ਖੇਤੀਬਾੜੀ ਆਰਡੀਨੈਂਸ ’ਚ ‘ਬੋਲਦਾ ਪੰਜਾਬ’ ਅਤੇ ‘ਕਲਾਕਾਰਾਂ ਦਾ ਸਰੋਕਾਰ’

10/04/2020 6:50:02 PM

ਹਰਪ੍ਰੀਤ ਸਿੰਘ ਕਾਹਲੋਂ

ਸ਼ਾਮ ਤੱਕ ਇਹ ਲੱਭਿਆ ਗਿਆ ਕਿ ਸ਼ੰਭੂ ਬਾਰਡਰ ’ਤੇ ਏਨਾ ਇੱਕਠ ਹੋਇਆ ਤਾਂ ਇਹ ਕਿਹੜੀ ਕਿਸਾਨ ਜਥੇਬੰਦੀ ਦੇ ਬੁਲਾਵੇ ’ਤੇ ਆਏ ਸਨ? ਨੌਜਵਾਨਾਂ ਦੀ ਭੀੜ ਆਪ ਮੁਹਾਰੇ ਸੜਕਾਂ ’ਤੇ ਆ ਗਈ। ਇਥੇ ਦੀਪ ਸਿੱਧੂ ਨੂੰ ਸੁਣਿਆ ਗਿਆ। ਇਥੇ ਰਣਜੀਤ ਬਾਵਾ ਅਤੇ ਹੋਰ ਗਾਇਕ ਪਹੁੰਚੇ। ਪੰਜਾਬ ਬੰਦ ਸਿਰਫ ਕਿਸਾਨਾਂ ਦਾ ਰੋਸ ਨਹੀਂ ਸੀ। ਇਹ ਜੰਗਾਲ ਖਾਦੇ ਪ੍ਰਬੰਧ ਖਿਲਾਫ ਪਿਛਲੇ 74 ਸਾਲਾਂ ਦਾ ਗੁੱਸਾ ਸੀ। ਇਹਦਾ ਜਵਾਬ ਜਵਾਹਰ ਲਾਲ ਨਹਿਰੂ ਦੇਣਗੇ ਜਾਂ ਨਰਿੰਦਰ ਮੋਦੀ ਦੇਣਗੇ। ਕਿਉਂਕਿ ਆਪਣੇ ਸਮੇਂ ਦੇ ਇਹ ਦਿੱਗਜ ਮੰਨਕੇ ਤੁਰੇ ਆਏ ਹਨ ਕਿ ਸਭ ਠੀਕ ਹੈ।

ਖੂਬਸੂਰਤ ਸ਼ਹਿਰ ਚੰਡੀਗੜ੍ਹ ਜਿਹੜੇ ਪੁਆਧ ਦੇ ਪਿੰਡਾਂ ਨੂੰ ਉਜਾੜਕੇ ਵਸਾਇਆ, ਉਨ੍ਹਾਂ ਦਾ ਦਰਦ ਅੱਜ ਵੀ ਜਿਉਂ ਦਾ ਤਿਉਂ ਹੈ। ਚੰਡੀਗੜ੍ਹ ਮੈਨੂੰ ਉਹ ਬਜ਼ੁਰਗ ਮਿਲੇ ਜਿਨ੍ਹਾਂ ਦੀ ਜ਼ਮੀਨ ’ਤੇ ਖੁਬਸੂਰਤ ਸੈਕਟਰ ਵੱਸਿਆ ਹੈ। ਇਸ ਸੈਕਟਰ ਦੀਆਂ ਸ਼ਾਮ ਦੀਆਂ ਰੌਣਕਾਂ ਦੇ ਸੁਰਖ਼ ਰੰਗਾਂ ਦੇ ਓਹਲੇ ਇਹ ਬਜ਼ੁਰਗ ਆਪਣੇ ਹੀ ਜ਼ਮੀਨ ’ਤੇ ਵੱਸੇ ਇਸ ਸੈਕਟਰ ’ਚ ਚੌਕੀਦਾਰੀ ਕਰਦੇ ਹਨ।

ਕਹਾਣੀ ਹੁਣ ਵੀ ਨਵੀਂ ਨਹੀਂ ਹੈ। ਮੱਤੇਵਾੜਾ ਦੀ ਜਰਖੇਜ਼ ਜ਼ਮੀਨ ਸਾਬਕਾ ਸੂਬਾ ਸਰਕਾਰ ਤੋਂ ਲੈ ਕੇ ਮੌਜੂਦਾ ਸਰਕਾਰ ਦੀ ਨਜ਼ਰ ਵਿਚ ਰਹੀ ਹੈ। ਇਹ ਜ਼ਮੀਨ ਸਨਅਤ ਲਈ ਐਕਵਾਇਰ ਕੀਤੀ ਗਈ। ਪੰਜਾਬ ’ਚ ਅਜਿਹੀਆਂ ਜ਼ਮੀਨਾਂ ਕਈ ਥਾਵੇਂ ਐਕਵਾਇਰ ਕਰਨ ਤੋਂ ਬਾਅਦ ਖਾਲੀ ਪਈਆਂ ਹਨ। ਅੱਜ ਕਿਸਾਨ ਲਈ ਖੜ੍ਹਣ ਦਾ ਦਾਅਵਾ ਕਰਦੀਆਂ ਸਿਆਸੀ ਪਾਰਟੀਆਂ ਕੀ ਗੋਬਿੰਦਪੁਰਾ ਪ੍ਰਾਜੈਕਟ ਤੋਂ ਲੈਕੇ ਅਜਿਹੀਆਂ ਖਾਲੀ ਪਈਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਿਉਂ ਨਹੀਂ ਕਰ ਦਿੰਦੇ?

ਸਿਸਟਮ ਦਾ ਅੰਦਰੂਨੀ ਜਾਲ
ਪੰਡਿਤ ਨਹਿਰੂ ਦੇ ਭਾਰਤ ’ਚ ਜਦੋਂ ਸਮਾਜਵਾਦੀ ਸੁਫ਼ਨੇ ਫੇਲ ਹੋਏ ਤਾਂ ਸਿਨੇਮਾ ਨੇ ਐਂਗਰੀ ਯੰਗ ਮੈਨ ਦਿੱਤਾ। ਕਲਾ ਅਤੇ ਸਮਾਜ ਇਕ-ਦੂਸਰੇ ਦੇ ਨਾਲ ਹੀ ਤਾਂ ਤੁਰਦਾ ਹੈ। ਮਟਰੂ ਕੀ ਬਿਜਲੀ ਕਾ ਮੰਡੋਲਾ ਫਿਲਮ ਦਾ ਸੰਵਾਦ ਇਸੇ ਦਾ ਹੀ ਨਿਚੋੜ ਹੈ। ਸਾਡੇ ਆਗੂਆਂ ਦਾ ਸੁਭਾਅ ਦਾ ਸਾਰ ਤੱਤ ਇਸੇ ਸੰਵਾਦ ਦੀ ਤਰ੍ਹਾਂ ਹੈ।

‘‘ਮਸਲਾ ਨਾ ਪਿਆਰ ਦਾ ਹੈ, ਨਾ ਪਾਵਰ ਦਾ, ਨਾ ਕਿਸਾਨ ਦਾ, ਨਾ ਜ਼ਮੀਨ ਦਾ, ਨਾ ਪਿੰਡ, ਨਾ ਕਸਬੇ, ਨਾ ਸ਼ਹਿਰ ਦਾ। ਮਸਲਾ ਹੈ ਦੇਸ਼ ਦਾ ਅਤੇ ਦੇਸ਼ ਲੋਕਾਂ ਤੋਂ ਬਣਦਾ ਹੈ। ਲੋਕ ਯਾਨੀ ਸਮੂਹ ਭਾਵ ਭੀੜ! ਅਤੇ ਭੀੜ ਦਾ ਕੋਈ ਚਿਹਰਾ ਨਹੀਂ ਹੁੰਦਾ। ਭੀੜ ਨੂੰ ਚਿਹਰਾ ਦਿੰਦਾ ਹੈ ਉਹਦਾ ਆਗੂ! ਸੋ ਜੋ ਚਰਿੱਤਰ ਮੇਰਾ ਹੈ ਉਹੀ ਮੇਰੇ ਆਗੂ ਦਾ ਹੋਵੇਗਾ ਤੇ ਉਹੀ ਮੇਰੇ ਦੇਸ਼ ਦਾ। ਜਦੋਂ ਮੈਂ ਅਧਿਆਤਮ ਸੀ ਤਾਂ ਦੇਸ਼ ਬੁੱਧ, ਐਸ਼ ਪ੍ਰਸਤ ਹੋਇਆ ਤਾਂ ਰਾਜਾ ਮਹਿਰ ਕੁੱਲ। ਮੈਂ ਕਮਜ਼ੋਰ ਪਿਆ ਤਾਂ ਸਿੰਕਦਰ, ਟੁੱਟਿਆ ਤਾਂ ਬਾਬਰ। ਮੈਂ ਵਪਾਰ ਕੀਤਾ ਤਾਂ ਦੇਸ਼ ਗ਼ੁਲਾਮ ਹੋਇਆ ਤੇ ਬਾਗੀ ਬਣਿਆ ਤਾਂ ਆਜ਼ਾਦ। ਜਦੋਂ ਮੈਂ ਆਜ਼ਾਦ ਹੋਇਆ ਤਾਂ ਸਵਾਰਥੀ ਹੋਇਆ। ਸਵਾਰਥੀ ਤਾਂ ਭ੍ਰਿਸ਼ਟ, ਭ੍ਰਿਸ਼ਟ ਤਾਂ ਧਨਾਢ, ਧਨਾਢ ਤਾਂ ਸਾਧਨ ਸੰਪਨ, ਸਾਧਨ ਸੰਪਨ ਤਾਂ ਪ੍ਰਗਤੀਵਾਨ, ਭਾਵ ਪ੍ਰਗਤੀਵਾਨ-ਦੇਸ਼ ਦੀ ਤਰੱਕੀ ਅਤੇ ਦੇਸ਼ ਦੀ ਤਰੱਕੀ ਲਈ ਨਿੱਜੀ ਤਰੱਕੀ ਜ਼ਰੂਰੀ ਹੈ।

ਫੈਕਟਰੀਆਂ, ਪੈਟਰੋਲ ਪੰਪਾਂ ਦਾ ਘਰਾਓ ਕਰਦੇ, ਸਿਮਾਂ ਸਾੜਦੇ ਕਿਸਾਨ ਲਈ ਮੋਬਾਈਲ ਸਿਮਾਂ ਇਸੇ ਪ੍ਰਤੀਕ ਵਜੋਂ ਗੁੱਸੇ ਦਾ ਸ਼ਿਕਾਰ ਹੋਈਆਂ ਹਨ। ਵਿਕਾਸ ਦੀਆਂ ਨਵੀਆਂ ਪਰਿਭਾਸ਼ਾਵਾਂ ਦੀਆਂ ਨਿੱਜੀ ਤਰੱਕੀਆਂ ਬਾਰੇ ਹੀ ਆਰਥਿਕ ਮਾਹਰ ਕਹਿੰਦੇ ਹਨ ਕਿ ਇਸ ਸਿਸਟਮ ਦਾ ਟੀਚਾ ਹੈ ਕਿ ਇਕ ਦਿਨ ਪਿੰਡ ਖਾਲੀ ਕਰ ਦਿੱਤੇ ਜਾਣ। ਪਿੰਡਾਂ ਵਾਲੇ ਸਾਰੇ ਸ਼ਹਿਰਾਂ ਦੇ ਮਜ਼ਦੂਰ ਬਣ ਰਹੇ ਹਨ। ਪਿੰਡਾਂ ਵਾਲੇ ਵਿਦੇਸ਼ਾਂ ਨੂੰ ਤੁਰ ਗਏ ਹਨ ਜਾਂ ਸ਼ਹਿਰਾਂ ਨੂੰ ਆ ਗਏ ਹਨ। ਇਨ੍ਹਾਂ ਸ਼ਹਿਰਾਂ ’ਤੇ ਬੋਝ ਵੱਧਦਾ ਗਿਆ ਹੈ। ਇਹੋ ਤਾਂ ਮਹਾਤਮਾ ਗਾਂਧੀ ਦੇ ਵਿਚਾਰ ਤੋਂ ਉਲਟ ਹੈ। ਤਮਾਮ ਆਲੋਚਨਾ ਦੇ ਬਾਵਜੂਦ ਮਹਾਤਮਾ ਗਾਂਧੀ ਦਾ ਚਰਖ਼ਾ ਅਤੇ ਪਿੰਡਾਂ ਨੂੰ ਪੰਚਾਇਤੀ ਰਾਜ ਦੀ ਇਕਾਈ ’ਚ ਬਹਾਲ ਕਰ ਕੇ ਦੇਸ਼ ਨੂੰ ਪੰਚਾਇਤੀ ਰਾਜ ਬਣਾਉਣ ਦਾ ਤਹੱਈਆ ਇਹੋ ਸੀ। ਉਹ ਚਾਹੁੰਦੇ ਸਨ ਕਿ ਪਿੰਡ ਅਜਿਹੇ ਹੋਣ, ਜੋ ਆਤਮ ਨਿਰਭਰ ਬਣਨ ਅਤੇ ਆਪਣੀਆਂ ਲੋੜਾਂ ਆਪਣੇ ਪਿੰਡ ਤੋਂ ਹੀ ਪੂਰੀਆਂ ਕਰਨ।

ਕਲਾਕਾਰ ਅਤੇ ਰੋਸ ਮੁਜਾਹਰਿਆਂ ਦੀ ਤੰਦ
ਅੰਗਰੇਜ਼ਾਂ ਦੇ ਸਮੇਂ ਕਲੋਨਾਈਜੇਸ਼ਨ ਐਕਟ 1907 ਅਤੇ ਦੁਆਬ ਬਾਰੀ ਐਕਟ ਦੇ ਵਿਰੋਧ ’ਚ 3 ਮਾਰਚ 1907 ਨੂੰ ਲਾਇਲਪੁਰ ਰੈਲੀ ਹੋਈ। ਇਸ ਰੈਲੀ ’ਚ ਬਾਂਕੇ ਦਿਆਲ ਨੇ ਆਪਣਾ ਲਿਖਿਆ ਗੀਤ ‘ਪੱਗੜੀ ਸੰਭਾਲ ਜੱਟਾ’ ਸੁਣਾਇਆ। ਸ੍ਰ. ਅਜੀਤ ਸਿੰਘ ਅਤੇ ਸਾਥੀਆਂ ਵਲੋਂ ਇਸ ਅੰਦੋਲਨ ਦਾ ਨਾਂ ਹੀ ਪੱਗੜੀ ਸੰਭਾਲ ਜੱਟਾ ਲਹਿਰ ਹੋ ਗਿਆ।

ਆਜ਼ਾਦੀ ਸੰਘਰਸ਼ ਦੇ ਦੌਰਾਨ ਬਿਸਮਿਲ ਅਜ਼ੀਮਾਬਾਦੀ ਦਾ ‘ਸਰ ਫਰੋਸ਼ੀ ਕੀ ਤਮੰਨਾ’, ਪੰਡਿਤ ਰਾਮ ਪ੍ਰਸਾਦ ਬਿਸਮਿਲ ਦਾ ‘ਮੇਰਾ ਰੰਗ ਦੇ ਬਸੰਤੀ ਚੌਲਾ’ ਜਹੇ ਗੀਤਾਂ ਨੇ ਸੰਘਰਸ਼ ਨੂੰ ਨਕਸ਼ ਦਿੱਤੇ। ਗੀਤ ਅਤੇ ਅਜਿਹੀ ਕਲਾ ਸੰਘਰਸ਼ ਵਿਚ ਕੁੱਦੇ ਬੰਦਿਆਂ ਨੂੰ ਜਜ਼ਬਾ ਦਿੰਦੀ ਹੈ। ਸੋ ਕਲਾ ਦੀ ਜ਼ਿੰਮੇਵਾਰੀ ਬਹੁਤ ਜ਼ਰੂਰੀ ਹੈ। ਇਤਿਹਾਸ ’ਚ ਅਜਿਹੀ ਕਲਾ ਦੀ ਜ਼ੁਬਾਨ ਦੀਆਂ ਅਣਗਿਣਤ ਉਦਾਹਰਨਾਂ ਹਨ। ਇਸ ਦੌਰ ਦੇ ਕਲਾਕਾਰਾਂ ਦੇ ਕਿਸਾਨਾਂ ਦੇ ਇਸ ਸੰਘਰਸ਼ ’ਚ ਚਲਦਿਆਂ ਕਲਾ ਦੇ ਬੰਦਿਆਂ ਨੂੰ ਇਹਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ।

ਉਸਨੂੰ ਫਿਕਰ ਹੈ ਹਰਦਮ ਕਿ ਤਰਜ਼-ਏ-ਜਫਾ ਕਿਆ ਹੈ
ਹਮੇਂ ਸ਼ੌਂਕ ਹੈ ਕਿ ਦੇਖੇ ਸਿਤਮ ਕੀ ਇੰਤਹਾ ਕਿਆ ਹੈ

ਇਹ ਜਲ੍ਹਿਆਂਵਾਲੇ ਬਾਗ ਦੇ ਸਾਕੇ ਸਮੇਂ ਚੱਕਬਸਤ ਲਖਨਵੀ (ਬ੍ਰਿਜ ਨਾਰਾਇਣ) ਨੇ ਲਿਖੀ ਸੀ। 1947 ਆਜ਼ਾਦੀ ਤੋਂ ਬਾਅਦ ਵੀ ਸਮੇਂ ਦੇ ਸੰਘਰਸ਼ ਅਤੇ ਤ੍ਰਾਸਦੀਆਂ ਨੂੰ ਕਲਾਕਾਰਾਂ ਗੀਤਾਂ ’ਚ ਪ੍ਰੋਇਆ ਹੈ। ਤੇਲੰਗਾਨਾ ਸੰਘਰਸ਼ ਵਿਚ ਮਖ਼ਦੂਮ ਦਾ ਗੀਤ, ਪੰਜਾਬ ਦੇ ਮਨੁੱਖੀ ਅਧਿਕਾਰਾਂ ’ਚ ਜਿੰਦੜੀਆਂ ਦੇ ਘਾਣ ਬਾਰੇ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਤੋਂ ਲੈ ਕੇ ਸਿਟੀਜ਼ਨ ਅਮੈਂਡਮੈਂਟ ਬਿਲ ਦੌਰਾਨ ਇਕ ਵਾਰ ਫਿਰ ਤੋਂ ਫ਼ੈਜ਼ ਅਹਿਮਦ ਫੈਜ਼ ਦਾ ‘ਹਮ ਦੇਖੇਂਗੇ’ ਚਰਚਾ ’ਚ ਰਿਹਾ ਹੈ।

ਕਲਾਕਾਰਾਂ ਦਾ ਹੁੰਗਾਰਾ ਕਿਉਂ ?
ਸੰਗੀਤ ਦੇ ਇਸ ਖੇਤਰ ਨੂੰ ਵੱਖਰੇ ਢੰਗ ਨਾਲ ਵੇਖਦੇ ਹਰਮੀਤ ਸਿੰਘ ਢਿੱਲੋਂ ਕਹਿੰਦੇ ਹਨ ਕਿ ਕੋਰੋਨਾ ਦੇ ਦੌਰ ’ਚ ਬੇਸ਼ੱਕ ਆਪਣੇ-ਆਪ ਨੂੰ ਮੁੜ ਸਰਗਰਮ ਕਰਨਾ ਇਨ੍ਹਾਂ ਕਲਾਕਾਰਾਂ ਦਾ ਕਾਰਣ ਹੋ ਸਕਦਾ ਹੈ। ਲੱਚਰ ਗੀਤਕਾਰੀ ਅਤੇ ਵਿਸ਼ੇ ਦੇ ਹੋਰ ਮਸਲਿਆਂ ’ਚ ਬੇਸ਼ੱਕ ਕਲਾਕਾਰ ਆਪਣੀ ਦਿੱਖ ਸੁਧਾਰਣ ਲਈ ਕੁੱਦੇ ਹੋਣ ਦੀ ਗੱਲ ਹੋ ਸਕਦੀ ਹੈ ਪਰ ਕਲਾਕਾਰਾਂ ਦਾ ਅਜਿਹੀ ਸਿਆਸਤ ’ਚ ਹਿੱਸੇਦਾਰ ਹੋਣਾ ਮਾੜਾ ਕੀ ਹੈ? ਉਨ੍ਹਾਂ ਮੁਤਾਬਕ ਕਲਾਕਾਰ ਜੱਟ ਕਿਸਾਨੀ ਪਰਿਵਾਰਾਂ ’ਚੋਂ ਆਉਂਦੇ ਹਨ। ਕਲਾਕਾਰ ਵੀ ਇਸ ਸਮਾਜ ਦਾ ਹਿੱਸਾ ਹੈ ਅਤੇ ਇਨ੍ਹਾਂ ਦਾ ਪ੍ਰਭਾਵ ਉਨ੍ਹਾਂ ’ਤੇ ਵੀ ਪੈਂਦਾ ਹੈ। ਸਿਆਸਤ ਕਰਨੀ ਕੋਈ ਬੁਰੀ ਗੱਲ ਨਹੀਂ ਪਰ ਕਲਾਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਅਤੇ ਸੰਘਰਸ਼ ਦੀ ਗੰਭੀਰਤਾ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ।

ਕੀ ਸਿਰਫ ਕਿਸਾਨ ਸੰਘਰਸ਼?
ਸਿਆਸੀ ਟਿੱਪਣੀਕਾਰ ਅਜੈਪਾਲ ਸਿੰਘ ਬਰਾੜ ਮੁਤਾਬਕ ਇਸ ਸੰਘਰਸ਼ ’ਚ ਪੂਰੇ ਪੰਜਾਬ ਦਾ ਹੁੰਗਾਰਾ ਮਿਲਿਆ ਹੈ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਇਹ ਇੱਕਲੇ ਕਿਸਾਨਾਂ ਦਾ ਰੋਸ ਨਹੀਂ ਸੀ। ਇਹ ਰੋਸ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦਾ ਵੀ ਹੈ। ਹੁਣ ਤੱਕ ਚੁੱਕੇ ਗਏ ਕਦਮਾਂ ’ਚ ਮੌਜੂਦਾ ਸਰਕਾਰ ਨੇ ਸੂਬਿਆਂ ਦੇ ਫੈਡਰਲ ਢਾਂਚੇ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਠੇਸ ਪਹੁੰਚਾਈ ਹੈ। ਨੋਟਬੰਦੀ, ਸੀ.ਏ.ਏ, ਕਸ਼ਮੀਰ ਮਸਲਾ, ਖੇਤਰੀ ਬੋਲੀਆਂ ਤੋਂ ਲੈਕੇ ਹਰ ਮੁੱਦੇ ’ਤੇ ਵੱਡੀ ਬਹਿਸ ਚੱਲ ਰਹੀ ਹੈ। ਕੋਰੋਨਾ ਦੌਰ ਨੇ ਮਜ਼ਦੂਰਾਂ ਦੀ ਹੋਈ ਖੱਜਲ ਖੁਆਰੀ ਅਤੇ ਸੜਕਾਂ ’ਤੇ ਲੋਕਾਂ ਦੀ ਮੰਦਹਾਲੀ ਦਸ਼ਾ ਦਿਸ਼ਾ ਨੇ ਲੱਚਰ ਪ੍ਰਬੰਧ ਦਾ ਪਰਦਾਫਾਸ਼ ਕੀਤਾ ਹੈ। ਅੰਦੋਲਨ ’ਚ ਹਿੱਸਾ ਲੈਣ ਵਾਲੇ ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੰਗਨਾ ਬਨਾਮ ਮਹਾਰਾਸ਼ਟਰ ਸਰਕਾਰ ਦੋ ਪਾਰਟੀਆਂ ਦਾ ਆਪਸੀ ਸ਼ਕਤੀ ਪ੍ਰਦਰਸ਼ਨ ਹੈ। ਤਾਜ਼ਾ ਉਦਾਹਰਨ ’ਚ ਹਾਥਰਸ ਦੀ ਘਟਨਾ ਨੇ ਸਾਨੂੰ ਇਕ ਵਾਰ ਫਿਰ ਤੋਂ ਸਵਾਲਾਂ ’ਚ ਸੁੱਟਿਆ ਹੈ ਕਿ ਜੇ ਇਹ ਵਧੀਆ ਰਾਜ ਹੈ ਤਾਂ ਫਿਰ ਸਾਰੇ ਪ੍ਰਬੰਧ ਦਾ ਰੱਬ ਹੀ ਰਾਖਾ ਹੈ।

ਸਿਰਫ ਇਹ ਸੰਘਰਸ਼ ਨਹੀਂ ਲੰਮਾ ਮਿਲਕੇ ਚੱਲਣ ਦਾ ਲੱਭੋ ‘ਰਾਹ’

1. ਪ੍ਰਕਾਸ਼ ਝਾਅ ਦਾ ਪੇਂਡੂ ਸਟੂਡੀਓ : 
ਪ੍ਰਕਾਸ਼ ਝਾਅ ਦਾ ਸਿਆਸੀ ਸਿਨੇਮਾ ਬਹੁਤ ਮਸ਼ਹੂਰ ਹੈ। ਤਾਜ਼ਾ ਉਹ ਆਪਣੀ ਸੀਰੀਜ਼ ‘ਆਸ਼ਰਮ’ ਕਰ ਕੇ ਮਸ਼ਹੂਰ ਹਨ। ਉਨ੍ਹਾਂ ਮੱਧ ਪ੍ਰਦੇਸ਼ ਦੇ ਪਿੰਡ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਢਾਲਿਆ ਹੈ। ਇੰਝ ਉਨ੍ਹਾਂ ਨੂੰ ਪਿੰਡ ਵਾਲਿਆਂ ਦੀ ਮਦਦ ਵੀ ਮਿਲਦੀ ਹੈ ਅਤੇ ਪਿੰਡ ਵਾਲਿਆਂ ਨੂੰ ਆਪਣੇ ਪਿੰਡ ਰਹਿੰਦੇ ਖੇਤੀਬਾੜੀ ਨੂੰ ਹੁੰਗਾਰਾ ਅਤੇ ਵਾਧੂ ਕੰਮ ਵੀ ਮਿਲਦਾ ਹੈ। ਉਨ੍ਹਾਂ ਆਪਣੇ ਪ੍ਰਾਜੈਕਟ ‘ਅਨੁਭੂਤੀ’ ਹਿੰਦੋਲਵਾ ਪਿੰਡ ਸਮੇਤ ਹੜ੍ਹ ਪੀੜਤ ਅਤੇ ਲੋੜੀਂਦੇ ਪਿੰਡਾਂ ਲਈ ਕਾਰਜ਼ ਕੀਤਾ ਹੈ।

2. ਆਨੰਦ ਮਿਲਕ ਯੂਨੀਅਨ ਲਿਮਟਿਡ ਅਤੇ ਫਿਲਮ ਮੰਥਨ : 
ਗੁਜਰਾਤ ’ਚ ਵਰਗੀਜ਼ ਕੁਰੀਅਨ ਦੀ ਦੁੱਧ ਕ੍ਰਾਂਤੀ ਨਾਲ ਪਿੰਡਾਂ ਵਿਚ ਬੀਬੀਆਂ ਦੀਆਂ ਕੋਆਪਰੇਟਿਵ ਸੋਸਾਇਟੀਆਂ ਬਣੀਆਂ ਅਤੇ ਦੁੱਧ ਉਤਪਾਦਨ ਨੂੰ ਹੁੰਗਾਰਾ ਮਿਲਿਆ। ਇਨ੍ਹਾਂ 5 ਲੱਖ ਦੁੱਧ ਉਤਪਾਦਕਾਂ ਨੇ 2 ਰੁਪਏ ਪ੍ਰਤੀ ਕਿਸਾਨ ਪਾਕੇ ਸ਼ਿਆਮ ਬਨੇਗਲ ਦੀ ਫ਼ਿਲਮ ਮੰਥਨ ਨੂੰ ਪ੍ਰੋਡਿਊਸ ਕੀਤਾ ਸੀ। ਇੰਝ ਕਲਾਕਾਰਾਂ ਅਤੇ ਕਿਸਾਨਾਂ ਦੇ ਆਪਸੀ ਸਹਿਯੋਗ ਦੀ ਇਹ ਉਦਾਹਰਨ ਬਾਮਿਸਾਲ ਹੈ।

3. ਜ਼ਿੰਦਗੀ ਦੇ ਜਰਖੇਜ਼ ਗੀਤਾਂ ਦੀ ਉਡੀਕ : 
ਹਰਮੀਤ ਸਿੰਘ ਮੁਤਾਬਕ ਕਿਸਾਨੀ ਨੂੰ ਲੈਕੇ ਹੌਂਸਲੇ ਦਿੰਦੇ ਸਹਿਜ ਗੀਤਾਂ ਨੂੰ ਘੜਿਆ ਜਾਵੇ। ਬੰਦੇ ਅਤੇ ਗੀਤਾਂ ਦਾ ਰਿਸ਼ਤਾ ਬੜਾ ਗੁੜ੍ਹਾ ਹੈ। ਕਲਾ ਅਤੇ ਕਲਾਕਾਰ ਇੰਝ ਵੀ ਕਿਸਾਨਾਂ ਲਈ ਹੌਂਸਲਾ ਬਣ ਸਕਦੇ ਹਨ। ਜ਼ਿੰਦਗੀ ਨੂੰ ਉਮੀਦ ਦੀ ਲੋੜ ਹਮੇਸ਼ਾ ਰਹਿੰਦੀ ਹੈ।


rajwinder kaur

Content Editor

Related News