ਮਜ਼ਦੂਰ ’ਤੇ ਜਾਨਲੇਵਾ ਹਮਲਾ, ਗਲਾ ਵੱਢ ਕੇ ਮਾਰਨ ਦੀ ਕੋਸ਼ਿਸ਼

Monday, Aug 24, 2026 - 03:40 PM (IST)

ਮਜ਼ਦੂਰ ’ਤੇ ਜਾਨਲੇਵਾ ਹਮਲਾ, ਗਲਾ ਵੱਢ ਕੇ ਮਾਰਨ ਦੀ ਕੋਸ਼ਿਸ਼

ਫਿਰੋਜ਼ਪੁਰ (ਰਾਜੇਸ਼ ਢੰਡ, ਸੋਨੂੰ ਚੋਪੜਾ) : ਫਿਰੋਜ਼ਪੁਰ ਵਿਖੇ ਇਕ ਅਣਪਛਾਤੇ ਵਿਅਕਤੀ ਵੱਲੋਂ ਮਜ਼ਦੂਰੀ ਕਰਨ ਆਏ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰਕੇ ਉਸ ਦਾ ਗਲਾ ਵੱਢਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ 'ਚ ਜ਼ਖ਼ਮੀ ਹੋਏ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਹਰਮੇਸ਼ ਕੁਮਾਰ ਠੇਕੇਦਾਰ ਪੁੱਤਰ ਹਰਚੰਦ ਦਾਸ ਵਾਸੀ ਵਿਕਾਸ ਕਾਲੋਨੀ, ਫ਼ਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਆਰਮੀ ਵਿਚ ਠੇਕੇਦਾਰੀ ਦਾ ਕੰਮ ਕਰਦਾ ਹੈ।

ਹਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ 1.30 ਤੋਂ 2 ਵਜੇ ਦੇ ਵਿਚਕਾਰ ਜਦੋਂ ਉਹ ਥਾਣਾ ਕੈਂਟ ਇਲਾਕੇ ਵਿਚ ਆਰਮੀ ਦੀ ਲੇਬਰ ਅੰਦਰ ਡੈਮੋਲੇਸ਼ਨ ਦਾ ਕੰਮ ਕਰਵਾਉਣ ਲਈ ਆਪਣੀ ਲੇਬਰ ਨੂੰ ਲੈਣ ਆਇਆ ਸੀ, ਤਾਂ ਉੱਥੇ ਇਕ ਅਣਪਛਾਤਾ ਮਜ਼ਦੂਰ/ਵਿਅਕਤੀ ਖ਼ੂਨ ਨਾਲ ਲੱਥਪੱਥ ਅਤੇ ਅੱਧਮਰੀ ਹਾਲਤ ਵਿਚ ਮਿਲਿਆ। ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਕਤ ਜ਼ਖ਼ਮੀ ਵਿਅਕਤੀ ਦੇ ਗਲੇ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਕੱਟਣ ਦਾ ਡੂੰਘਾ ਨਿਸ਼ਾਨ ਸੀ ਅਤੇ ਉਸ ਦੇ ਗਲੇ ’ਚੋਂ ਬਹੁਤ ਜ਼ਿਆਦਾ ਖ਼ੂਨ ਵਹਿ ਰਿਹਾ ਸੀ। ਉਸ ਨੇ ਦੱਸਿਆ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਲੇਬਰ ਮਜ਼ਦੂਰ ਰਵਿੰਦਰ ਸਿੰਘ ਉਪਰ ਜਾਨੋਂ ਮਾਰਨ ਦੀ ਨੀਅਤ ਨਾਲ ਇਹ ਤੇਜ਼ਧਾਰ ਹਮਲਾ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News