ਮੋਟਰਸਾਈਕਲ ਸਵਾਰ ਪਿਓ-ਪੁੱਤ ਨੂੰ ਘੇਰ ਕੇ ਚਲਾਈ ਗੋਲੀ

Thursday, Nov 19, 2026 - 04:37 PM (IST)

ਮੋਟਰਸਾਈਕਲ ਸਵਾਰ ਪਿਓ-ਪੁੱਤ ਨੂੰ ਘੇਰ ਕੇ ਚਲਾਈ ਗੋਲੀ

ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਮੱਲਾਂਵਾਲਾ ਦੇ ਅਧੀਨ ਆਉਂਦੇ ਇਲਾਕੇ 'ਚ ਮੋਟਰਸਾਈਕਲ ਸਵਾਰ ਪਿਓ-ਪੁੱਤ ਨੂੰ ਘੇਰ ਕੇ ਜਾਨਲੇਵਾ ਹਮਲਾ ਕਰਨ ਅਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ 'ਚ ਇਕ ਵਿਅਕਤੀ ਦੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਥਾਣਾ ਮੱਲਾਂਵਾਲਾ ਪੁਲਸ ਨੇ 5 ਲੋਕਾਂ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਬੀੜ ਸਰਕਾਰ ਨੇ ਦੱਸਿਆ ਕਿ ਬੀਤੀ 17 ਨਵੰਬਰ 2026 ਨੂੰ ਬੈਂਕ ਬੰਦ ਹੋਣ ਉਪਰੰਤ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੱਲਾਂਵਾਲਾ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ।

ਉਸ ਦੇ ਪਿੱਛੇ ਇਕ ਹੋਰ ਮੋਟਰਸਾਈਕਲ ’ਤੇ ਉਸ ਦੇ ਪਿਤਾ ਕੁਲਜੀਤ ਸਿੰਘ ਅਤੇ ਤਾਇਆ ਸਤਨਾਮ ਸਿੰਘ ਆ ਰਹੇ ਸਨ। ਜਦੋਂ ਉਹ ਸ਼ਾਮ ਕਰੀਬ 5.15 ਵਜੇ ਮੋੜ ਨੇੜੇ ਪੁੱਜੇ, ਤਾਂ ਹਥਿਆਰਾਂ, ਡਾਂਗਾਂ ਅਤੇ ਸੋਟੀਆਂ ਨਾਲ ਲੈਸ ਹਰਚੰਦ ਸਿੰਘ ਪੁੱਤਰ ਸੱਜਣ ਸਿੰਘ, ਆਨੰਦ ਸਿੰਘ ਪੁੱਤਰ ਸੱਜਣ ਸਿੰਘ, ਮਨਜੀਤ ਕੌਰ ਪਤਨੀ ਆਨੰਦ ਸਿੰਘ, ਰਣਧੀਰ ਸਿੰਘ ਪੁੱਤਰ ਆਨੰਦ ਸਿੰਘ ਅਤੇ ਅਨਮੋਲ ਸਿੰਘ ਪੁੱਤਰ ਆਨੰਦ ਸਿੰਘ ਵਾਸੀਅਨ ਪਿੰਡ ਘੁਮਿਆਰੀ ਵਾਲਾ, ਥਾਣਾ ਮੱਲਾਂਵਾਲਾ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਮਾਰ ਦੇਣ ਦੀ ਨੀਅਤ ਨਾਲ ਪਿਸਤੌਲ ਨਾਲ ਫਾਇਰ ਕੀਤਾ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਗੋਲੀ ਉਸ ਦੇ ਪਿਤਾ ਕੁਲਜੀਤ ਸਿੰਘ ਦੀ ਖੱਬੀ ਲੱਤ ਦੀ ਪਿੱਜਣੀ 'ਚ ਲੱਗੀ। ਰੌਲਾ ਪਾਉਣ ’ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਤਾਇਆ ਸਤਨਾਮ ਸਿੰਘ ਨੇ ਜ਼ਖ਼ਮੀ ਕੁਲਜੀਤ ਸਿੰਘ ਨੂੰ ਇਲਾਜ ਲਈ ਫ਼ਰੀਦਕੋਟ ਮੈਡੀਕਲ ਕਾਲਜ ਹਸਪਤਾਲ ਦਾਖ਼ਲ ਕਰਵਾਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਹਿਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 


author

Babita

Content Editor

Related News