ਗੌਂਡਰ ਐਨਕਾਊਂਟਰ ਮਾਮਲੇ ''ਚ ਵੱਡਾ ਖੁਲਾਸਾ, ਇਸ ਤਰ੍ਹਾਂ ਗੈਂਗਸਟਰਾਂ ਤਕ ਪਹੁੰਚੀ ਪੁਲਸ
Saturday, Jan 27, 2018 - 07:02 PM (IST)

ਜਲੰਧਰ (ਰਿਮਾਂਸ਼ੂ ਗਾਭਾ) : ਪੰਜਾਬ ਦੀ ਆਰਗੇਨਾਈਜ਼ ਕ੍ਰਾਈਮ ਕੰਟਰੋਲ ਟੀਮ ਵਲੋਂ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਸਿੰਘ ਬੁੱਧਾ ਦੇ ਕੀਤੇ ਐਨਕਾਊਂਟਰ ਦੇ ਮਾਮਲੇ 'ਚ ਪਰਤਾ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਸੂਤਰਾਂ ਮੁਤਾਬਕ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਪੰਜਾਵਾ ਪਿੰਡ ਦੇ ਕੋਲ ਲਖਵਿੰਦਰ ਸਿੰਘ ਉਰਫ ਲੱਖਾ ਨੂੰ ਪੁਲਸ ਨੇ ਰਾਊਂਡਅਪ ਕੀਤਾ ਸੀ। ਲਖਵਿੰਦਰ ਲੱਖਾ ਉਹੀ ਸ਼ਖਸ ਹੈ ਜਿਸ ਦੇ ਘਰ ਵਿਚ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਸਿੰਘ ਬੁੱਧਾ ਲੁਕੇ ਹੋਏ ਸਨ।
ਇਸ ਗੱਲ ਦਾ ਖੁਲਾਸਾ 'ਜਗ ਬਾਣੀ' ਨਾਲ ਗੱਲਬਾਤ ਕਰਦੇ ਲਖਵਿੰਦਰ ਦੀ ਭਾਬੀ ਨੇ ਵੀ ਕੀਤਾ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਪਹਿਲਾਂ ਲਖਵਿੰਦਰ ਪੁਲਸ ਦੇ ਨਾਲ ਉਨ੍ਹਾਂ ਦੇ ਘਰ ਆਇਆ ਸੀ। ਜਿਸ ਤੋਂ ਬਾਅਦ ਪੁਲਸ ਉਨ੍ਹਾਂ ਦੇ ਘਰ ਦੀ ਛੱਤ 'ਤੇ ਗਈ ਅਤੇ ਉਸ ਮਕਾਨ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰ ਲਈ ਜਿਸ ਵਿਚ ਗੌਂਡਰ ਅਤੇ ਉਸ ਦੇ ਸਾਥੀ ਲੁਕੇ ਹੋਏ ਸਨ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਫਾਇਰਿੰਗ ਹੋਣੀ ਸ਼ੁਰੂ ਹੋ ਗਈ। ਇਸ ਮੁਕਾਬਲੇ ਦੌਰਾਨ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਮੌਕੇ 'ਤੇ ਮਾਰੇ ਗਏ ਜਦਕਿ ਬੁੱਧਾ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।