ਬੇਰਹਿਮ ਪਿਓ ਦਾ ਹੈਵਾਨੀਅਤ ਭਰਿਆ ਕਾਰਾ, ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਕੀਤਾ ਆਪਣੇ 2 ਬੱਚਿਆਂ ਦਾ ਕਤਲ

Saturday, Dec 04, 2021 - 11:34 AM (IST)

ਬੇਰਹਿਮ ਪਿਓ ਦਾ ਹੈਵਾਨੀਅਤ ਭਰਿਆ ਕਾਰਾ, ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਕੀਤਾ ਆਪਣੇ 2 ਬੱਚਿਆਂ ਦਾ ਕਤਲ

ਜਲੰਧਰ (ਮਹੇਸ਼)– ਇਕ ਸਾਲ ਪਹਿਲਾਂ ਦਸੰਬਰ 2020 ਵਿਚ ਆਪਣੇ ਮਾਸੂਮ ਬੱਚਿਆਂ ਦਾ ਗਲਾ ਘੁੱਟ ਕੇ ਕੀਤੇ ਗਏ ਕਤਲ ਦੇ ਮਾਮਲੇ ਨੂੰ ਥਾਣਾ ਪਤਾਰਾ ਦੀ ਪੁਲਸ ਨੇ ਟਰੇਸ ਕਰ ਲਿਆ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਬੱਚਿਆਂ ਦੇ ਪਿਓ ਰਣਜੀਤ ਮੰਡਲ ਪੁੱਤਰ ਮਦਨ ਮੰਡਲ ਨਿਵਾਸੀ ਪਿੰਡ ਪਟੋਰੀ ਜ਼ਿਲ੍ਹਾ ਦਰਭੰਗਾ (ਬਿਹਾਰ) ਹਾਲ ਵਾਸੀ ਅਰਮਾਨ ਨਗਰ ਦਕੋਹਾ ਅਤੇ ਪਿੰਡ ਕਾਦੀਆਂਵਾਲੀ ਨੂੰ ਉਸ ਦੀ ਮਾਂ ਵੀਨਾ ਮੰਡਲ, ਭਰਾ ਸੰਗੀਤ ਮੰਡਲ ਅਤੇ ਭੈਣ ਪੂਜਾ ਪਤਨੀ ਜਤਿੰਦਰ ਕੁਮਾਰ ਜੀਤਾ ਨਿਵਾਸੀ ਪਿੰਡ ਜਗਰਾਲ ਥਾਣਾ ਜਮਸ਼ੇਰ ਜ਼ਿਲ੍ਹਾ ਜਲੰਧਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਮੁਲਜ਼ਮ ਰਣਜੀਤ ਮੰਡਲ ਨੇ ਆਪਣੀ ਮਾਂ ਅਤੇ ਭੈਣ-ਭਰਾ ਨਾਲ ਮਿਲ ਕੇ ਆਪਣੇ 2 ਮਾਸੂਮ ਬੱਚਿਆਂ 5 ਸਾਲ ਦੀ ਬੱਚੀ ਅਨਮੋਲ ਅਤੇ 3 ਸਾਲ ਦੇ ਲੜਕੇ ਰਾਕੇਸ਼ ਦੀ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਪਿੰਡ ਤੱਲ੍ਹਣ ਦੇ ਛੱਪੜ ਵਿਚ ਸੁੱਟ ਦਿੱਤੀਆਂ ਸਨ।

ਇਹ ਵੀ ਪੜ੍ਹੋ: ਭਿੰਡਰਾਂਵਾਲਾ ਟਾਈਗਰਸ ਫੋਰਸ ਆਫ਼ ਖ਼ਾਲਿਸਤਾਨ ਨੇ ਨਾਮਧਾਰੀ ਗੁਰੂ ਉਦੇ ਸਿੰਘ ਤੇ ਹੋਰਨਾਂ ਨੂੰ ਪੱਤਰ ਰਾਹੀਂ ਦਿੱਤੀ ਧਮਕੀ

PunjabKesari

ਬੇਰਹਿਮ ਪਿਓ ਨੇ ਦੱਸਿਆ ਕਿ ਉਸ ਦੀ ਪਤਨੀ ਹਮੇਸ਼ਾ ਉਸ ਨਾਲ ਝਗੜਾ ਕਰਦੀ ਰਹਿੰਦੀ ਸੀ ਤਾਂ ਮਾਂ-ਭੈਣ ਅਤੇ ਭਰਾ ਨੇ ਕਿਹਾ ਕਿ ਪਤਨੀ ਰੰਗੀਲੀ ਨੂੰ ਛੱਡ ਦਿਓ ਅਤੇ ਦੋਵੇਂ ਬੱਚਿਆਂ ਨੂੰ ਮਾਰ ਦਿਓ। ਇਸ ਦੇ ਬਾਅਦ ਉਹ ਰਣਜੀਤ ਦਾ ਦੂਜਾ ਵਿਆਹ ਕਰਵਾ ਦੇਣਗੇ। ਫਿਰ ਉਸ ਨੇ ਅਜਿਹਾ ਹੀ ਕੀਤਾ। ਸੋਚਿਆ ਕਿ ਕਤਲ ਕਰਨ ਦੇ ਬਾਅਦ ਲਾਸ਼ਾਂ ਨੂੰ ਛੱਪੜ ’ਚ ਸੁੱਟ ਦੇਵਾਂਗਾ ਅਤੇ ਕਦੇ ਵੀ ਨਹੀਂ ਮਿਲਣਗੀਆਂ। ਵਾਅਦੇ ਮੁਤਾਬਕ ਹੀ ਪਰਿਵਾਰ ਨੇ 7 ਮਹੀਨੇ ਪਹਿਲਾਂ ਉਸ ਦਾ ਦੂਜਾ ਵਿਆਹ ਕਰਵਾ ਦਿੱਤਾ। ਹੁਣ ਪੁਲਸ ਰਣਜੀਤ, ਉਸ ਦੀ ਮਾਂ ਬੀਨਾ ਦੇਵੀ, ਭਰਾ ਸੰਗੀਤ ਮੰਜਲ ਅਤੇ ਭੈਣ ਪੂਜਾ ਤੋਂ ਪੁੱਛਗਿੱਛ ਕਰ ਰਹੀ ਹੈ। 

ਥਾਣਾ ਪਤਾਰਾ ਦੇ ਇੰਚਾਰਜ ਰਸ਼ਪਾਲ ਸਿੰਘ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਪਤਾਰਾ ਵਿਚ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ। ਚਾਰਾਂ ਮੁਲਜ਼ਮਾਂ ਦੀ ਪੁਲਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਰਣਜੀਤ ਮੰਡਲ ਨੂੰ ਮਾਣਯੋਗ ਅਦਾਲਤ ਵੱਲੋਂ ਪੀ. ਓ. ਕਰਾਰ ਦਿੱਤੇ ਜਾਣ ਕਾਰਨ ਉਸ ਖ਼ਿਲਾਫ਼ ਥਾਣਾ ਪਤਾਰਾ ਵਿਚ ਧਾਰਾ 174-ਏ ਤਹਿਤ ਐੱਫ. ਆਈ. ਆਰ. ਨੰਬਰ 90 ਵੱਖ ਦਰਜ ਕੀਤੀ ਗਈ। ਉਸ ਨੂੰ ਇਸ ਕੇਸ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

PunjabKesari

ਥਾਣਾ ਇੰਚਾਰਜ ਰਸ਼ਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਮੰਡਲ ਨੇ 7-8 ਮਹੀਨੇ ਪਹਿਲਾਂ ਮੂਲ ਰੂਪ ਵਿਚ ਬਿਹਾਰ ਦੀ ਰਹਿਣ ਵਾਲੀ ਸੀਮਾ ਕੁਮਾਰੀ ਪੁੱਤਰੀ ਗਣੇਸ਼ ਰਾਵ ਨਾਲ ਦੂਜਾ ਵਿਆਹ ਵੀ ਕਰਵਾ ਲਿਆ ਸੀ। ਉਸੇ ਨਾਲ ਉਹ ਪਿੰਡ ਕਾਦੀਆਂਵਾਲੀ, ਥਾਣਾ ਸਦਰ ਜਲੰਧਰ ਵਿਚ ਰਹਿ ਰਿਹਾ ਸੀ। ਐੱਸ.ਐੱਸ.ਪੀ. ਅਜੇ ਗਾਂਧੀ ਨੇ ਦੱਸਿਆ ਕਿ ਪਿਛਲੇ ਸਾਲ 10 ਦਸੰਬਰ ਨੂੰ ਤੱਲ੍ਹਣ ਦੇ ਛੱਪੜ ’ਚੋਂ ਦੋਵੇਂ ਮਾਸੂਮਾਂ ਦੀਆਂ ਲਾਸ਼ਾਂ ਮਿਲੀਆਂ ਸਨ। ਲਾਸ਼ਾਂ ਦੀ ਪਛਾਣ ਮਾਂ ਰੰਗੀਲੀ ਨੇ ਕੀਤੀ ਸੀ। ਅਰਮਾਨ ਨਗਰ ਦੀ ਰਹਿਣ ਵਾਲੀ ਰੰਗੀਲੀ ਨੇ ਦੋਸ਼ ਲਗਾਇਆ ਸੀ ਕਿ ਰਣਜੀਤ ਨੇ ਹੀ ਦੋਵੇਂ ਬੱਚਿਆਂ ਦਾ ਕਤਲ ਕੀਤਾ ਹੈ। ਪੁਲਸ ਰਣਜੀਤ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਤਲਾਸ਼ ਕਰ ਰਹੀ ਸੀ। ਉਸ ਨੂੰ ਫੜਨ ਲਈ ਇਕ ਵਿਸ਼ੇਸ਼ ਟੀਮ ਉਸ ਦੇ ਮੂਲ ਨਿਵਾਸ ਦਰਭੰਗਾ ਤੱਕ ਵੀ ਗਈ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਭਾਜਪਾ ’ਚ ਹੋਏ ਸ਼ਾਮਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News