ਪੰਜਾਬ ’ਚ ਅੱਤ ਦੀ ਗਰਮੀ ’ਚ ਚੋਣਾਂ, ਆਮ ਲੋਕਾਂ ਦਾ ਧਿਆਨ ਰੱਖਣ ਲਈ ਕੀਤੇ ਜਾਣਗੇ ਖ਼ਾਸ ਪ੍ਰਬੰਧ

03/20/2024 6:03:10 AM

ਚੰਡੀਗੜ੍ਹ (ਭਾਸ਼ਾ)– ਪੰਜਾਬ ’ਚ ਲੋਕ ਸਭਾ ਚੋਣਾਂ ਦੌਰਾਨ ਆਪਣੀ ਵੋਟ ਪਾਉਣ ਲਈ ਆਉਣ ਵਾਲੇ ਵੋਟਰਾਂ ਲਈ ਪੋਲਿੰਗ ਸਟੇਸ਼ਨਾਂ ’ਤੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ। ਚੋਣ ਕਮਿਸ਼ਨ ਨੇ ਚੋਣਾਂ ’ਚ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਸਭ ਤੋਂ ਪਹਿਲਾਂ ਇਹ ਨਿਵੇਕਲਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਮੰਗਲਵਾਰ ਨੂੰ ਕਿਹਾ ਕਿ 70 ਫ਼ੀਸਦੀ ਤੋਂ ਵੱਧ ਵੋਟਿੰਗ ਦਾ ਟੀਚਾ ਰੱਖਿਆ ਗਿਆ ਹੈ।

1 ਜੂਨ ਨੂੰ ਪੈਣਗੀਆਂ ਵੋਟਾਂ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਸੂਬਾ ਚੋਣ ਦਫ਼ਤਰ ਉਨ੍ਹਾਂ ਖ਼ੇਤਰਾਂ ’ਚ ਵੀ ਵੋਟਿੰਗ ਪ੍ਰਤੀਸ਼ਤ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗਾ, ਜਿਥੇ ਪਿਛਲੀਆਂ ਚੋਣਾਂ ’ਚ ਵੋਟਿੰਗ ਘੱਟ ਹੋਈ ਸੀ। ਲੋਕ ਸਭਾ ਚੋਣਾਂ 2019 ਦੌਰਾਨ ਪੰਜਾਬ ’ਚ 65.96 ਫ਼ੀਸਦੀ ਵੋਟਿੰਗ ਹੋਈ ਸੀ। ਸਿਬਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੂਬੇ ’ਚ ਆਜ਼ਾਦ ਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਜ਼ਾਬਤਾ ਪੂਰੀ ਤਾਕਤ ਨਾਲ ਲਾਗੂ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਪਿਆਕੜਾਂ ਲਈ ਮਾੜੀ ਖ਼ਬਰ! ਇੰਨੇ ਫ਼ੀਸਦੀ ਮਹਿੰਗੀ ਹੋਣ ਜਾ ਰਹੀ ਸ਼ਰਾਬ, ਹੁਣ ਜੇਬ ਹੋਵੇਗੀ ਹੋਰ ਢਿੱਲੀ

ਅਰਧ ਸੈਨਿਕ ਬਲਾਂ ਦੀਆਂ 25 ਕੰਪਨੀਆਂ ਤਾਇਨਾਤ
ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਮਸਲ ਪਾਵਰ ਤੇ ਪੈਸੇ ਦੀ ਤਾਕਤ ਦੀ ਵਰਤੋਂ ਨੂੰ ਰੋਕਣ ਲਈ ਵਿਆਪਕ ਯਤਨ ਕੀਤੇ ਜਾ ਰਹੇ ਹਨ। ਸਿਬਿਨ ਨੇ ਇਹ ਵੀ ਕਿਹਾ ਕਿ ਪੰਜਾਬ ’ਚ ਅਰਧ ਸੈਨਿਕ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਲੋੜ ਪੈਣ ’ਤੇ ਹੋਰ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ਦੁਹਰਾਇਆ ਕਿ ਸੂਬੇ ’ਚ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਯਤਨ ਕੀਤੇ ਜਾਣਗੇ। ਅਧਿਕਾਰੀ ਨੇ ਕਿਹਾ ਕਿ ਪੰਜਾਬ ’ਚ ਸੰਸਦੀ ਚੋਣਾਂ ’ਚ ਮਤਦਾਨ ਆਮ ਤੌਰ ’ਤੇ ਲਗਭਗ 65 ਪ੍ਰਤੀਸ਼ਤ ਹੁੰਦਾ ਹੈ, ਜੋ ਵਿਧਾਨ ਸਭਾ ਚੋਣਾਂ ਦੌਰਾਨ 70 ਪ੍ਰਤੀਸ਼ਤ ਤੋਂ ਵੱਧ ਜਾਂਦਾ ਹੈ।

ਪੀਣ ਲਈ ਛਬੀਲ ਤੇ ਛਾਂ ਲਈ ਲਗਾਈ ਜਾਵੇਗੀ ਤਰਪਾਲ
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਪੰਜਾਬ ’ਚ ਚੋਣਾਂ ਅੱਤ ਦੀ ਗਰਮੀ ਦੌਰਾਨ ਹੋਣੀਆਂ ਹਨ, ਇਸ ਲਈ ਵੋਟਰਾਂ ਨੂੰ ਰਿਫਰੈਸ਼ਮੈਂਟ ਦੇਣ ਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ, “ਅਸੀਂ ਛਬੀਲ (ਮਿੱਠਾ ਜਲ) ਦਾ ਪ੍ਰਬੰਧ ਕਰਾਂਗੇ। ਨਾਲ ਹੀ ਛਾਂ ਲਈ ਤਰਪਾਲ ਵੀ ਲਗਾਈ ਜਾਵੇਗੀ। ਵੋਟਰਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਸਾਡੀ ਵੋਟ ਪ੍ਰਤੀਸ਼ਤਤਾ ਵਧੇ।’’

2,416 ਪੋਲਿੰਗ ਸਟੇਸ਼ਨ ਨਾਜ਼ੁਕ
ਅਧਿਕਾਰੀ ਨੇ ਐਲਾਨ ਕੀਤਾ ਕਿ ਸੂਬੇ ਦੇ 24,433 ਪੋਲਿੰਗ ਸਟੇਸ਼ਨਾਂ ’ਚੋਂ 2,416 ਨੂੰ ਨਾਜ਼ੁਕ ਵਜੋਂ ਪਛਾਣਿਆ ਗਿਆ ਹੈ, ਜਿਨ੍ਹਾਂ ਨੂੰ ਵਾਧੂ ਸੁਰੱਖਿਆ ਉਪਾਵਾਂ ਦੀ ਲੋੜ ਹੈ। ਸਭ ਤੋਂ ਵੱਧ ਗੰਭੀਰ 578 ਪੋਲਿੰਗ ਸਟੇਸ਼ਨ ਅੰਮ੍ਰਿਤਸਰ ’ਚ ਹਨ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਸੀ. ਸੀ. ਟੀ. ਵੀ. ਤੇ ਕੇਂਦਰੀ ਨਿਗਰਾਨੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News