ਮੱਧ ਪ੍ਰਦੇਸ਼ ਤੋਂ ਬਾਅਦ ਪੰਜਾਬ ''ਚ ਵੀ ਕਿਸਾਨਾਂ ਨੇ ਕੀਤੀ ਕਰਜ਼ਾ ਮੁਆਫੀ ਦੀ ਮੰਗ
Monday, Jun 12, 2017 - 08:45 PM (IST)
ਚੰਡੀਗੜ੍ਹ— ਉੱਤਰ ਪ੍ਰਦੇਸ਼ ਚੋਣਾਂ ਜਿੱਤਣ ਲਈ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਕਿਸਾਨਾਂ ਦੀ ਕਰਜ਼ਾਮੁਆਫੀ ਦਾ ਵਾਅਦਾ ਹੁਣ ਭਾਜਪਾ ਸ਼ਾਸਤ ਸੂਬਿਆਂ ਲਈ ਸਿਰਦਰਦ ਬਣਿਆ ਹੈ। ਚੋਣਾਂ ਜਿੱਤਣ ਤੋਂ ਬਾਅਦ ਕੇਂਦਰ ਸਰਕਾਰ ਨੇ ਪੀ. ਐਮ. ਮੋਦੀ ਦੇ ਕਰਜ਼ਾਮੁਆਫੀ ਦੇ ਵਾਅਦੇ ਤੋਂ ਹੱਥ ਖਿੱਚ ਲਏ ਸਨ ਪਰ ਯੋਗੀ ਸਰਕਾਰ ਨੇ ਮੋਦੀ ਦੇ ਵਾਅਦੇ ਦਾ ਪਾਲਨ ਕੀਤਾ ਅਤੇ 36 ਹਜ਼ਾਰ ਕਰੋੜ ਦਾ ਕਰਜ਼ ਮੁਆਫ ਕਰ ਦਿੱਤਾ। ਇਸ ਤੋਂ ਬਾਅਦ ਇਹੀ ਮੰਗ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਵੀ ਉਠੀ। ਮੱਧ ਪ੍ਰਦੇਸ਼ 'ਚ ਕਿਸਾਨ ਅੰਦੋਲਨ ਤੇਜ਼ ਹੋਇਆ ਤਾਂ ਇਹ ਮੰਗ ਪੂਰੇ ਦੇਸ਼ ਦੇ ਕਿਸਾਨਾਂ ਤੱਕ ਪਹੁੰਚ ਗਈ। ਅੱਜ ਪੰਜਾਬ ਅਤੇ ਕਰਨਾਟਕ ਦੇ ਕਿਸਾਨ ਵੀ ਕਰਜ਼ਾ ਮੁਆਫੀ ਲਈ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਮਹਾਰਾਸ਼ਟਰ ਕਿਸਾਨਾਂ ਦੇ ਕਰਜ਼ਾ ਮੁਆਫ ਕਰਨ ਦਾ ਐਲਾਨ ਹੋ ਚੁੱਕਾ ਹੈ।
ਕਿਸਾਨਾਂ ਦੀ ਇਸ ਮੰਗ ਨੇ ਸਰਕਾਰਾਂ ਨੂੰ ਸੰਕਟ 'ਚ ਪਾ ਦਿੱਤਾ ਹੈ। ਅਰਥਸ਼ਾਸਤਰੀ ਵੀ ਸਮਝ ਨਹੀਂ ਪਾ ਰਹੇ ਕਿ 4 ਲੱਖ ਕਰੋੜ ਦੇ ਕਰਜ਼ 'ਚ ਡੁੱਬਿਆ ਮਹਾਰਾਸ਼ਟਰ ਕਿਸਾਨਾਂ ਦਾ ਕਰਜ਼ਾ ਕਿਵੇਂ ਮੁਆਫ ਕਰ ਸਕੇਗਾ। ਇਧਰ ਐਨ. ਸੀ. ਪੀ. ਸ਼ਰਧ ਪਵਾਰ ਨੇ ਬੀ. ਜੇ. ਪੀ. ਸਰਕਾਰ 'ਤੇ ਦਬਾਅ ਬਣਾਉਂਦੇ ਹੋਏ ਕਿਹਾ ਹੈ ਕਿ ਬਿਨਾਂ ਦੇਰੀ ਕੀਤੇ ਤੁਰੰਤ ਕਰਜ਼ਾ ਮੁਆਫੀ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।
