ਚੋਣ ਡਿਊਟੀ ਲਈ 800 ਪੁਲਸ ਕਰਮਚਾਰੀ ਅਤੇ 22 ਪੈਟਰੋਲਿੰਗ ਪਾਰਟੀਆਂ ਤਾਇਨਾਤ : ਪ੍ਰਗਿਆ ਜੈਨ

Monday, May 25, 2026 - 04:57 PM (IST)

ਚੋਣ ਡਿਊਟੀ ਲਈ 800 ਪੁਲਸ ਕਰਮਚਾਰੀ ਅਤੇ 22 ਪੈਟਰੋਲਿੰਗ ਪਾਰਟੀਆਂ ਤਾਇਨਾਤ : ਪ੍ਰਗਿਆ ਜੈਨ

ਜੈਤੋ (ਰਘੂਨੰਦਨ ਪਰਾਸ਼ਰ) : ਨਗਰ ਨਿਗਮ ਚੋਣਾਂ-2026 ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਣ ਲਈ ਡਾ. ਪ੍ਰਗਿਆ ਜੈਨ, ਐੱਸ.ਐੱਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਸ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਚੋਣ ਡਿਊਟੀ ਦੇ ਸਬੰਧ ਵਿਚ ਜ਼ਿਲ੍ਹੇ ਅੰਦਰ 800 ਦੇ ਕਰੀਬ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸ਼ੱਕੀ ਗਤੀਵਿਧੀ ‘ਤੇ ਨਿਗਰਾਨੀ ਰੱਖਣ ਅਤੇ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਲਗਭਗ 22 ਪੈਟਰੋਲਿੰਗ ਪਾਰਟੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪੁਲਸ ਮੁਖੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ 2 ਐੱਸ.ਪੀ ਰੈਂਕ ਅਤੇ 8 ਡੀ.ਐਸ.ਪੀ ਰੈਂਕ ਦੇ ਅਧਿਕਾਰੀ ਤਾਇਨਾਤ ਹਨ। ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹੇ ਅੰਦਰ 24 ਘੰਟੇ ਨਾਕਾਬੰਦੀਆਂ ਅਤੇ ਗਸ਼ਤ ਪਾਰਟੀਆਂ ਲਗਾਤਾਰ ਡਿਊਟੀ ਨਿਭਾਅ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣ ਲਈ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਕਿਸੇ ਵੀ ਵਿਅਕਤੀ ਵੱਲੋਂ ਪੋਲਿੰਗ ਬੂਥਾਂ/ਪੋਲਿੰਗ ਸਟੇਸ਼ਨਾਂ ਦੇ ਨਜ਼ਦੀਕ ਸ਼ੋਰ-ਸ਼ਰਾਬਾ, ਹੁੱਲੜਬਾਜ਼ੀ ਨਾ ਕੀਤੀ ਜਾਵੇ। ਕਿਸੇ ਵੀ ਵਿਅਕਤੀ ਵੱਲੋਂ ਪੋਲਿੰਗ ਬੂਥਾਂ/ਪੋਲਿੰਗ ਸਟੇਸ਼ਨਾਂ ਦੇ 200 ਮੀਟਰ ਦੇ ਘੇਰੇ ਅੰਦਰ ਸੈਲੂਲਰ ਫੋਨ/ਕੋਰਡਲੈਸ ਫੋਨ/ਵਾਇਰਲੈਂਸ ਸੈਟ/ਲਾਊਡ ਸਪੀਕਰ/ਮੈਗਾਫੋਨ ਆਦਿ ਦੀ ਵਰਤੋਂ ਨਹੀ ਕੀਤੀ ਜਾਵੇਗੀ। ਕੋਈ ਵੀ ਰਾਜਨੀਤਿਕ ਪਾਰਟੀ, ਚੋਣ ਲੜ ਰਿਹਾ ਉਮੀਦਵਾਰ ਪੋਲਿੰਗ ਬੂਥ/ਪੋਲੰਗ ਸਟੇਸ਼ਨ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਪੋਲਿੰਗ ਬੂਥ/ਟੈਟ ਪੋਸਟਰ ਜਾ ਬੈਨਰ ਨਹੀਂ ਲਗਾਏਗਾ। ਕੋਈ ਵੀ ਵਿਅਕਤੀ ਸਿਵਾਏ ਰਾਜ ਚੋਣ ਕਮਿਸ਼ਨ, ਪੰਜਾਬ ਜ਼ਿਲ੍ਹਾ ਚੋਣ ਅਫਸਰ, ਫਰੀਦਕੋਟ ਜਾਂ ਹਲਕੇ ਦੇ ਰਿਟਰਨਿੰਗ ਅਫਸਰ ਵੱਲੋਂ ਅਧਿਕਾਰਿਤ ਵਿਅਕਤੀ, ਕਿਸੇ ਵੀ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਵਹੀਕਲ ਨਹੀਂ ਲਿਜਾਏਗਾ। ਅੰਤ ਵਿਚ ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ ਫਰੀਦਕੋਟ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ।


author

Gurminder Singh

Content Editor

Related News