ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਅੰਨਦਾਤਾ, ਹੱਥੀਂ ਗੱਲ ਲਾਈ ਮੌਤ
Wednesday, Mar 27, 2019 - 01:19 PM (IST)

ਅੰਮ੍ਰਿਤਸਰ (ਸੁਮਿਤ) : ਪੰਜਾਬ 'ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਤਾਜ਼ਾ ਮਾਮਲਾ ਜੰਡਿਆਲਾ ਗੁਰੂ ਦਾ ਸਾਹਮਣੇ ਆਇਆ ਹੈ। ਜਿੱਥੇ ਕਿਸਾਨ ਸੁਖਦੇਵ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਫਾਹਾ ਲਾ ਆਤਮਹੱਤਿਆ ਕਰ ਲਈ। ਮ੍ਰਿਤਕ ਕਿਸਾਨ ਸਿਰ 15 ਤੋਂ 20 ਲੱਖ ਰੁਪਏ ਦਾ ਕਰਜ਼ਾ ਸੀ। ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਸੁਖਦੇਵ ਸਿੰਘ ਨੇ ਬੈਂਕ ਤੋਂ 10 ਲੱਖ ਰੁਪਏ ਕਰਜ਼ ਲਿਆ ਸੀ। ਇਸ ਦੇ ਨਾਲ-ਨਾਲ ਉਹ ਰਿਸ਼ਤੇਦਾਰਾਂ ਅਤੇ ਸੁਸਾਇਟੀ ਦੇ ਵੀ ਲੱਖਾਂ ਰੁਪਇਆਂ ਦਾ ਦੇਣਦਾਰ ਸੀ।
ਇਸ ਦੇ ਚੱਲਦੇ ਸੁਖਦੇਵ ਸਿੰਘ ਨੇ ਬੀਤੀ ਰਾਤ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪਰਿਵਾਰ ਨੇ ਕਿਹਾ ਕਿ ਸਰਕਾਰ ਵਲੋਂ ਕਰਜ਼ੇ ਮੁਆਫੀ ਦਾ ਐਲਾਨ ਕੀਤਾ ਗਿਆ ਸੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਉਧਰ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।