ਪੰਜਾਬ ਸਰਕਾਰ ਅਤੇ ਕਿਸਾਨਾਂ 'ਚ ਬਣੀ ਸਹਿਮਤੀ , ਖ਼ਤਮ ਹੋਵੇਗਾ ਸੰਗਰੂਰ ’ਚ ਲੱਗਾ ਪੱਕਾ ਮੋਰਚਾ
Friday, Oct 28, 2022 - 01:17 PM (IST)
ਪਟਿਆਲਾ / ਸੰਗਰੂਰ (ਵੈੱਬ ਡੈਸਕ, ਇੰਦਰਜੀਤ) : ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦੇ ਬਾਹਰ ਲੱਗਾ ਪੱਕਾ ਮੋਰਚਾ ਆਖਿਰਕਾਰ ਖ਼ਤਮ ਹੋ ਜਾਵੇਗਾ। ਇਸ ਦਾ ਐਲਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਹੈ। ਦਰਅਸਲ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ ਸੀ, ਜਿਸ ਵਿਚ ਮੋਰਚਾ ਚੁੱਕਣ ਦੀ ਸਹਿਮਤੀ ਬਣ ਗਈ ਹੈ। ਅੱਜ ਪੰਜਾਬ ਦੇ ਖੇਤੀ ਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਮੀਟਿੰਗ ਕੀਤੀ।
ਇਹ ਵੀ ਪੜ੍ਹੋ- ਫਰਾਰ ਚੱਲ ਰਹੇ ਸਾਬਕਾ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੱਧੂ ਨੇ ਅਦਾਲਤ ’ਚ ਕੀਤਾ ਸਰੰਡਰ, ਜਾਣੋ ਕੀ ਹੈ ਪੂਰਾ ਮਾਮਲਾ
ਮੰਤਰੀ ਧਾਲੀਵਾਲ ਨੇ ਦੱਸਿਆ ਕਿ ਸਰਕਾਰ ਦੀ ਕਿਸਾਨਾਂ ਨਾਲ ਸਹਿਮਤੀ ਬਣ ਗਈ ਹੈ ਪਰ ਕੱਲ੍ਹ ਤੱਕ ਫਿਲਹਾਲ ਧਰਨਾ ਜਾਰੀ ਰਹੇਗਾ ਅਤੇ ਕੱਲ੍ਹ ਹੀ ਇਸ ਦੀ ਸਮਾਪਤੀ ਕਰ ਦਿੱਤੀ ਜਾਵੇਗੀ। ਕਿਸਾਨਾਂ ਵੱਲੋਂ ਰੱਖੀਆਂ ਮੰਗਾਂ ਨੂੰ ਲਾਗੂ ਕਰਨ ਲਈ ਸਰਕਾਰ ਨੇ ਲਿਖਤੀ ਰੂਪ ’ਚ ਉਨ੍ਹਾਂ ਨੂੰ ਸਮੇਂ ਦਾ ਵੇਰਵਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਤੌਰ ’ਤੇ ਕਿਸਾਨਾਂ ਵੱਲੋਂ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਦਾ ਵੀ 3 ਮਹੀਨਿਆਂ 'ਚ ਹੱਲ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੱਲ੍ਹ ਨੂੰ ਪੰਜਾਬ ਭਰ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਗਰੂਰ ਵਿਖੇ ਚੱਲ ਰਹੇ ਪੱਕੇ ਮੋਰਚੇ 'ਤੇ ਪਹੁੰਚਣ ਦੇ ਸੱਦੇ ਦੇ ਮੱਦੇਨਜ਼ਰ ਧਰਨਾ ਜਾਰੀ ਰੱਖਿਆ ਜਾਵੇਗੀ ਅਤੇ ਕੱਲ੍ਹ ਨੂੰ ਇਸ ਨੂੰ ਜਿੱਤ ਵਜੋਂ ਮਨਾ ਕੇ ਖ਼ਤਮ ਕਰ ਦਿੱਤਾ ਜਾਵੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।