ਜਗਰਾਤੇ ਦੌਰਾਨ ਚੱਲ ਰਹੇ ਪਟਾਕਿਆਂ ਕਾਰਨ ਲੱਗੀ ਭਿਆਨਕ ਅੱਗ!

Sunday, Nov 29, 2026 - 07:31 PM (IST)

ਜਗਰਾਤੇ ਦੌਰਾਨ ਚੱਲ ਰਹੇ ਪਟਾਕਿਆਂ ਕਾਰਨ ਲੱਗੀ ਭਿਆਨਕ ਅੱਗ!

ਲੁਧਿਆਣਾ (ਰਾਜ): ਮਹਾਨਗਰ ਦੇ ਗਿੱਲ ਚੌਕ ਸਥਿਤ ਰਿਸ਼ੀ ਢਾਬੇ ਦੇ ਨੇੜੇ ਬਾਜ਼ੀਗਰ ਮੁਹੱਲੇ ਵਿਚ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਸਪੇਅਰ ਪਾਰਟਸ ਫੈਕਟਰੀ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਰਾਤ ਲਗਭਗ 12 ਵਜੇ ਹੋਏ ਇਸ ਅਗਨੀਕਾਂਡ ਤੋਂ ਬਾਅਦ ਪੂਰੇ ਇਲਾਕੇ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਫੈਕਟਰੀ ਦੀ ਪਹਿਲੀ ਮੰਜ਼ਿਲ ਤੋਂ ਉੱਠਦੀਆਂ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਅਤੇ ਧੂੰਏਂ ਦਾ ਗੁਬਾਰ ਦੇਖ ਕੇ ਆਸ-ਪਾਸ ਦੇ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ।

ਪ੍ਰਤੱਖਦਰਸ਼ੀਆਂ ਅਤੇ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਈ ਜਾਣਕਾਰੀ ਅਨੁਸਾਰ, ਮੁਹੱਲੇ ਵਿਚ ਭਗਵਤੀ ਜਾਗਰਣ ਦਾ ਆਯੋਜਨ ਚੱਲ ਰਿਹਾ ਸੀ। ਇਸੇ ਦੌਰਾਨ ਕੁਝ ਬੱਚੇ ਖੁਸ਼ੀ ਵਿਚ ਪਟਾਕੇ ਚਲਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਹੀ ਇਕ ਬਲਦਾ ਹੋਇਆ ਪਟਾਕਾ ਉੱਡ ਕੇ ਸਿੱਧਾ ਸਪੇਅਰ ਪਾਰਟਸ ਫੈਕਟਰੀ ਦੇ ਅੰਦਰ ਜਾ ਡਿੱਗਿਆ। ਅੰਦਰ ਰੱਖੇ ਸਾਮਾਨ ਨੇ ਤੁਰੰਤ ਅੱਗ ਫੜ ਲਈ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਪਟਾਂ ਨੇ ਵਿਕਰਾਲ ਰੂਪ ਧਾਰਨ ਕਰ ਲਿਆ।

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਫਾਇਰ ਅਫਸਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਸ਼ੁਰੂਆਤ ਵਿਚ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ 'ਤੇ ਕਾਬੂ ਪਾਉਣ ਦਾ ਯਤਨ ਕੀਤਾ, ਪਰ ਫੈਕਟਰੀ ਦੀ ਪਹਿਲੀ ਮੰਜ਼ਿਲ ਦੇ ਅੰਦਰ ਸਪੇਅਰ ਪਾਰਟਸ ਦਾ ਸਾਮਾਨ ਕਾਫ਼ੀ ਜ਼ਿਆਦਾ ਮਾਤਰਾ ਵਿੱਚ ਹੋਣ ਕਰਕੇ ਅੱਗ ਲਗਾਤਾਰ ਭੜਕ ਰਹੀ ਸੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਹੋਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਕੁੱਲ 4 ਤੋਂ 5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਕੜੀ ਮਿਹਨਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਿਆ।

ਜਾਣਕਾਰੀ ਮੁਤਾਬਕ, ਅੱਗ ਫੈਕਟਰੀ ਦੀ ਪਹਿਲੀ ਮੰਜ਼ਿਲ 'ਤੇ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਾਲਕ ਨੇ ਇਹ ਜਗ੍ਹਾ ਕਿਰਾਏ 'ਤੇ ਲੈ ਕੇ ਉੱਥੇ ਸਪੇਅਰ ਪਾਰਟਸ ਦਾ ਸਾਮਾਨ ਸਟੋਰ ਕਰ ਰੱਖਿਆ ਸੀ। ਫਿਲਹਾਲ ਇਸ ਅਗਨੀਕਾਂਡ ਵਿੱਚ ਹੋਏ ਕੁੱਲ ਆਰਥਿਕ ਨੁਕਸਾਨ ਦਾ ਸਟੀਕ ਅੰਦਾਜ਼ਾ ਨਹੀਂ ਹੋ ਸਕਿਆ ਹੈ। ਉੱਧਰ, ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਸੀ, ਜਿਸ ਨੇ ਆਸ-ਪਾਸ ਇਕੱਠੀ ਹੋਈ ਭੀੜ ਨੂੰ ਕੰਟਰੋਲ ਕਰਕੇ ਸਥਿਤੀ ਨੂੰ ਸੰਭਾਲਿਆ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।


author

Anmol Tagra

Content Editor

Related News