ਲੁਧਿਆਣਾ ਨੇੜੇ ਹੋਇਆ ਵੱਡਾ ਐਨਕਾਊਂਟਰ, ਪੁਲਸ ਨੇ 2 ਗੈਂਗਸਟਰ ਕੀਤੇ ਢੇਰ

11/29/2023 9:09:59 PM

ਲੁਧਿਆਣਾ- ਲੁਧਿਆਣਾ ਨੇੜੇ ਗੈਂਗਸਟਰਾਂ ਤੇ ਪੁਲਸ ਵਿਚਾਲੇ ਗੋਲਾਬਾਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਗੈਂਗਸਟਰਾਂ ਨੇ ਲੁਧਿਆਣਾ ਦੇ ਇਕ ਕੱਪੜਾ ਵਪਾਰੀ ਸੰਭਵ ਜੈਨ ਤੋਂ ਫਿਰੌਤੀ ਦੀ ਮੰਗ ਕੀਤੀ ਸੀ ਤੇ ਉਸ ਨੂੰ ਅਗਵਾ ਵੀ ਕਰ ਲਿਆ ਸੀ। ਪਰ ਅੱਜ ਲੁਧਿਆਣਾ 'ਚ ਪੁਲਸ ਟੀਮ ਨੇ ਇਨ੍ਹਾਂ ਗੈਂਗਸਟਰਾਂ 'ਤੇ ਵੱਡੀ ਕਾਰਵਾਈ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਪੁਲਸ ਟੀਮ ਨੇ ਗੋਲਾਬਾਰੀ ਦੌਰਾਨ 2 ਗੈਂਗਸਟਰਾਂ ਨੂੰ ਢੇਰ ਕਰ ਦਿੱਤਾ ਹੈ 5 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੁਠਭੇੜ 'ਚ ਇਕ ਪੁਲਸ ਮੁਲਾਜ਼ਮ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਕੁਮਾਰ ਉਰਫ਼ ਸੰਜੂ ਅਤੇ ਸ਼ੁਭਮ ਗੋਪੀ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦੇ 5 ਸਾਥੀਆਂ ਜਤਿਨ, ਪਰਮਜੀਤ, ਮਨਤੋਸ਼ ਕੁਮਾਰ, ਆਦਿਤਿਆ ਸ਼ਰਮਾ ਅਤੇ ਮਨਦੀਪ ਕੁਮਾਰ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਮਾਮਲਾ ਲੁਧਿਆਣਾ ਦੇ ਕੱਪੜਾ ਵਪਾਰੀ ਸੰਭਵ ਜੈਨ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨੂੰ 17 ਨਵੰਬਰ ਨੂੰ 7 ਗੈਂਗਸਟਰਾਂ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਦੋਂ ਪੁਲਸ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਗੈਂਗਸਟਰਾਂ ਦਾ ਪਿੱਛਾ ਕੀਤਾ ਸੀ, ਜਿਸ 'ਤੇ ਉਨ੍ਹਾਂ ਵੱਲੋਂ ਵਪਾਰੀ ਦੇ ਪੈਰ 'ਚ ਗੋਲੀ ਮਾਰ ਦਿੱਤੀ ਗਈ ਸੀ ਤੇ ਵਪਾਰੀ ਨੂੰ ਜ਼ਖ਼ਮੀ ਹਾਲਤ 'ਚ ਛੱਡ ਕੇ ਉੱਥੋਂ ਦੌੜ ਗਏ ਸਨ। ਪਰ ਅੱਜ ਪੁਲਸ ਨੂੰ ਗੈਂਗਸਟਰਾਂ ਦੇ ਠਿਕਾਣੇ ਦੀ ਸੂਚਨਾ ਮਿਲੀ ਸੀ ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ 2 ਗੈਂਗਸਟਰਾਂ ਨੂੰ ਢੇਰ ਕਰ ਕੇ ਬਾਕੀ ਦੇ 5 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 


Harpreet SIngh

Content Editor

Related News