ਸਾਵਧਾਨ! ਵਾਹਨਾਂ ’ਤੇ ਨਕਲੀ ਨੰਬਰ ਲਗਾ ਕੇ ਮਹਾਨਗਰ ’ਚ ਘੁੰਮੇ ਤਾਂ ਹੋਵੇਗਾ ਕੇਸ ਦਰਜ

Sunday, Aug 30, 2026 - 01:40 AM (IST)

ਸਾਵਧਾਨ! ਵਾਹਨਾਂ ’ਤੇ ਨਕਲੀ ਨੰਬਰ ਲਗਾ ਕੇ ਮਹਾਨਗਰ ’ਚ ਘੁੰਮੇ ਤਾਂ ਹੋਵੇਗਾ ਕੇਸ ਦਰਜ

ਜਲੰਧਰ (ਸ਼ੋਰੀ) – ਚੋਰੀਸ਼ੁਦਾ ਮੋਟਰਸਾਈਕਲ ’ਤੇ ਜਾਅਲੀ ਨੰਬਰ ਲਾ ਕੇ ਘੁੰਮਣ ਵਾਲੇ ਇਕ ਨੌਜਵਾਨ ਨੂੰ ਟ੍ਰੈਫਿਕ ਪੁਲਸ ਵਿਚ ਤਾਇਨਾਤ ਏ. ਐੱਸ. ਆਈ. ਸੁਰੇਸ਼ ਕੁਮਾਰ, ਪੁਲਸ ਜਵਾਨ ਰਾਕੇਸ਼ ਕੁਮਾਰ, ਮਹਿੰਦਰਪਾਲ ਅਤੇ ਥਾਣਾ ਡਵੀਜ਼ਨ ਨੰਬਰ 2 ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਲੁਬਾਣਾ ਨੇ ਕਪੂਰਥਲਾ ਚੌਕ ਕੋਲੋਂ ਪੁੱਛਗਿੱਛ ਕਰ ਕੇ ਗ੍ਰਿਫ਼ਤਾਰ ਕੀਤਾ ਹੈ।

ਪੁਲਸ ਨੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਪੁਲਸ ਜਾਂਚ ਕਰ ਰਹੀ ਹੈ ਕਿ ਨੌਜਵਾਨ ਨੇ ਮੋਟਰਸਾਈਕਲ ਕਿਥੋਂ ਖਰੀਦਿਆ ਸੀ। ਜਾਣਕਾਰੀ ਮੁਤਾਬਕ ਨਾਕਾਬੰਦੀ ਦੌਰਾਨ ਪੁਲਸ ਨੇ ਇਕ ਨੌਜਵਾਨ ਨੂੰ ਰੋਕਿਆ ਅਤੇ ਉਸਦੇ ਮੋਟਰਸਾਈਕਲ ਦੇ ਨੰਬਰ ਪੀ ਬੀ 09 ਐੱਸ-5147 ਦੀ ਜਾਂਚ ਈ-ਚਲਾਨ ਮਸ਼ੀਨ ਨਾਲ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਨੰਬਰ ਜਾਅਲੀ ਹੈ। ਪੁਲਸ ਨੇ ਨੌਜਵਾਨ ਦੀ ਪਛਾਣ ਪੁੱਛੀ ਤਾਂ ਉਸ ਨੇ ਆਪਣਾ ਨਾਂ ਰਾਜਕਮਲ ਪੁੱਤਰ ਜੱਗੂ ਵਾਸੀ ਯੂ. ਪੀ. ਹਾਲ ਵਾਸੀ ਕਿਰਾਏਦਾਰ ਹਰੀ ਦਾ ਮਕਾਨ ਪ੍ਰੀਤ ਨਗਰ ਸੋਢਲ ਰੋਡ ਜਲੰਧਰ ਦੱਸਿਆ।

ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਦੱਸਿਆ ਕਿ ਉਸ ਨੇ 20 ਹਜ਼ਾਰ ਰੁਪਏ ਵਿਚ ਮੋਟਰਸਾਈਕਲ ਦੋਆਬਾ ਚੌਕ ਕੋਲ ਕਿਸੇ ਅਣਪਛਾਤੇ ਵਿਅਕਤੀ ਤੋਂ ਖਰੀਦਿਆ ਸੀ ਪਰ ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਮੋਟਰਸਾਈਕਲ ਚੋਰੀ ਕਰ ਕੇ ਨਵਾਂ ਨੰਬਰ ਲਗਾ ਕੇ ਵੇਚਣ ਦੀ ਫਿਰਾਕ ਵਿਚ ਸੀ।


author

Inder Prajapati

Content Editor

Related News