ਬਰਨਾਲਾ ''ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ, 4 ਕਾਬੂ

11/14/2019 6:57:39 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਹੋਏ ਸੀ. ਆਈ. ਏ. ਸਟਾਫ ਬਰਨਾਲਾ ਦੀ ਪੁਲਸ ਨੇ 4 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਬਦਮਾਸ਼ਾਂ ਨੂੰ ਕਾਬੂ ਕਰਨ ਸਮੇਂ ਪੁਲਸ ਅਤੇ ਬਦਮਾਸ਼ਾਂ 'ਚ ਫਾਇਰਿੰਗ ਵੀ ਹੋਈ। ਇਨ੍ਹਾਂ 'ਚ ਦੋ ਬਦਮਾਸ਼ਾਂ 'ਤੇ ਕਤਲ ਦੇ ਕੇਸ ਵੀ ਦਰਜ ਹਨ। ਇਨ੍ਹਾਂ 'ਚੋਂ ਇਕ ਬਦਮਾਸ਼ ਹਾਲੇ ਤੱਕ ਕਿਸੇ ਵੀ ਕੇਸ 'ਚ ਪੁਲਸ ਦੇ ਹੱਥੇ ਨਹੀਂ ਚੜ੍ਹ ਸਕਿਆ ਸੀ ਅਤੇ ਉਹ ਕਈ ਸਾਲਾਂ ਤੋਂ ਭਗੌੜਾ ਚੱਲਿਆ ਆ ਰਿਹਾ ਸੀ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਪਿੰਡ ਪੱਖੋ ਕਲਾਂ 'ਚ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਲਵਜੀਤ ਸਿੰਘ ਲਵੀ ਵਾਸੀ ਖੱਖ ਜ਼ਿਲਾ ਤਰਨਤਾਰਨ, ਅਮਰਵੀਰ ਸਿੰਘ ਮਿੰਟਾ ਵਾਸੀ ਬਰਨਾਲਾ, ਪਰਵਿੰਦਰ ਸਿੰਘ ਗੱਗੂ ਵਾਸੀ ਸੱਦੋਹੇੜੀ, ਮਨੀਸ਼ ਪ੍ਰਭਾਕਰ ਵਾਸੀ ਬਰਨਾਲਾ, ਜੋਨੀ ਵਾਸੀ ਹੁਸ਼ਿਆਰਪੁਰ ਨੇ ਗੈਂਗ ਬਣਾਇਆ ਹੋਇਆ ਹੈ। ਜੋ ਸਾਰੇ ਬਦਮਾਸ਼ ਇਕ ਕਾਰ 'ਚ ਸਵਾਰ ਹੋ ਕੇ ਲੁੱਟਖੋਹ ਦੀ ਤਾਕ 'ਚ ਹਨ। 

ਨਾਕੇਬੰਦੀ ਕਰਕੇ ਜਦੋਂ ਕਾਰ ਨੂੰ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ  ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਵਿਅਕਤੀਆਂ ਨੇ ਕਾਰ ਹੌਲੀ ਕੀਤੀ ਪਰ ਰੁਕਣ ਦੀ ਬਜਾਏ ਉਨ੍ਹਾਂ ਨੇ ਪੁਲਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਪਾਰਟੀ ਨੇ ਵੀ ਆਪਣੀ ਗੱਡੀ ਟੇਢੀ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਤੇ ਉਨ੍ਹਾਂ ਨੇ ਪੁਲਸ ਪਾਰਟੀ 'ਤੇ ਫਿਰ ਤੋਂ ਫਾਇਰ ਕੀਤੇ। ਪੁਲਸ ਵੱਲੋਂ ਜਵਾਬੀ ਫਾਇਰਿੰਗ ਕਰਨ ਅਤੇ ਉਨ੍ਹਾਂ ਨੇ ਕਾਰ ਰੋਕ ਲਈ ਅਤੇ ਗੱਡੀ 'ਚ ਤਿੰਨ ਵਿਅਕਤੀ ਨਿਕਲ ਆਏ ਅਤੇ ਦੋ ਵਿਅਕਤੀਆਂ ਨੇ ਕਾਰ ਫਿਰ ਤੋਂ ਕਾਰ ਭਜਾ ਲਈ। ਗੱਡੀ 'ਚੋਂ ਉਤਰੇ ਲਵਜੀਤ ਸਿੰਘ ਲਵੀ ਨੂੰ ਕਾਬੂ ਕਰਕੇ ਉਸ ਕੋਲੋਂ 32 ਬੋਰ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ। ਅਮਰਵੀਰ ਸਿੰਘ ਮਿੰੰਟਾ ਤੋਂ 315 ਬੋਰ ਪਿਸਤੌਲ ਅਤੇ ਇਕ ਖੋਲ ਕਾਰਤੂਸ ਦਾ ਬਰਾਮਦ ਕੀਤਾ। ਇਕ ਵਿਅਕਤੀ ਜੋਨੀ ਵਾਸੀ ਹੁਸ਼ਿਆਰਪੁਰ ਖੇਤਾਂ 'ਚੋਂ ਦੀ ਭੱਜਣ ਵਿਚ ਸਫਲ ਹੋ ਗਿਆ। ਜਿਹੜੇ ਦੋ ਵਿਅਕਤੀ ਕਾਰ 'ਚ ਭੱਜੇ ਸਨ। ਉਨ੍ਹਾਂ ਨੂੰ ਵੀ ਪਿੱਛਾ ਕਰਕੇ ਫੜਿਆ ਗਿਆ। ਜਿਸ 'ਚ ਪਰਵਿੰਦਰ ਸਿੰਘ ਗੱਗੂ ਤੋਂ ਇਕ ਪਿਸਤੌਲ 32 ਬੋਰ ਅਤੇ ਪੰਜ ਜਿੰਦਾ ਕਾਰਤੂਸ, ਮਨੀਸ਼ ਪ੍ਰਭਾਕਰ ਮਨੀ ਤੋਂ 30 ਬੋਰ ਪਿਸਤੌਲ ਅਤੇ ਦੋ ਕਾਰਤੂਸ ਜਿੰਦਾ ਮਿਲੇ। ਉਹਨਾਂ ਕੋਲੋਂ ਕਾਰ ਵੀ ਬਰਾਮਦ ਕਰਵਾਈ ਗਈ। 

ਬਦਮਾਸ਼ ਲਵੀ ਨੇ ਆਪਣੀ ਭੈਣ ਨਾਲ ਛੇੜਖਾਨੀ ਕਰਨ ਵਾਲੇ ਦਾ ਕੀਤਾ ਸੀ ਕਤਲ
ਪ੍ਰੈਸ ਕਾਨਫਰੰਸ 'ਚ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਲਵਜੀਤ ਸਿੰਘ ਲਵੀ ਖਿਲਾਫ ਪੰਜ ਮਾਮਲੇ ਵੱਖ-ਵੱਖ ਥਾਣਿਆਂ 'ਚ ਦਰਜ ਹਨ। ਸਾਲ 2018 'ਚ ਤਰਨਤਾਰਨ ਦੇ ਇਲਾਕੇ 'ਚ ਦੋ ਗਰੁੱਪਾਂ 'ਚ ਗੈਂਗਵਾਰ ਹੋਈ ਸੀ। ਜਿਸ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਲਵਜੀਤ ਸਿੰਘ ਲਵੀ ਨੇ ਆਪਣੀ ਭੈਣ ਨਾਲ ਛੇੜਖਾਨੀ ਕਰਨ ਵਾਲੇ ਇਕ ਵਿਅਕਤੀ ਦਾ ਵੀ ਕਤਲ ਕਰ ਦਿੱਤਾ ਸੀ। ਉਸ ਵਿਰੁੱਧ ਕੁੱਲ 5 ਮਾਮਲੇ ਵੱਖ ਵੱਖ ਥਾਣਿਆਂ ਵਿਚ ਦਰਜ ਹਨ। ਇਨ੍ਹਾਂ ਵਿਚੋਂ ਦੋ ਕੇਸ ਕਤਲ ਦੇ ਦਰਜ ਹਨ।


shivani attri

Content Editor

Related News