ਸਮਰਾਲਾ : ਕਿਸਾਨਾਂ ਦਾ ਮੋਦੀ ਖਿਲਾਫ਼ ਪ੍ਰਦਰਸ਼ਨ, ਨਵਾਂ ਖੇਤੀ ਆਰਡੀਨੈਂਸ ਰੱਦ ਕਰਨ ਦੀ ਕੀਤੀ ਮੰਗ

Monday, Jun 22, 2020 - 02:01 PM (IST)

ਸਮਰਾਲਾ (ਗਰਗ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਆਰਡੀਨੈਂਸ ਅਤੇ ਹਰ ਰੋਜ਼ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖਿਲਾਫ਼ ਸੋਮਵਾਰ ਨੂੰ ਸੈਂਕੜੇ ਹੀ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ’ਚ ਮੋਟਰਸਾਈਕਲ ਰੈਲੀ ਕਰਕੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਇਸ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਇਲਾਕੇ ਦੇ ਕਿਸਾਨਾਂ, ਆੜ੍ਹਤੀਆਂ, ਮੰਡੀ ਦੇ ਮਜ਼ਦੂਰਾਂ ਅਤੇ ਮੁਨੀਮਾਂ ਨੇ ਲਾਗੂ ਕੀਤੇ ਗਏ ਨਵੇਂ ਖੇਤੀ ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਅਤੇ ਹਰਿਆਣਾ ਕੋਲ ਕਿਸਾਨਾਂ ਦੀਆਂ ਖੇਤੀ ਜਿਣਸਾਂ ਦੀ ਖਰੀਦ-ਵੇਚ ਲਈ ਦੁਨੀਆਂ ਦਾ ਸਭ ਤੋਂ ਬਿਹਤਰੀਨ ਢਾਂਚਾ ਮੌਜੂਦ ਹੈ, ਪਰ ਕੇਂਦਰ ਸਰਕਾਰ ਨਵੇਂ ਕਾਨੂੰਨ ਰਾਹੀ ਇਸ ਮੰਡੀਕਰਨ ਸਿਸਟਮ ਨੂੰ ਖਤਮ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਖੇਤੀ ਸੈਕਟਰ ਨੂੰ ਤਬਾਹ ਕਰਨ ’ਤੇ ਤੁੱਲੀ ਹੋਈ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਲਗਾਤਾਰ ਵੱਧ ਰਹੀਆਂ ਤੇਲ ਕੀਮਤਾਂ ਦੇਸ਼ ਦੇ ਹਰ ਸੈਕਟਰ ਲਈ ਘਾਤਕ ਹਨ ਅਤੇ ਅੱਜ ਜਦੋਂ ਦੁਨੀਆ ਭਰ 'ਚ ਕੱਚੇ ਤੇਲ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਹਨ ਤਾਂ ਅਜਿਹੇ 'ਚ ਮੋਦੀ ਸਰਕਾਰ ਨੇ ਦੇਸ਼ 'ਚ ਲੁੱਟ ਮਚਾਈ ਹੋਈ ਹੈ।

ਇਸ ਮੌਕੇ ਸ. ਰਾਜੇਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ 'ਚ ਸੋਧ ਕਰਕੇ ਖੇਤੀ ਜਿਣਸਾਂ ਨੂੰ ਇਸ ਦੀ ਜੱਦ 'ਚੋਂ ਬਾਹਰ ਕਰ ਦਿੱਤਾ ਹੈ, ਤਾਂ ਜੋ ਕਾਰਪੋਰੇਟ ਘਰਾਣਿਆਂ ਨੂੰ ਅਨਾਜ, ਤੇਲ, ਬੀਜ, ਫਲ, ਸਬਜ਼ੀਆਂ ਆਦਿ ਕਿਸਾਨਾਂ ਤੋਂ ਸਸਤੇ ਭਾਅ ਲੁੱਟ ਕੇ ਸਟੋਰ ਕਰਨ 'ਚ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਲੱਖ ਕਹੀ ਜਾਵੇ ਕਿ ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਬਣਾਇਆ ਹੈ, ਪਰ ਕਿਸਾਨ ਬੜੇ ਸਪੱਸ਼ਟ ਹਨ ਅਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਰਕਾਰ ਦੀ ਹੁਣ ਮਨਸ਼ਾ ਖੇਤੀ ਦਾ ਮੰਡੀਕਰਨ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਨ੍ਹਾਂ ਆਰਡੀਨੈਂਸਾਂ ਨੇ ਸਾਰੇ ਦੇਸ਼ ਦੇ ਕਿਸਾਨਾਂ 'ਚ ਖਲਬਲੀ ਮਚਾ ਦਿੱਤੀ ਹੈ।
ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਸਬੰਧੀ ਰਾਜੇਵਾਲ ਨੇ ਇਸ ਮੌਕੇ ਕਿਹਾ ਕਿ ਦੁਨੀਆਂ ਦੀ ਮੰਡੀ 'ਚ ਇਸ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਅੱਜ ਤੱਕ ਦੇ ਸਭ ਤੋਂ ਹੇਠਲੇ ਪੱਧਰ ਉਤੇ ਹਨ। ਦੇਸ਼ 'ਚ ਕੋਰੋਨਾ ਦੀ ਮਹਾਮਾਰੀ ਕਾਰਨ ਇਸ ਵੇਲੇ ਭਿਆਨਕ ਮੰਦੀ ਦਾ ਦੌਰ ਚੱਲ ਰਿਹਾ ਹੈ। ਆਮ ਆਦਮੀ ਦਾ ਜਿਊਣਾ ਮੁਹਾਲ ਹੈ। ਕਿਸਾਨ ਅੱਤ ਦੀ ਗਰੀਬੀ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਇਸਦੇ ਬਾਵਜੂਦ ਦੇਸ਼ ਕਿਸਾਨਾਂ ਦੀ ਮਿਹਨਤ ਸਦਕਾ ਭੁੱਖਮਰੀ ਤੋਂ ਬੱਚ ਸਕਿਆ ਹੈ। ਇਹ ਬੇਹੱਦ ਅਫਸੋਸਨਾਕ ਪਹਿਲੂ ਹੈ ਕਿ ਅੱਜ ਦੀਆਂ ਭਿਆਨਕ ਸਥਿਤੀਆਂ 'ਚ ਵੀ ਸਰਕਾਰ ਨੂੰ ਡੀਜ਼ਲ, ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਧਾ ਕੇ ਆਪਣਾ ਖਜ਼ਾਨਾ ਭਰਨ ਦੀ ਫਿਕਰ ਵਧੇਰੇ ਹੈ। ਤੇਲ ਕੰਪਨੀਆਂ ਹਰ ਰੋਜ਼ ਡੀਜ਼ਲ, ਪੈਟਰੋਲ ਆਦਿ ਦੇ ਰੇਟ ਵਧਾ ਕੇ ਲੋਕਾਂ ਨੂੰ ਲੁੱਟਣ ਲੱਗੀਆਂ ਹੋਈਆਂ ਹਨ। ਸਮਾਂ ਮੰਗ ਕਰਦਾ ਹੈ ਕਿ ਤੁਹਾਡੀ ਸਰਕਾਰ ਰਾਹਤ ਦੇਣ ਲਈ ਲੋਕਾਂ ਦੀ ਬਾਂਹ ਫੜ੍ਹੇ।


Babita

Content Editor

Related News