ਪੁੱਤ ਨੂੰ ਚਿੱਟੇ ਦੇ ਕੇਸ ''ਚੋਂ ਛੁਡਵਾਉਣ ਲਈ ਦਿੱਤੇ 50,000 ਮੰਗਣ ''ਤੇ ਮਿਲੀਆਂ ਧਮਕੀਆਂ, ਡਰ ਕਾਰਨ ਪਿਓ ਨੇ ਲਿਆ ਫਾਹਾ
Thursday, Aug 27, 2026 - 08:50 AM (IST)
ਜਲੰਧਰ (ਸ. ਹ.) : ਸੁਭਾਨਾ ਪਿੰਡ ਵਿਚ ਖਾਣੇ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨੇ ਬੁੱਧਵਾਰ ਸਵੇਰੇ ਆਪਣੇ ਕਮਰੇ ਵਿਚ ਫਾਹਾ ਲੈ ਕੇ ਜਾਨ ਦੇ ਦਿੱਤੀ। ਖੁਦਕੁਸ਼ੀ ਤੋਂ ਪਹਿਲਾਂ ਵਿਅਕਤੀ ਨੇ ਇਕ ਵੀਡੀਓ ਵੀ ਬਣਾਈ, ਜਿਸ ਤੋਂ ਬਾਅਦ ਸੁਸਾਈਡ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਵੀਡੀਓ ਵਿਚ ਵਿਅਕਤੀ ਨੇ ਕਿਹਾ ਕਿ ਉਹ ਪਿੰਡ ਦੇ ਕੁਝ ਲੋਕਾਂ ਅਤੇ ਇਕ ਪੁਲਸ ਵਾਲੇ ਦੇ ਡਰੋਂ ਸੁਸਾਈਡ ਕਰ ਰਿਹਾ ਹੈ, ਕਿਉਂਕਿ ਇਹ ਮੈਨੂੰ ਜਾਂ ਮੇਰੇ ਬੇਟੇ ਨੂੰ ਮਾਰਨ ਦੀ ਧਮਕੀ ਦੇ ਰਹੇ ਸਨ ਪਰ ਬੇਟੇ ਜਾਂ ਪਰਿਵਾਰ ਨੂੰ ਕੁਝ ਨਾ ਹੋਵੇ, ਇਸ ਲਈ ਉਹ ਖੁਦ ਮਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਏ. ਡੀ. ਸੀ. ਪੀ.-2 ਮਾਧਵੀ ਸ਼ਰਮਾ ਨੇ ਕਿਹਾ ਕਿ ਇਸ ਕੇਸ ਵਿਚ ਕਿਸੇ ਦਾ ਵੀ ਨਾਂ ਜਾਂਚ ਵਿਚ ਪਾਇਆ ਗਿਆ ਤਾਂ ਪੁਲਸ ਵਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੀ ਨਵੀਂ SCORPIO-N ਚੋਰੀ! ਹੂਟਰ ਤੇ ਸਿਕਿਓਰਿਟੀ ਅਲਾਰਮ ਵੱਜਣ ਦੇ ਬਾਵਜੂਦ ਕਰ ਗਏ ਕਾਂਡ
ਮ੍ਰਿਤਕ ਦੀ ਪਛਾਣ ਵਿਜੇ ਕੁਮਾਰ (45) ਵਾਸੀ ਪਿੰਡ ਸੁਭਾਨਾ ਵਜੋਂ ਹੋਈ ਹੈ। ਵਿਜੇ ਦੇ ਪੁੱਤਰ ਸੰਨੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਦੇ ਹੀ ਵਿਅਕਤੀ ਨੇ ਆਪਣੇ ਜਾਣਕਾਰ ਪੁਲਸ ਮੁਲਾਜ਼ਮ ਨੂੰ ਕਹਿ ਕੇ ਉਸ ਨੂੰ ਫੜਵਾ ਦਿੱਤਾ ਅਤੇ ਉਸ ਖ਼ਿਲਾਫ਼ ਨਾਜਾਇਜ਼ 5 ਗ੍ਰਾਮ ਹੈਰੋਇਨ ਦਾ ਕੇਸ ਦਰਜ ਕਰਵਾ ਦਿੱਤਾ। ਉਸੇ ਵਿਅਕਤੀ ਨੇ ਉਸ ਦੇ ਪਿਤਾ ਨੂੰ ਕਿਹਾ ਕਿ ਉਹ ਉਸ ਦੇ ਪੁੱਤਰ ਨੂੰ ਛੁਡਵਾ ਦੇਵੇਗਾ ਪਰ ਪੁਲਸ ਵਾਲੇ ਨੂੰ 50 ਹਜ਼ਾਰ ਰੁਪਏ ਦੇਣੇ ਪੈਣਗੇ। ਸੰਨੀ ਨੇ ਕਿਹਾ ਕਿ ਪਿਤਾ ਨੇ ਉਸ ਵਿਅਕਤੀ ਨੂੰ 50 ਹਜ਼ਾਰ ਰੁਪਏ ਵੀ ਦੇ ਦਿੱਤੇ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਪੈਸੇ ਪੁਲਸ ਵਾਲੇ ਨੂੰ ਮਿਲੇ ਜਾਂ ਨਹੀਂ। ਪੁਲਸ ਨੇ ਉਸ ਨੂੰ ਜੇਲ ਭੇਜ ਦਿੱਤਾ। ਉਦੋਂ ਤੋਂ ਉਹ ਪਿੰਡ ਦੇ ਸੁੱਖਾ ਨਾਂ ਦੇ ਵਿਅਕਤੀ ਤੋਂ ਪੈਸਿਆਂ ਦੀ ਮੰਗ ਕਰ ਰਹੇ ਸਨ ਪਰ ਪੈਸੇ ਤਾਂ ਵਾਪਸ ਨਹੀਂ ਮਿਲੇ, ਉਲਟਾ ਉਸ ਦੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਖੁਦਕੁਸ਼ੀ ਤੋਂ ਪਹਿਲਾਂ ਵਿਜੇ ਵਲੋਂ ਬਣਾਈ ਵੀਡੀਓ ਵਿਚ ਉਸ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਕਈ ਗੈਂਗਸਟਰਾਂ ਤੋਂ ਫੋਨ ਕਰਵਾ ਕੇ ਧਮਕਾਇਆ ਗਿਆ।
ਸੰਨੀ ਨੇ ਦੱਸਿਆ ਕਿ ਹੁਣ ਜਦੋਂ ਉਹ ਜ਼ਮਾਨਤ ’ਤੇ ਬਾਹਰ ਆਇਆ ਤਾਂ ਉਸ ਨੂੰ ਵੀ ਧਮਕੀਆਂ ਮਿਲ ਰਹੀਆਂ ਸਨ, ਜਦਕਿ ਜਿਥੇ ਉਹ ਪਿਓ-ਪੁੱਤ ਰੇਹੜੀ ਲਗਾਉਂਦੇ ਹਨ, ਉਥੇ ਆ ਕੇ ਵੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਧਮਕਾਇਆ, ਜਿਸ ਕਾਰਨ ਬੁੱਧਵਾਰ 10.30 ਵਜੇ ਦੇ ਕਰੀਬ ਉਸ ਦੇ ਪਿਤਾ ਨੇ ਆਪਣੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੰਨੀ ਨੇ ਕਿਹਾ ਕਿ 10 ਵਜੇ ਤੱਕ ਉਹ ਆਪਣੇ ਪਿਤਾ ਦੇ ਨਾਲ ਹੀ ਸੀ ਅਤੇ ਅੱਜ ਉਨ੍ਹਾਂ ਨੇ ਥਾਣਾ ਨੰ. 7 ਵਿਚ ਸ਼ਿਕਾਇਤ ਦੇਣ ਵੀ ਜਾਣਾ ਸੀ ਪਰ ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਉਸ ਦੇ ਪਿਤਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਇਹ ਵੀ ਪੜ੍ਹੋ : UPTET 2026 ਦਾ ਨਤੀਜਾ ਐਲਾਨ: ਪੇਪਰ 1 'ਚ 80% ਤੇ ਪੇਪਰ 2 'ਚ 72% ਉਮੀਦਵਾਰ ਪਾਸ
ਸੁਸਾਈਡ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 7 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ। ਏ. ਡੀ. ਸੀ. ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਕੇ ਕੇਸ ਦਰਜ ਕੀਤਾ ਜਾਵੇਗਾ ਅਤੇ ਜਾਂਚ ਵਿਚ ਜਿਨ੍ਹਾਂ-ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆਏ, ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਵਲੋਂ ਪੁਲਸ ਨੂੰ ਵਿਜੇ ਕੁਮਾਰ ਵਲੋਂ ਸੁਸਾਈਡ ਤੋਂ ਪਹਿਲਾਂ ਬਣਾਈ ਵੀਡੀਓ ਵੀ ਸੌਂਪ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
