ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ’ਚ ਆਣ ਖਲੋ ਗਈਆਂ...

Thursday, Dec 26, 2019 - 10:39 AM (IST)

ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ’ਚ ਆਣ ਖਲੋ ਗਈਆਂ...

ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - ਫਤਿਹਗੜ੍ਹ ਸਾਹਿਬ ਦਾ ਜ਼ਿਕਰ ਛਿੜਦਿਆਂ ਹੀ ਕੌਮ ਦੇ ਉਨ੍ਹਾਂ ਨੰਨ੍ਹੇ ਸ਼ਹੀਦਾਂ ਦੇ ਮਾਸੂਮ ਚਿਹਰੇ ਅੱਖਾਂ ਸਾਹਮਣੇ ਆ ਖੜ੍ਹਦੇ ਹਨ, ਜਿਨ੍ਹਾਂ ਤਤਕਾਲੀ ਮੁਗਲ ਸਲਤਨਤ ਦਾ ਮੁਕਾਬਲਾ ਸਬਰ, ਸ਼ਿੱਦਤ, ਸਿਦਕ ਅਤੇ ਸਿਰੜ ਨਾਲ ਕਰਦਿਆਂ ਤਵਾਰੀਖ ਦਾ ਉਹ ਹਿਰਦੇਵੇਦਕ ਅਤੇ ਲਹੂ ’ਚ ਲੱਥਪੱਥ ਪੰਨਾ ਲਿਖ ਦਿੱਤਾ, ਜਿਸ ਦੀ ਮਿਸਾਲ ਕਾਇਨਾਤ ਦੇ ਕਿਸੇ ਕੋਨੇ ’ਚੋਂ ਨਹੀਂ ਮਿਲਦੀ। ਇਤਿਹਾਸ ਨੂੰ ਕੰਬਣੀ ਛੇੜਨ ਵਾਲਾ ਇਹ ਦਰਦਨਾਕ ਸਾਕਾ ਜਿਥੇ ਤਮਾਮ ਮਾਨਵਤਾ ਦੇ ਜ਼ਿਹਨ ’ਚ ਸਦੀਵੀਂ ਰਿਸਣ ਵਾਲਾ ਨਾਸੂਰ ਬਣ ਗਿਆ, ਉਥੇ ਇਹ ਮੁਗਲ ਸਲਤਨਤ ਦੇ ਪਤਨ ਦਾ ਸਬੱਬ ਹੋ ਨਿੱਬੜਿਆ। 11 ਪੋਹ ਨੂੰ ਸੂਬਾ ਸਰਹਿੰਦ ਵਜ਼ੀਦ ਖਾਨ ਦੀ ਕਚਹਿਰੀ ’ਚ ਪਹਿਲੀ ਪੇਸ਼ੀ ਮੌਕੇ ਸਾਹਿਬਜ਼ਾਦਿਆਂ ਨੇ ਇਕ ਛੋਟੀ ਖਿੜਕੀ ਰਾਹੀਂ ਅੰਦਰ ਦਾਖਲ ਹੁੰਦਿਆਂ ਸੀਸ ਝੁਕਾ ਕੇ ਲੰਘਣ ਦੀ ਥਾਂ ਪੈਰ ਖਿੜਕੀ ’ਚ ਧਰ ਪ੍ਰਵੇਸ਼ ਕਰ ਭਾਵੇਂਕਿ ਸੂਬੇ ਨੂੰ ਆਪਣੀ ਸੂਰਮਗਤੀ ਭਰਪੂਰ ਹੈਸੀਅਤ ਦੀ ਝਲਕ ਦਿਖਾ ਦਿੱਤੀ ਸੀ ਪਰ ਉਸ ਦਾ ਮੁੱਢਲਾ ਲੁਕਵਾਂ ਏਜੰਡਾ ਬੱਚਿਆਂ ਨੂੰ ਸਿੱਧੇ ਤਰੀਕੇ ਨਾਲ ਈਨ ਮਨਵਾਉਣ ਦਾ ਸੀ ਪਰ ਜਦੋਂ ਸਾਹਿਬਜ਼ਾਦਿਆਂ ਨੇ ਉਸ ਨੂੰ ਸੀਸ ਝੁਕਾਉਣ ਦੀ ਥਾਂ ਫਤਿਹ ਬੁਲਾਈ ਤਾਂ ਉਹ ਦੰਦ ਕਚੀਚ ਕੇ ਰਹਿ ਗਿਆ।

ਉਸ ਨੇ ਸ਼ੇਖੀਖੋਰ ਰਾਜਨੀਤੀ ਅਪਣਾਉਂਦਿਆਂ ਲੋਭ-ਲਾਲਚ ਦੀ ਪਟਾਰੀ ਖੋਲ੍ਹੀ ਜੋ ਸਾਹਿਬਜ਼ਾਦਿਆਂ ਥਾਂ-ਥਾਂ ਤੋਂ ਠੁਕਰਾ ਮਾਰੀ। ਗੱਲ ਦਲੀਲਬਾਜ਼ੀ ਤੋਂ ਉੱਤੇ ਡਰਾਵਿਆਂ ਤਕ ਜਾ ਪੁੱਜੀ ਪਰ ਸਾਹਿਬਜ਼ਾਦੇ ਆਪਣੇ ਫੈਸਲੇ ’ਤੇ ਬਰਕਰਾਰ ਰਹੇ। ਅੰਤ ਇਹ ਵੀ ਕਿਹਾ ਗਿਆ, ‘ਬੱਚਿਓ! ਤੁਹਾਡਾ ਪਿਤਾ ਜੰਗ-ਏ-ਚਮਕੌਰ ’ਚ ਮਾਰਿਆ ਗਿਐ ਤੇ ਆਹ ਉਸ ਦਾ ਕੱਟਿਆ ਸੀਸ ਪਿਆ ਹੈ। ਪਰ ਸਾਹਿਬਜ਼ਾਦਿਆਂ ਤਰਕ ਦਿੱਤਾ- ‘ਸਾਡੇ ਪਿਤਾ ਨੂੰ ਕੋਈ ਮਾਰ ਹੀ ਨਹੀਂ ਸਕਦਾ, ਸੀਸ ਉਨ੍ਹਾਂ ਦਾ ਨਹੀਂ? ਸਮਾਂ ਲੰਬਾ ਹੋ ਗਿਆ ਅਤੇ ਕਚਹਿਰੀ ਉੱਠਣ ਦਾ ਵੇਲਾ ਵੀ ਹੋ ਗਿਆ। ਅੰਤ ਵਜ਼ੀਦ ਖਾਨ ਨੇ ਨਵਾਬ ਸ਼ੇਰ ਮੁਹੰਮਦ ਮਾਲੇਰਕੋਟਲਾ ਦੀ ਦੁਖਦੀ ਰਗ ਛੇੜਦਿਆਂ ਕਿਹਾ- ‘ਕੱਲ ਨਵਾਬ ਸਾਹਿਬ ਇਨ੍ਹਾਂ ਦੇ ਪਿਉ ਨੇ ਤੁਹਾਡੇ ਭਰਾ ਨਾਹਰ ਖਾਨ ਨੂੰ ਚਮਕੌਰ ਦੀ ਗੜ੍ਹੀ ’ਚ ਕਤਲ ਕੀਤਾ ਸੀ। ਬਦਲਾ ਲੈਣ ਦਾ ਅੱਜ ਚੰਗਾ ਇਤਫਾਕ ਜੁੜਿਐ।’ ਪਰ ਨਵਾਬ ਸ਼ੇਰ ਮੁਹੰਮਦ ਨੇ ਇਹ ਕਹਿ ਕਿ ਵਜ਼ੀਦ ਖਾਨ ਦੀ ਗੱਲ ਨੂੰ ਰੱਦ ਕਰ ਕਿ ‘ਬਦਲਾ ਲੇਨਾ ਹੋਗਾ ਤੋਂ ਲੇਂਗੇ ਬਾਪ ਸੇ, ਮਹਿਫੂਜ਼ ਰੱਖੇ ਖੁਦਾ ਹਮੇ ਐਸੇ ਪਾਪ ਸੇ।’ ਅਜੇ ਵਜ਼ੀਦ ਖਾਨ ਦਾ ਰਵੱਈਆ ਮਾਮੂਲੀ ਢਿੱਲਾ ਹੋਇਆ ਸੀ ਕਿ ਦੀਵਾਨ ਸੁੱਚਾ ਨੰਦ ਨੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੋਣ ਦੀ ਦਲੀਲ ਦੇ ਕੇ ਬਲਦੀ ’ਤੇ ਤੇਲ ਪਾ ਦਿੱਤਾ। ਵਜ਼ੀਦ ਖਾਨ ਦੀ ਸਮੁੱਚੇ ਦਿਨ ਦੀ ਕਾਰਗੁਜ਼ਾਰੀ ਜ਼ੀਰੋ ਰਹਿਣ ਉਪਰੰਤ ਅੰਤ ਕਚਹਿਰੀ ਉੱਠ ਗਈ। ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ’ਚ ਮਾਤਾ ਜੀ ਸਣੇ ਕੈਦ ਕਰ ਦਿੱਤਾ ਗਿਆ।

ਠੰਡੇ ਬੁਰਜ ਦੀ ਪਹਿਲੀ ਰਾਤ
ਜ਼ਮੀਨੀ ਤਲ ਤੋਂ ਕਈ ਗਜ਼ ਉੱਚਾਈ ’ਤੇ ਬਣਾਏ ਠੰਡੇ ਬੁਰਜ ਬਾਰੇ ਕਈ ਵਿਦਵਾਨਾਂ ਦਾ ਤਰਕ ਹੈ ਕਿ ਇਹ ਚਾਰੇ ਦਿਸ਼ਾਵਾਂ ਤੋਂ ਖੁੱਲ੍ਹਾ ਬੁਰਜ ਸੂਬਾ-ਏ-ਸਰਹਿੰਦ ਨੇ ਅਤਿ ਗਰਮੀ ਦੇ ਮੌਸਮ ’ਚ ਆਪਣੇ ਫੁਰਸਤ ਦੇ ਪਲ ਬਿਤਾਉਣ ਹਿੱਤ ਬਣਵਾਇਆ ਸੀ। ਇਸ ਦੇ ਆਲੇ-ਦੁਆਲੇ ਤਲਾਬਨੁਮਾ ਥਾਵਾਂ ਸਥਾਪਤ ਕੀਤੀਆਂ ਸਨ ਤਾਂ ਜੋ ਇਸ ਦੇ ਚਾਰੇ ਦਰਵਾਜ਼ਿਆਂ ਰਾਹੀਂ ਅੰਦਰ ਦਾਖਲ ਹੋਣ ਵਾਲੀ ਪੌਣ ਠੰਡੀ ਹੋ ਕੇ ਜਾਵੇ। ਹੱਡ ਚੀਰਵੀਂ ਠੰਡੀ ਉਸ ਰਾਤ ਦੇ ਆਲਮ ’ਚ ਨਾ ਤਾਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਹੇਠਾਂ ਕੋਈ ਕੱਪੜਾ ਸੀ ਅਤੇ ਨਾ ਹੀ ਉੱਤੇ। ਉੱਚੇ ਬੁਰਜ ਦੀ ਸਭ ਤੋਂ ਸਿਖਰਲੀ ਅਤੇ ਖੁੱਲ੍ਹੀ ਬੁਰਜੀ ’ਚ ਹਕੂਮਤ ਦੇ ਇਹ ਮਾਸੂਮ ਆਪਣੀ 80 ਵਰ੍ਹਿਆਂ ਦੀ ਦਾਦੀ ਸਣੇ ਇਸ ਗੁਨਾਹ ਬਦਲੇ ਕੈਦ ਸਨ ਕਿ ਉਨ੍ਹਾਂ ਦੀਨ-ਏ-ਇਸਲਾਮ ਕਬੂਲ ਕਰਨ ਤੋਂ ਨਾਂਹ ਕਰ ਦਿੱਤੀ ਸੀ। ਬੁਰਜ ਦੇ ਹੇਠਾਂ ਲੱਗੇ ਦਰਵਾਜ਼ੇ ’ਤੇ ਪਹਿਰੇਦਾਰ ਡਿਊਟੀ ਦੇ ਰਿਹਾ ਸੀ। ਇਸ ਕੜਾਕੇ ਦੀ ਸਰਦੀ ’ਚ ਸਾਹਿਬਜ਼ਾਦੇ ਭੁੱਖੇ ਸਨ। ਮਹਿਜ਼ ਦਾਦੀ ਮਾਂ ਦੀ ਮਮਤਾ ਦਾ ਨਿੱਘ ਅਤੇ ਸਿਦਕ ਦਾ ਅਹਿਸਾਸ ਉਨ੍ਹਾਂ ਲਈ ਸਹਾਰਾ ਬਣ ਰਿਹਾ ਸੀ।

PunjabKesari

ਦੂਜੀ ਪੇਸ਼ੀ ’ਤੇ ਨੀਹਾਂ ’ਚ ਚਿਣਵਾਏ ਜਾਣ ਦਾ ਫਰਮਾਨ
12 ਪੋਹ ਨੂੰ ਪੇਸ਼ੀ ’ਤੇ ਆਉਂਦਿਆਂ ਹੀ ਸੂਬਾ-ਏ-ਸਰਹਿੰਦ ਨੇ ਅੱਖਾਂ ਲਾਲ ਕਰਦਿਆਂ ਸਾਹਿਬਜ਼ਾਦਿਆਂ ਨੂੰ ਦੀਨ-ਏ-ਇਸਲਾਮ ਕਬੂਲਣ ਬਾਰੇ ਪੁੱਛਿਆ ਤਾਂ ਉਨ੍ਹਾਂ ਕੱਲ ਵਾਲੇ ਫੈਸਲੇ ਨੂੰ ਮੁੜ ਦੁਹਰਾਇਆ। ਸੂਬੇ ਨੇ ਕਾਜ਼ੀ ਨੂੰ ਫਤਵਾ ਲਾਉਣ ਲਈ ਕਿਹਾ ਤਾਂ ਉਸ ਨੇ ਸੱਤ ਅਤੇ ਨੌਂ ਵਰ੍ਹਿਆਂ ਦੇ ਮਾਸੂਮਾਂ ਨੂੰ ਤੌਹੀਨ-ਏ-ਇਸਲਾਮ ਬਦਲੇ ਜਿਊਂਦੇ ਜੀ ਦੀਵਾਰ ’ਚ ਚਿਣਨ ਦਾ ਹੁਕਮ ਸੁਣਾਇਆ।

ਗੁਰੂ ਜੀ ਦੇ ਵਾਕਿਆ ਨਵੀਸ ਬਾਬਾ ਦੁਨਾ ਸਿੰਘ ਹੰਡੂਰੀਆ ਅਨੁਸਾਰ ਨੀਹਾਂ ’ਚ ਚਿਣਨ ਤੋਂ ਪਹਿਲਾਂ ਸਾਹਿਬਜ਼ਾਦਿਆਂ ਦੇ ਛਮਕਾਂ ਵੀ ਮਾਰੀਆਂ ਗਈਆਂ ਅਤੇ ਪਿੱਪਲ ਦੇ ਦਰੱਖਤ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ। ਉਨ੍ਹਾਂ ਕਥਾ ‘ਗੁਰੂ ਜੀ ਕੇ ਸੂਤਨ ਕੀ’ ਪੁਸਤਕ ’ਚ ਇਹ ਘਟਨਾ ਕਲਮਬੱਧ ਕਰਦਿਆਂ ਲਿਖਿਆ ਹੈ ‘ਪੀਪਲ ਬੰਨ੍ਹ ਗੁਲੇਲੇ ਮਾਰੇ’, ਜਦੋਂ ਸਾਹਿਬਜ਼ਾਦਿਆਂ ਦੇ ਮੂੰਹ ’ਤੇ ਗੁਲੇਲੇ ਮਾਰੇ ਜਾ ਰਹੇ ਸਨ ਤਾਂ ਗੁਲੇਲ ਦਾ ਇਕ ਨਿਸ਼ਾਨਾ ਬਾਬਾ ਫਤਿਹ ਸਿੰਘ ਜੀ ਦੀ ਅੱਖ ’ਤੇ ਵੱਜਾ, ਜਿਸ ਕਾਰਣ ਉਨ੍ਹਾਂ ਦੀ ਅੱਖ ’ਚੋਂ ਲਹੂ ਸਿੰਮਣ ਲੱਗ ਪਿਆ। ਵਜ਼ੀਦ ਖਾਨ ਨੇ ਫਿਰ ਪੁੱਛਿਆ- ‘ਕਿਉਂ? ਹੁਣ ਤੇ ਇਸਲਾਮ ਕਬੂਲੇਂਗਾ ਤੂੰ?’ ਅੱਗਿਓਂ ਬਾਬਾ ਫਤਿਹ ਸਿੰਘ ਨੇ ਇਕ ਹੱਥ ਸਿੰਮਦੀ ਅੱਖ ’ਤੇ ਧਰ ਕੇ ਨਾਂਹ ’ਚ ਸਿਰ ਹਿਲਾ ਦਿੱਤਾ, ਜਿਸ ਤੋਂ ਵਜ਼ੀਦਾ ਅੱਗ ਬਬੂਲਾ ਹੋ ਗਿਆ। ਆਖਿਰ ਜ਼ੁਲਮ ਦੀ ਕੰਧ ਉਸਾਰਨੀ ਸ਼ੁਰੂ ਕੀਤੀ ਅਤੇ ਹਰ ਰਦਾ ਲਾਉਣ ਉਪਰੰਤ ਸਾਹਿਬਜ਼ਾਦਿਆਂ ਨੂੰ ਦੀਨ-ਏ-ਇਸਲਾਮ ਕਬੂਲਣ ਲਈ ਕਿਹਾ ਜਾਣ ਲੱਗਾ। ਸਾਹਿਬਜ਼ਾਦੇ ਦ੍ਰਿੜ੍ਹਤਾ ਨਾਲ ਮੁਗਲਾਂ ਦੀ ਹਰ ਪੇਸ਼ਕਸ਼ ਰੱਦ ਕਰਦੇ ਰਹੇ। ਜਦੋਂ ਕੰਧ ਛਾਤੀਆਂ ਤਕ ਪੁੱਜੀ ਤਾਂ ਅਚਨਚੇਤ ਡਿੱਗ ਪਈ ਅਤੇ ਸਾਹਿਬਜ਼ਾਦੇ ਬੇਹੋਸ਼ ਹੋ ਗਏ।

ਠੰਡੇ ਬੁਰਜ ਦੀ ਦੂਜੀ ਰਾਤ
ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ’ਚੋਂ ਕੱਢ ਕੇ ਠੰਡੇ ਬੁਰਜ ਮੁੜ ਮਾਤਾ ਜੀ ਕੋਲ ਭੇਜ ਦਿੱਤਾ ਗਿਆ। ਮਾਸੂਮਾਂ ’ਤੇ ਢਾਹੇ ਕਹਿਰ ਦੀ ਇਬਾਰਤ ਮਾਤਾ ਜੀ ਨੇ ਸਾਹਿਬਜ਼ਾਦਿਆਂ ਦੇ ਨੰਨ੍ਹੇ ਚਿਹਰਿਆਂ ਤੋਂ ਪੜ੍ਹ ਲਈ ਪਰ ਬਿਰਧ ਮਮਤਾ ਤੋਂ ਜ਼ਿਆਦਾ ਉਨ੍ਹਾਂ ਦੇ ਦਿਲ ’ਚੋਂ ਪੋਤਰਿਆਂ ਦੇ ਕਠਿਨ ਪ੍ਰੀਖਿਆ ’ਚੋਂ ਪਾਸ ਹੋ ਕੇ ਆਉਣ ਦੀ ਖੁਸ਼ੀ ਸੀ। ਉਨ੍ਹਾਂ ਨੂੰ ਹੁਣ ਕੋਈ ਸੰਦੇਹ ਨਹੀਂ ਸੀ ਰਿਹਾ ਕਿ ਨੌਵੇਂ ਪਾਤਸ਼ਾਹ ਦੀ ਤਰ੍ਹਾਂ ਔਰੰਗਜ਼ੇਬ ਦੀ ਤਰਜ਼ ’ਤੇ ਵਜ਼ੀਦ ਖਾਨ ਵੀ ਸਾਹਿਬਜ਼ਾਦਿਆਂ ਤੋਂ ਜਬਰੀ ਦੀਨ ਮਨਵਾ ਕੇ ਨਾ ਸਿਰਫ ਇਸਲਾਮੀ ਕੱਟੜਤਾ ਦੀ ਨੀਤੀ ਲਾਗੂ ਕਰਨਾ ਚਾਹੁੰਦਾ ਹੈ ਬਲਕਿ ਨੌਵੇਂ ਪਾਤਸ਼ਾਹ ਵੱਲੋਂ ਆਪਣੀ ਰੱਤ ਨਾਲ ਧੋ ਕੇ ਪਾਕ ਕੀਤੀ ਧਰਮ ਦੀ ਬੇਦਾਗ ਚਾਦਰ ਨੂੰ ਤੀਜੀ ਪੀੜ੍ਹੀ ’ਚ ਕਲੰਕ ਲਾ ਕੇ ਦਾਗੀ ਕਰਨ ਦੀ ਫਿਰਕੂ ਸਾਜ਼ਿਸ਼ ਗੁੰਦ ਰਿਹਾ ਹੈ। ਇਸ ਲਈ ਇਹ ਨਿਸ਼ਚਿਤ ਹੈ ਕਿ ਇਸ ਮੁਕਾਮ ’ਤੇ ਮੁਗਲ ਸਮਰਾਜ ਨੂੰ ਮਿਲਣ ਵਾਲੀ ਸ਼ਰਮਨਾਕ ਹਾਰ ਨੰਨ੍ਹੀਆਂ ਜਿੰਦਾਂ ’ਤੇ ਵੱਡਾ ਗਜ਼ਬ ਬਣ ਟੁੱਟੇਗੀ, ਜਿਸ ਕਰ ਕੇ ਧਰਮ ਦੀ ਉਸ ਚਾਦਰ ਨੂੰ ਬੇਦਾਗ ਰੱਖਣ ਲਈ ਵਕਤ ਦੀ ਵੱਡੀ ਚੁਣੌਤੀ ਹੈ। ਇਸ ਪਰਥਾਏ ਮਾਤਾ ਜੀ ਨੇ ਸੰਮਕ ਰੈਣ ਮਮਤਾ ਦੇ ਨਿੱਘ ਨਾਲ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਤੱਤੀਆਂ ਲੋਹਾਂ ’ਤੇ ਬੈਠ ਕੇ ਲੋਕਾਈ ਅਤੇ ਮਜ਼੍ਹਬ ਲਈ ਲਿਖੀ ਸ਼ਹਾਦਤ ਦੀ ਮੁੱਢਲੀ ਇਬਾਰਤ ਇਲਾਹੀ ਗੁਰਤੀ ’ਚ ਰੰਗ ਕੇ ਸਾਹਿਬਜ਼ਾਦਿਆਂ ਦੇ ਸਿਦਕ ਸੰਗ ਪ੍ਰਣਾਈ।

PunjabKesari

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਾਬਰ ਨੂੰ ਜਾਬਰ ਕਹਿਣ ਵਾਲੀ ਦ੍ਰਿੜ੍ਹਤਾ ਦਾ ਜੰਗਜੂ ਪਾਠ ਕੰਠ ਕਰਵਾਇਆ ਅਤੇ ਸੂਬੇ ਦੀ ਹਰ ਸਾਜ਼ਿਸ਼ ਅਤੇ ਖੌਫਨਾਕ ਧਮਕੀ ਤੋਂ ਨਿਰਭੈਅ ਰਹਿਣ ਦਾ ਸੰਕਲਪ ਦ੍ਰਿੜ੍ਹ ਕਰਵਾਇਆ। ਜਦੋਂ ਨੰਨ੍ਹੀਆਂ ਜਿੰਦਾਂ ਪੁਰਖਿਆਂ ਦੇ ਪਾਏ ਪੂਰਨਿਆਂ ’ਤੇ ਡਟ ਕੇ ਪਹਿਰਾ ਦੇਣ ਦਾ ਅਹਿਦ ਦੁਹਰਾਉਂਦੀਆਂ ਤਾਂ ਮਾਤਾ ਜੀ ਰੂਹੋਂ ਨੂਰ-ਨੂਰ ਹੋ ਜਾਂਦੇ। ਅੱਧੀ ਕੁ ਰਾਤ ਸਮੇਂ ਗੁਰੂ ਘਰ ਦਾ ਅਨਿਨ ਸੇਵਕ ਭਾਈ ਮੋਤੀ ਰਾਮ ਮਿਹਰਾ ਦੁੱਧ ਪਿਲਾਉਣ ਦੀ ਵੱਡਮੁੱਲੀ ਖਿਦਮਤ ਕਰ ਕੇ ਜਦੋਂ ਵਾਪਿਸ ਮੁੜਿਆ ਤਾਂ ਰਹਿੰਦੀ ਰਾਤ ਤੋਂ ਪਹੁ-ਫੁਟਾਲੇ ਤੱਕ ਮਾਤਾ ਜੀ ਮਾਸੂਮਾਂ ਦੀ ਹਿੱਕ ’ਤੇ ਉਸਰਨ ਜਾ ਰਹੇ ਮਹੱਲ ਦੀਆਂ ਇੱਟਾਂ ਪੱਕੀਆਂ ਕਰਦੇ ਰਹੇ। ਸਵੇਰੇ ਸੂਬੇ ਦੇ ਦਰਬਾਰ ’ਚ ਸਾਹਿਬਜ਼ਾਦਿਆਂ ਦੀ ਤੀਜੀ ਪੇਸ਼ੀ ਸੀ। ਮਾਤਾ ਜੀ ਪੂਰਨ ਇਲਮਬੱਧ ਸਨ ਕਿ ਅੱਜ ਦੇ ਗਏ ਲਾਲਾਂ ਨੇ ਹੁਣ ਸ਼ਾਇਦ ਕਦੇ ਵੀ ਪਰਤ ਕੇ ਨਹੀਂ ਆਉਣਾ। ਉਨ੍ਹਾਂ ਇਕ ਇਲਾਹੀ ਰੀਝ ਜ਼ਿਹਨ ’ਚ ਲੈ ਕੇ ਸੁੱਤੇ ਹੋਏ ਸਾਹਿਬਜ਼ਾਦਿਆਂ ਨੂੰ ਜਗਾਇਆ। ਚਾਵਾਂ ਨਾਲ ਨੰਨ੍ਹੇ ਬੱਚਿਆਂ ਦੇ ਮੂੰਹ ਧੋਤੇ, ਸਿਰ ਕੰਘੇ ਕਰ ਕੇ ਸੁੰਦਰ ਦੁਮਾਲੇ ਸਜਾਏ ਅਤੇ ਨਿੱਕੀਆਂ-ਨਿੱਕੀਆਂ ਕਲਗੀਆਂ ਲਾਉਣ ਵੇਲੇ ਮੁੱਖੋ ਫਰਮਾਇਆ-

‘‘ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋ ਕੋ ਕੰਘੀ ਕਰ ਦੂੰ, ਜ਼ਰਾ ਮੂੰਹ ਧੁਲਾ ਤੋ ਲੂੰ।
ਪਯਾਰੇ ਸਿਰੋਂ ਪੇ ਨੰਨ੍ਹੀ ਸੀ, ਕਲਗੀ ਸਜਾ ਤੋ ਲੂੰ, ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਨਾ ਤੋ ਲੂੰ।’’

ਦੱਸਿਆ ਜਾਂਦਾ ਹੈ ਕਿ ਉਸ ਪ੍ਰਭਾਤ ਨੂੰ ਸਾਹਿਬਜ਼ਾਦੇ ਆਮ ਨਾਲੋਂ ਕਿਤੇ ਨੂਰਾਨੀ ਅਤੇ ਇਲਾਹੀ ਚਿਹਰੇ ਭਰਪੂਰ ਲੱਗ ਰਹੇ ਸਨ। ਦਿਨ ਚੜ੍ਹਦਿਆਂ 13 ਪੋਹ ਵਾਲੇ ਦਿਨ ਸੂਬੇ ਦੇ ਸਿਪਾਹੀ ਆਏ ਅਤੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਗਏ। ਮਾਤਾ ਜੀ ਅਕਾਲ ਪੁਰਖ ਨਾਲ ਤਸੱਵਰ ਜੋੜ ਕੇ ਨੰਨ੍ਹੇ ਪੋਤਿਆਂ ਦੀ ਪ੍ਰੀਖਿਆ ’ਚ ਸਫਲਤਾ ਦੀ ਇਬਾਦਤ ’ਚ ਜੁੜ ਗਏ।

PunjabKesari

ਅੱਜ ਸੂਬੇ ਨੇ ਨਾ ਕੋਈ ਲਾਲਚ ਦਿੱਤਾ ਅਤੇ ਨਾ ਹੀ ਕੋਈ ਤਾਕੀਦ ਕੀਤੀ। ਸਮੁੱਚਾ ਏਜੰਡਾ ਪਹਿਲਾਂ ਹੀ ਤਿਆਰ ਸੀ। ਸਵਾਏ ਦੋ ਜਲਾਦ ਅਸੁਰ ਬੇਗ ਅਤੇ ਵਾਸ਼ੁਰ ਬੇਗ ਜੋ ਸੂਬਾ-ਏ-ਸਰਹਿੰਦ ਦੀ ਕਚਹਿਰੀ ’ਚ ਸਜ਼ਾ-ਏ-ਮੌਤ ਤਹਿਤ ਨਜ਼ਰਬੰਦ ਸਨ ਉਨ੍ਹਾਂ ਨੂੰ ਮਾਸੂਮਾਂ ਦੇ ਸਿਰ ਕਲਮ ਕਰਨ ਬਦਲੇ ਸਜ਼ਾ ਮੁਕਤ ਕਰਨ ਦਾ ਲਾਲਚ ਦੇ ਦਿੱਤਾ ਸੀ। ਉਨ੍ਹਾਂ ਬੇਰਹਿਮੀ ਨਾਲ ਸਾਹਿਬਜ਼ਾਦਿਆਂ ਨੂੰ ਨਾਪਾਕ ਹੱਥਾਂ ’ਚ ਫੜ ਕੇ ਦੋਵਾਂ ਦੇ ਸਿਰ ਹਲਾਲ ਕਰ ਦਿੱਤੇ। ਸਮੁੱਚੀ ਸਰਹਿੰਦ ’ਚ ਸੰਨਾਟਾ ਛਾ ਗਿਆ। ਜਿਨ੍ਹਾਂ ਰੂਪਮੱਤੀਆਂ ਸੂਰਤਾਂ ਨੂੰ ਬੀਤੇ ਦੋ ਦਿਨ ਤੋਂ ਸਰਹਿੰਦ ਦੇ ਲੋਕ ਰੂਹਾਂ ਭਰ-ਭਰ ਤੱਕ ਰਹੇ ਸਨ। ਉਹ ਜੋੜਾ ਅੱਜ ਕੱਟੜਪੰਥੀ ਜਲਾਦਾਂ ਦੀ ਭੇਟ ਹੋ ਗਿਆ ਸੀ। ਸਿਰ ਕਲਮ ਕਰਨ ਤੋਂ ਬਾਅਦ ਬਾਬਾ ਜ਼ੋਰਾਵਰ ਸਿੰਘ ਐਨ ਮੌਕੇ ’ਤੇ ਸ਼ਹੀਦ ਹੋ ਗਏ, ਜਦਕਿ ਬਾਬਾ ਫਤਿਹ ਸਿੰਘ ਸ਼ਹੀਦੀ ਤੋਂ ਪਹਿਲਾਂ ਹੀ ਅੱਧੀ ਘੜੀ ਤੜਪਦੇ ਰਹੇ। ਭਾਈ ਕੇਸਰ ਸਿੰਘ ਛਿੱਬਰ ਨੇ ਇਹ ਪੱਖ ਬਿਆਨਦਿਆਂ ਲਿਖਿਆ ਹੈ।

‘‘ਜ਼ੋਰਾਵਰ ਸਿੰਘ ਅਵਸਥਾ ਨੌਂ ਸਾਲ ਭਏ, ਫਤਿਹ ਸਿੰਘ ਅਵਸਥਾ ਸਾਢੇ ਛੇ ਸਾਲ ਭਏ।
ਜ਼ੋਰਾਵਰ ਸਿੰਘ ਪ੍ਰਾਣ ਖੰਡੇ ਵੇਗ ਤੁਰੰਤ ਛੁੱਟ ਗਏ।
ਫਤਿਹ ਸਿੰਘ ਸੀਸ ਕੱਟ ਜਾਨੇ ਸੇ ਬਾਅਦ, ਅਧੀ ਘੜੀ ਤੱਕ ਚਰਨ ਮਾਰਤੇ ਰਹੇ ਔਰ ਤੜਪਦੇ ਰਹੇ।’’
ਮਾਤਾ ਜੀ ਦੀ ਆਤਮਾ ਨੇ ਕਿਵੇਂ ਭਰੀ ਪਰਵਾਜ਼?

ਜਦੋਂ 80 ਸਾਲਾ ਮਾਤਾ ਗੁਜਰੀ ਜੀ ਨੇ ਆਪਣੇ 7 ਅਤੇ 9 ਸਾਲਾਂ ਦੇ ਪੋਤਰਿਆਂ ਦੀ ਕਠਿਨ ਪ੍ਰੀਖਿਆ ’ਚੋਂ ਪਾਸ ਹੋਣ ਦੀ ਖਬਰ ਸੁਣੀ ਤਾਂ ਉਨ੍ਹਾਂ ਅੱਖਾਂ ਮੀਚ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸੂਬੇ ਦੇ ਸਿਪਾਹੀਆਂ ਨੇ ਇਸੇ ਅਵਸਥਾ ’ਚ ਉਨ੍ਹਾਂ ਨੂੰ ਠੰਡੇ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ ਅਤੇ ਵਿੱਛੜੇ ਸਾਹਿਬਜ਼ਾਦਿਆਂ ਸੰਗ ਮਿਲਾ ਦਿੱਤਾ। ਸਾਕਾ ਸਰਹਿੰਦ ਦਾ ਅਗਲਾ ਬਿਰਤਾਂਤ ਅਗਲੇ ਦਿਨੀਂ ਪੇਸ਼ ਕੀਤਾ ਜਾਵੇਗਾ।


author

rajwinder kaur

Content Editor

Related News