਪਹਿਲਾਂ ਡੀਮੇਟ ਅਕਾਊਂਟ ਖੁੱਲ੍ਹਵਾਉਣਾ ਜ਼ਰੂਰੀ ਕੀਤਾ ਹੋਇਆ ਹੈ, ਜਿਥੇ ਹਰੇਕ ਵਿਅਕਤੀ ਨੂੰ ਆਪਣੇ ਪੈਸੇ ਜਮ੍ਹਾ ਕਰਵਾਉਣੇ ਹੁੰਦੇ ਹਨ ਅਤੇ ਜਦ ਵੀ ਉਹ ਪੈਸੇ ਹਾਰਦਾ ਹੈ ਤਾਂ ਸਾਰਾ ਪੈਸਾ ਸਰਕਾਰ ਦੇ ਖਾਤੇ ਵਿਚ ਜਾਂਦਾ ਹੈ। ਉਥੇ ਦੂਜੇ ਪਾਸੇ ਸ਼ਾਤਿਰ ਕੋਲ ਹਾਰਨ ’ਤੇ ਸਾਰਾ ਪੈਸਾ ਉਸ ਦੇ ਕੋਲ ਰਹਿ ਜਾਂਦਾ ਹੈ ਤੇ ਸਰਕਾਰ ਨੂੰ ਟੈਕਸ ਦੇ ਨਾਲ ਵੱਡੀ ਮਾਤਰਾ ਵਿਚ ਚੂਨਾ ਲੱਗਦਾ ਹੈ।
 ਕਾਲ ਡਿਟੇਲ ਖੋਲ੍ਹੇਗੀ ਰਾਜ਼ 
 ਜੇਕਰ ਪੁਲਸ ਸ਼ਹਿਰ ’ਚ ਚੱਲ ਰਹੇ ਇਸ ਰੈਕੇਟ ਦਾ ਪਰਦਾਫਾਸ਼ ਕਰਨਾ ਚਾਹੁੰਦੀ ਹੈ ਤਾਂ ਸ਼ਾਤਿਰ ਦੇ ਮੋਬਾਇਲ ਦੀ ਡਿਟੇਲ ਕੱਢਵਾਈ ਜਾਵੇ, ਜਿਸ ਵਿਚ ਸਥਿਤੀ ਆਪਣੇ ਆਪ ਸਪੱਸ਼ਟ ਹੋ ਜਾਵੇਗੀ ਕਿ ਸ਼ਹਿਰ ’ਚ ਕਿਸ ਤਰ੍ਹਾਂ ਨਾਲ ਗੋਰਖਧੰਦਾ ਚੱਲ ਰਿਹਾ ਹੈ। ਹੁਣ ਦੇਖਣ ਦੀ ਗੱਲ ਇਹ ਹੈ ਕਿ ਪੁਲਸ ਦਾ ਖੁਫੀਆ ਤੰਤਰ ਇਸ ਰੈਕੇਟ ਦਾ ਪਰਦਾਫਾਸ਼ ਕਰ ਸਕਦਾ ਹੈ ਜਾਂ ਫਿਰ ਪੈਸੇ ਦੇ ਦਮ ’ਤੇ ਸਰਕਾਰ ਨੂੰ ਚੂਨਾ ਲਾਉਣ ਵਾਲਾ ਪੁਲਸ ਤੋਂ ਬਚ ਨਿਕਲਦਾ ਹੈ। 
ਮਾਡਲ ਬਣਨ ਲਈ ਖੁਦ ਪੈਸੇ ਖਰਚ ਕੇ ਕੱਢੇ ਗਾਣੇ
 ਨਾਜਾਇਜ਼ ਰੂਪ ਵਿਚ ਇਕੱਠੇ ਕੀਤੇ ਪੈਸੇ ਨੂੰ ਸ਼ਾਤਿਰ ਖੂਬ ਉਡਾ ਰਿਹਾ ਹੈ, 10 ਹਜ਼ਾਰ ਰੁਪਏ ’ਤੇ ਨੌਕਰੀ ਕਰਨ ਵਾਲੇ ਸ਼ਾਤਿਰ ਨੇ ਮਾਡਲ ਬਣਨ ਦਾ ਸੁਪਨਾ ਦੇਖਿਆ ਪਰ ਕਿਸੇ ਦੇ ਗਾਣੇ ’ਚ ਸ਼ੂਟਿੰਗ ਦੀ ਬਜਾਏ ਖੁਦ ਪੈਸੇ ਖਰਚ ਕਰ ਕੇ ਪੰਜਾਬੀ ਗਾਣੇ ਬਣਾ ਕੇ ਉਸ ’ਚ ਮੇਨ ਮਾਡਲ ਦਾ ਰੋਲ ਕਰ ਰਿਹਾ ਹੈ।  


Related News