ਜਬਰ-ਜ਼ਨਾਹ ਮੁਲਜ਼ਮਾਂ ਦੇ ਐਨਕਾਊਂਟਰ ਨੇ ਨਿਆਂ ਵਿਵਸਥਾ ਦੀ ਲੱਤ ‘ਚ ਵੀ ਮਾਰੀ ਗੋਲ਼ੀ!

12/06/2019 8:11:12 PM

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਡਾਕਟਰ  ਨਾਲ ਗੈਂਗਰੇਪ ਤੋਂ ਬਾਅਦ ਕਤਲ ਕਰਨ ਅਤੇ ਲਾਸ਼ ਸਾੜਨ ਦੇ ਮਾਮਲੇ ’ਚ ਸਾਰੇ ਮੁਲਜ਼ਮਾਂ ਦਾ ਪੁਲਸ ਨੇ ਐਨਕਾਊਂਟਰ ਕਰ ਦਿੱਤਾ। ਇਸ ਐਨਕਾਊਂਟਰ ਤੋਂ ਬਾਅਦ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਪੁਲਸ ਦੀ ਇਸ ਕਾਰਵਾਈ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਪੁਲਸ ਵਾਲਿਆਂ ਨੂੰ ਹੀਰੋ ਦੇ ਤੌਰ ’ਤੇ ਉਭਾਰਿਆ ਗਿਆ, ਉੱਥੇ ਹੀ ਇਸ ਐਨਕਾਊਂਟਰ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪੰਜਾਬ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਪੁਲਸ ਵੱਲੋਂ ਫਰਜ਼ੀ ਐਨਕਾਊਂਟਰ ਕੀਤਾ ਗਿਆ ਹੈ ਤਾਂ ਬਹੁਤ ਮਾੜੀ ਗੱਲ ਹੈ, ਕਿਉਂਕਿ ਇਸ ਤਰ੍ਹਾਂ ਮਨੁੱਖੀ ਅਧਿਕਾਰਾਂ ਨੂੰ ਛਿੱਕੇ ਨਹੀਂ ਟੰਗਿਆ ਜਾ ਸਕਦਾ। ਇਸੇ ਤਰ੍ਹਾਂ ਭਾਜਪਾ ਆਗੂ ਮੇਨਿਕਾ ਗਾਂਧੀ ਨੇ ਵੀ ਇਸ ਐਨਕਾਊਂਟਰ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਘਟਨਾ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਸਿੱਧ ਕਰ ਦਿੱਤਾ ਹੈ ਕਿ ਨਿਆਂ ਵਿਵਸਥਾ ਤੋਂ ਲੋਕਾਂ ਦਾ ਭਰੋਸਾ ਖਤਮ ਹੋ ਚੁੱਕਾ ਹੈ।  ਕਾਂਗਰਸ ਆਗੂ ਸ਼ਸ਼ੀ ਥਰੂਰ, ਅਲਤੂਦੀਨ ਅਵੈਸੀ ਨੇ ਵੀ ਇਸ ਘਟਨਾਕ੍ਰਮ ’ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਉਲਟ ਇਸ ਐਨਕਾਊਂਟਰ ਨੂੰ ਸਹੀ ਠਹਿਰਾਉਣ ਵਾਲਿਆਂ ਦੀ ਵੀ ਵੱਡੀ ਗਿਣਤੀ ਹੈ । ਇਸ ਐਨਕਾਊਂਟ ਨੂੰ ਸਹੀ ਠਹਿਰਾਉਣ ਵਾਲਿਆਂ ਦੀ ਕਤਾਰ ਵਿਚ ਕਈ ਸਿਆਸੀ ਆਗੂ, ਬਾਲੀਵੁੱਡ ਸਿਤਾਰੇ, ਵੱਡੇ ਖਿਡਾਰੀ ਅਤੇ ਆਮ ਲੋਕ ਸ਼ਾਮਲ ਹਨ। ਇੱਥੇ ਹੀ ਬੱਸ ਨਹੀਂ ਪੁਲਸ ਐਨਕਾਊਂਟਰ 'ਚ ਮਾਰੇ ਜਾਣ ਦੀ ਖੁਸ਼ੀ ਵਿਚ ਗੁਜਰਾਤ ਦੇ ਇਕ ਉਦਯੋਗਪਤੀ ਨੇ ਤਲੰਗਾਨਾ ਪੁਲਸ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕਰ ਦਿੱਤਾ। 

ਸਮੁੱਚੇ ਘਟਨਾਕ੍ਰਮ ਨੂੰ ਧਿਆਨ ਨਾਲ ਵਾਚੀਏ ਤਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਪੁਲਸ ਨੂੰ ਇਨ੍ਹਾਂ ਸਾਰੇ ਮੁਲਜ਼ਮਾਂ ਦਾ ਐਨਕਾਊਂਟਰ ਕਿਉਂ ਕਰਨਾ ਪਿਆ ? ਭਾਵੇਂ ਕਿ ਇਸ ਸਵਾਲ ਦਾ ਜਵਾਬ ਖੁਦ ਸ਼ਮਸ਼ਾਬਾਦ ਦੇ ਡੀ.ਸੀ.ਪੀ. ਪ੍ਰਕਾਸ਼ ਰੈੱਡੀ ਨੇ ਦਿੱਤਾ ਅਤੇ ਕਿਹਾ ਕਿ 'ਸਾਈਬਰਾਬਾਦ ਪੁਲਸ ਦੋਸ਼ੀਆਂ ਨੂੰ ਕ੍ਰਾਈਮ ਸੀਨ ਦੋਹਰਾਉਣ ਲਈ ਲਿਆਈ ਸੀ ਤਾਂ ਕਿ ਘਟਨਾ ਨਾਲ ਜੁੜੀਆਂ ਕੜੀਆਂ ਨੂੰ ਜੋੜਿਆ ਜਾ ਸਕੇ। ਇਸੇ ਦੌਰਾਨ ਮੁਲਜ਼ਮਾਂ ਨੇ ਪੁਲਸ ਕੋਲੋਂ ਹਥਿਆਰ ਖੋਹ ਲਏ ਅਤੇ ਪੁਲਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਨੇ ਆਤਮ ਰੱਖਿਆ ਲਈ ਜਵਾਬੀ ਫਾਇਰਿੰਗ ਕੀਤੀ, ਜਿਸ 'ਚ ਸਾਰੇ ਮੁਲਜ਼ਮ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਅਤੇ ਚੇਨਾਕੇਸ਼ਾਵੁਲੂ ਮੌਕੇ ’ਤੇ ਮਾਰੇ ਗਏ। ਇਸੇ ਤਰ੍ਹਾਂ ਇਸ ਘਟਨਾ ਦੀ ਪੁਸ਼ਟੀ ਸਾਈਬਰਾਬਾਦ ਪੁਲਸ ਕਮਿਸ਼ਨਰ ਵੀ.ਸੀ. ਸੱਜਨਾਰ ਨੇ ਵੀ ਕੀਤੀ। ਪੁਲਸ ਵੱਲੋਂ ਐਨਕਾਊਂਟਰ ਦੀ ਇਕ ਤਸਵੀਰ ਵੀ ਜਾਰੀ ਕੀਤੀ ਗਈ, ਜਿਸ ਵਿਚ ਇਕ ਮੁਲਜ਼ਮ ਦੇ ਹੱਥ ਵਿਚ ਪਿਸਤੌਲ ਦਿਖਾਈ ਦੇ ਰਹੀ ਹੈ। 
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪੁਲਸ ਮੁਲਾਜ਼ਮਾਂ ਨੇ ਫੇਕ ਐਨਕਾਊਂਟਰ ਕੀਤਾ ਹੈ ਤਾਂ ਫੇਕ ਐਨਕਾਊਂਟਰ ਦੀ ਨੌਬਤ ਕਿਉਂ ਆਈ? ਇਸ ਦੇ ਨਾਲ ਸਵਾਲ ਇਹ ਵੀ ਹੈ ਕਿ ਜੇਕਰ ਇਹ ਫੇਕ ਐਨਕਾਊਂਟਰ ਹੈ ਤਾਂ ਇਸ ਘਟਨਾਕ੍ਰਮ ’ਤੇ ਲੋਕ ਜਸ਼ਨ ਕਿਉਂ ਮਨਾ ਰਹੇ ਹਨ? ਸਵਾਲ ਇਹ ਵੀ ਹੈ ਕਿ ਜੇਕਰ ਪੁਲਸ ਬਿਨਾਂ ਕਿਸੇ ਅਪੀਲ-ਦਲੀਲ ਦੇ ਨਿਆਂ ਕਾਰਜ ਨੂੰ ਆਪਣੇ ਹੱਥਾਂ ਵਿਚ ਲੈ ਲਵੇਗੀ ਤਾਂ ਨਿਆਂਪਾਲਿਕਾ ਦੇ ਕੀ ਮਾਈਨੇ ਰਹਿਣਗੇ। ਅਸਲ ਵਿਚ ਸਾਡੇ ਦੇਸ਼ ਦੀ ਨਿਆਂ ਵਿਵਸਥਾ ਇਸ ਹੱਦ ਤੱਕ ਭ੍ਰਿਸ਼ਟ ਅਤੇ ਲਟਕਾਊ ਹੋ ਚੁੱਕੀ ਹੈ ਕਿ ਪੀੜਤ ਧਿਰ ਨਿਆਂ ਮੰਗਦੀ-ਮੰਗਦੀ ਦੁਨੀਆਂ ਤੋਂ ਕੂਚ ਕਰ ਜਾਂਦੀ ਹੈ ਪਰ ਨਿਆਂ ਨਹੀਂ ਮਿਲਦਾ। ਜਬਰ-ਜ਼ਨਾਹ ਦੇ ਅਨੇਕਾਂ ਮਾਮਲੇ ਪਿਛਲੇ ਲੰਮੇ ਸਮੇਂ ਤੋਂ ਪੈਡਿੰਗ ਪਏ ਹਨ। ਨਿਆਂ ਪ੍ਰਣਾਲੀ ਦੀ ਇਹ ਪ੍ਰਕਿਰਿਆ ਪੀੜਤ ਧਿਰਾਂ ਨੂੰ ਕਦੇ ਇਸ ਅਦਾਲਤ ਕਦੇ ਉਸ ਅਦਾਲਤ ਖੱਜਲ਼ ਹੋਣ ਲਈ ਮਜ਼ਬੂਰ ਕਰਦੀ ਹੈ। ਲੋਕ ਇਸ ਮੌਜੂਦਾ ਨਿਆਂ ਪ੍ਰਣਾਲੀ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਅਜਿਹੇ ਮਾਮਲਿਆਂ ਵਿਚ ਜਲਦ ਨਿਆਂ ਦੀ ਉਮੀਦ ਰੱਖਦੇ ਹਨ। ਸ਼ਾਇਦ ਇਸੇ ਲਈ ਆਮ ਲੋਕਾਂ ਦੀ ਵੱਡੀ ਗਿਣਤੀ ਇਸ ਐਨਕਾਊਂਟਰ ਹੱਕ ਵਿਚ ਹੈ। ਪੁਲਸ ਨੇ ਇਹ ਐਨਕਾਊਂਟਰ ਕਰਕੇ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਨਾਲ-ਨਾਲ ਨਿਆਂ ਵਿਸਸਥਾ ਦੀ ਲੱਤ ਵਿਚ ਵੀ ਗੋਲੀ ਮਾਰੀ ਹੈ, ਜਿਸ ਤੋਂ ਉਸਨੂੰ ਸਬਕ ਸਿੱਖਣ ਦੀ ਵੱਡੀ ਲੋੜ ਹੈ।


jasbir singh

News Editor

Related News