ਐਕਸਾਈਜ਼ ਵਿਭਾਗ ਨੇ ਕੀਤੀ ਛਾਪੇਮਾਰੀ
Monday, Oct 30, 2017 - 07:12 AM (IST)
ਤਰਨਤਾਰਨ/ਫਤਿਆਬਾਦ, (ਰਾਜੂ, ਰਮਨ, ਹਰਜਿੰਦਰ, ਜ. ਬ.)- ਐਕਸਾਈਜ਼ ਵਿਭਾਗ ਨੇ 114 ਬੋਤਲਾਂ ਅੰਗਰੇਜ਼ੀ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ 'ਚ ਦੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਬਲਜਿੰਦਰ ਕੌਰ ਤੇ ਹਰਭਜਨ ਸਿੰਘ ਮੰਡ ਨੇ ਦੱਸਿਆ ਕਿ ਪਿੰਡ ਭੈਲ ਰੋਡ ਵਿਖੇ ਸਥਿਤ ਇਕ ਟਿਊਬਵੈੱਲ ਵਾਲੇ ਕਮਰੇ ਵਿਚੋਂ 108 ਬੋਤਲਾਂ ਕੈਸ਼ ਵਿਸਕੀ ਅਤੇ 24 ਬੋਤਲਾਂ ਮੈਕਡਾਵਲ ਨੰਬਰ ਵਨ ਦੀਆਂ ਬਰਾਮਦ ਕੀਤੀਆਂ ਗਈਆਂ । ਉਨ੍ਹਾਂ ਦੱਸਿਆ ਕਿ ਫਰਾਰ ਦੋਸ਼ੀ ਸਰਬਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਫਤਿਆਬਾਦ ਖਿਲਾਫ ਗੋਇੰਦਵਾਲ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਇਕ ਮੋਟਰਸਾਈਕਲ ਸਵਾਰ ਗੁਰਲਾਲ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਧੂੰਦਾ ਤੋਂ 12 ਬੋਤਲਾਂ ਕੈਸ਼ ਵਿਸਕੀ ਬਰਾਮਦ ਕੀਤੀਆਂ ਗਈਆਂ ਹਨ, ਜਿਸ ਨੂੰ ਥਾਣਾ ਗੋਇੰਦਵਾਲ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਇੰਸਪੈਕਟਰ ਮੈਡਮ ਬਲਜਿੰਦਰ ਕੌਰ ਤੇ ਹਰਭਜਨ ਸਿੰਘ ਮੰਡ ਨੇ ਦੱਸਿਆ ਕਿ ਇਹ ਦੋਵੇਂ ਨਾਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰਦੇ ਸਨ ਅਤੇ ਬਰਾਮਦ ਕੀਤੀਆਂ ਗਈਆਂ ਬੋਤਲਾਂ 'ਤੇ ਫਿਰੋਜ਼ਪੁਰ ਡਿਸਟਿਲਰੀ ਦੀ ਮੋਹਰ ਲੱਗੀ ਹੋਈ ਹੈ ਜੋ ਕਿ ਦੂਜੇ ਸੂਬੇ ਵਿਚ ਨਹੀਂ ਵੇਚੀ ਜਾ ਸਕਦੀ ।
