ਨਸ਼ੇ ਦੀ ਓਵਰਡੋਜ਼ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ
Sunday, Jul 08, 2018 - 12:01 AM (IST)
ਰਈਆ,(ਹਰਜੀਪ੍ਰੀਤ, ਦਿਨੇਸ਼)— ਪੰਜਾਬ 'ਚ ਇਨ੍ਹੀਂ ਦਿਨੀਂ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਨੀਵਾਰ ਨੂੰ ਬਲਾਕ ਰਈਆ ਦੇ ਪਿੰਡ ਕਲੇਰ ਘੁਮਾਣਾ 'ਚ ਨਸ਼ੇ ਦੇ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜਤਿੰਦਰ ਸਿੰਘ (22) ਪੁੱਤਰ ਬਲਬੀਰ ਸਿੰਘ ਦੇ ਰੂਪ 'ਚ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਐਸ. ਐਸ. ਪੀ. ਅੰਮ੍ਰਿਤਸਰ (ਦਿਹਾਤੀ) ਪਰਮਪਾਲ ਸਿੰਘ, ਡੀ. ਐਸ. ਪੀ. ਬਾਬਾ ਬਕਾਲਾ ਸਾਹਿਬ ਲਖਵਿੰਦਰ ਸਿੰਘ ਮੱਲ ਪਿੰਡ ਕਲੇਰ ਘੁਮਾਣ ਪਹੁੰਚੇ ਅਤੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਨੌਜਵਾਨ ਦੀ ਕਰੀਬ ਇਕ ਸਾਲ ਦੀ ਛੋਟੀ ਬੱਚੀ ਹੈ। ਥਾਣਾ ਖਿਲਚੀਆਂ 'ਚ ਮ੍ਰਿਤਕ ਦੀ ਮਾਤਾ ਨਿੰਦਰ ਕੌਰ ਦੀ ਸ਼ਿਕਾਇਤ 'ਤੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ। ਇਸ ਸਾਲ ਅਪ੍ਰੈਲ ਮਹੀਨੇ 'ਚ ਇਸ ਪਿੰਡ ਦੇ ਨੌਜਵਾਨ ਹਾਕਮਜੀਤ ਸਿੰਘ ਨਾਂ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਇਕ ਮੋਟਰ 'ਤੇ ਹੀ ਮੌਤ ਹੋ ਗਈ ਸੀ ।
