ਨਸ਼ਿਆਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਆਏ ਦਿਨ ਜ਼ਿਲ੍ਹਾ ਪੁਲਸ ਨੂੰ ਮਿਲ ਰਹੀ ਹੈ ਵੱਡੀ ਸਫਲਤਾ

06/13/2020 10:56:12 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਜ਼ਿਲ੍ਹਾ ਪੁਲਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੁਲਸ ਟੀਮਾਂ ਆਏ ਦਿਨ ਵੱਡੀ ਮਾਤਰਾ ਵਿਚ ਨਸ਼ੇ ਵਾਲੇ ਪਦਾਰਥ ਬਰਾਮਦ ਕਰ ਰਹੀਆਂ ਹਨ। ਅਜਿਹਾ ਹਰ ਰੋਜ਼ ਹੁੰਦਾ ਹੈ ਕਿ ਜ਼ਿਲੇ ਅੰਦਰ ਕਿਤੋਂ ਨਾ ਕਿਤੋ ਨਾਜਾਇਜ਼ ਸ਼ਰਾਬ, ਲਾਹਣ, ਨਸ਼ੇ ਵਾਲੀਆਂ ਗੋਲੀਆਂ ਜਾਂ ਹੋਰ ਤਰ੍ਹਾਂ ਦੇ ਨਸ਼ੇ ਵਾਲੇ ਪਦਾਰਥਾਂ ਦੇ ਤਸਕਰਾਂ ਦੇ ਚਿਹਰੇ ਬੇਨਕਾਬ ਹੁੰਦੇ ਹਨ।ਪੁਲਸ ਵਲੋਂ ਨਸ਼ਿਆਂ ਦੇ ਕਾਰੋਬਾਰੀਆਂ ਖ਼ਿਲਾਫ਼ ਵਧਾਈ ਗਈ ਸਖਤੀ ਦੇ ਚੱਲਦਿਆਂ ਪੁਲਿਸ ਵੱਡੇ ਪੱਧਰ 'ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕਰ ਰਹੀ ਹੈ। ਅੱਜ ਵੀ ਜ਼ਿਲੇ ਦੇ ਵੱਖ-ਵੱਖ ਥਾਣਿਆਂ 'ਚ ਨਸ਼ੇ ਵਾਲੇ ਪਦਾਰਥਾਂ ਦੇ ਕਈ ਮਾਮਲੇ ਦਰਜ ਹੋਏ ਹਨ, ਜਿੰਨ੍ਹਾਂ ਵਿਚ ਤਸਕਰਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ, ਜਿੰਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ।

ਚੂਰਾ ਪੋਸਤ ਅਤੇ ਨਸ਼ੇ ਵਾਲੀਆਂ ਗੋਲੀਆਂ ਦੇ ਦੋ ਤਸਕਰ ਨਾਮਜ਼ਦ, ਇਕ ਫਰਾਰ
ਥਾਣਾ ਸਦਰ ਪੁਲਸ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਨਾਕਾਬੰਦੀ ਦੌਰਾਨ ਵੱਡੀ ਮਾਤਰਾ ਵਿਚ ਨਸ਼ੇ ਵਾਲੇ ਪਦਾਰਥਾਂ ਸਮੇਤ ਇਕ ਤਸਕਰ ਨੂੰ ਕਾਬੂ ਕੀਤਾ ਹੈ, ਜਿਸ ਕੋਲੋ 8 ਕਿੱਲੋ ਚੂਰਾ ਪੋਸਤ ਤੇ 550 ਨਸ਼ੇ ਵਾਲੀਆਂ ਗੋਲੀਆਂ ਫੜ੍ਹੀਆਂ ਗਈਆਂ ਹਨ। ਪੁਲਸ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਪਿੰਡ ਸੋਹਣੇਵਾਲਾ ਦੇ ਚੱਕ ਅਟਾਰੀ ਸਦਰਵਾਲਾ ਵਿਖੇ ਨਾਕਾਬੰਦੀ ਕਰ ਕੇ ਸ਼ੱਕੀ ਵਾਹਨਾਂ ਦੀ ਚੈਂਕਿੰਗ ਕੀਤੀ ਜਾ ਰਹੀ ਸੀ, ਕਿ ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਵਿਅਕਤੀ, ਜਿਸ ਕੋਲ ਬੋਰੀ ਸੀ, ਨੂੰ ਸ਼ੱਕ ਦੇ ਅਧਾਰ 'ਤੇ ਜਦੋਂ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 8 ਕਿਲੋਂ ਚੂਰਾ ਪੋਸਤ ਅਤੇ 550 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਤੋਂ ਬਾਅਦ ਪੁਲਸ ਨੇ ਤਸਕਰ ਨੂੰ ਕਾਬੂ ਕਰ ਲਿਆ, ਜਿਸਦੀ ਪਛਾਣ ਪਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਢਾਣੀ ਚੱਕ ਅਟਾਰੀ ਸਦਰਵਾਲਾ ਵਜੋਂ ਹੋਈ ਹੈ।ਦੂਜਾ ਮਾਮਲਾ ਥਾਣਾ ਸਿਟੀ ਵਿਖੇ ਦਰਜ ਹੋਇਆ ਹੈ, ਜਿੱਥੇ ਇੱਕ ਤਸਕਰ ਨੂੰ ਨਸ਼ੇ ਵਾਲੀਆਂ ਗੋਲੀਆਂ ਦੀ ਤਸਕਰੀ ਹੇਠ ਨਾਮਜ਼ਦ ਕੀਤਾ ਗਿਆ ਹੈ। ਏ.ਐੱਸ.ਆਈ. ਜਸਵੀਰ ਸਿੰਘ ਨੇਦੱਸਿਆ ਕਿ ਸਥਾਨਕ ਮੌੜ ਰੋਡ ਦੇ ਕੋਲ ਸਥਿਤ ਸੂਏ 'ਤੇ ਪੁਲਸ ਨੇ ਜਦੋਂ ਸ਼ੱਕ ਦੇ ਅਧਾਰ 'ਤੇ ਸਤਨਾਮ ਸਿੰਘ ਪੁੱਤਰ ਜੰਗੀਰ ਸਸਿੰਘ ਵਾਸੀ ਮੌੜ ਰੋਡ ਦੀ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 68 ਨਸ਼ੇ ਵਾਲੀਆਂ ਗੋਲੀਆਂ ਮਿਲੀਆਂ, ਜਦੋਂਕਿ ਸਤਨਾਮ ਸਿੰਘ ਪੁਲਸ ਨੂੰ ਚਕਮਾ ਦੇ ਕੇ ਭੱਜਣ 'ਚ ਸਫ਼ਲ ਰਿਹਾ। ਪੁਲਸ ਨੇ ਕਥਿਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ।

ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਤਿੰਨ ਕਾਬੂ
ਥਾਣਾ ਬਰੀਵਾਲਾ ਪੁਲਸ ਨੇ 120 ਲੀਟਰ ਲਾਹਣ ਸਮੇਤ ਇਕ ਤਸਕਰ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਏ.ਐੱਸ.ਆਈ. ਦੌਲਤ ਰਾਮ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਹਰੀਕੇ ਕਲਾਂ ਦਾ ਰਹਿਣ ਵਾਲਾ ਦਲਜੀਤ ਸਿੰਘ ਪੁੱਤਰ ਜਸਵੀਰ ਸਿੰਘ ਆਪਣੇ ਘਰ ਵਿਚ ਨਾਜਾਇਜ਼ ਸ਼ਰਾਬ ਬਣਾਉਣ ਅਤੇ ਵੇਚਣ ਦਾ ਧੰਦਾ ਕਰਦਾ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸਦੇ ਘਰ ਰੇਡ ਕੀਤੀ ਤਾਂ ਦਲਜੀਤ ਸਿੰਘ ਨੂੰ ਘਰ ਵਿਚ ਪਈ 120 ਲੀਟਰ ਲਾਹਣ ਸਮੇਤ ਕਾਬੂ ਕਰ ਲਿਆ ਗਿਆ। ਦੂਜੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਪੁਲਸ ਸ੍ਰੀ ਮੁਕਤਸਰ ਸਾਹਿਬ ਦੇ ਏ.ਐੱਸ.ਆਈ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਜਦੋਂ ਪੁਲਸ ਨੇ ਪਿੰਡ ਭੁੱਲਰ ਦੇ ਰਹਿਣ ਵਾਲੇ ਗੁਰਤੇਜ ਸਿੰਘ ਉਰਫ ਪੱਪਾ ਪੁੱਤਰ ਜਸਵੰਤ ਸਿੰਘ ਦੇ ਘਰ ਰੇਡ ਕੀਤੀ ਤਾਂ ਗੁਰਤੇਜ ਸਿੰਘ ਨੂੰ ਘਰ ਵਿਚ ਪਈਆਂ ਨਾਜਾਇਜ਼ ਸ਼ਰਾਬ ਦੀਆਂ 5 ਬੋਤਲਾਂ ਅਤੇ 250 ਲੀਟਰ ਲਾਹਣ ਸਮੇਤ ਕਾਬੂ ਕੀਤਾ ਗਿਆ ਹੈ।

ਤੀਜੇ ਮਾਮਲਾ ਥਾਣਾ ਲੱਖੇਵਾਲੀ ਨਾਲ ਸਬੰਧਿਤ ਹੈ, ਜਿੱਥੇ ਪਿੰਡ ਨੰਦਗੜ੍ਹ ਦੇ ਇਕ ਤਸਕਰ ਨੂੰ ਪਿੰਡ ਦੀ ਸਮਸ਼ਾਨਘਾਟ ਵਿਚ ਨਾਜਾਇਜ਼ ਸ਼ਰਾਬ ਵੇਚਦਿਆਂ ਪੁਲਸ ਨੇ ਰੰਗੇ ਹੱਥੀ ਕਾਬੂ ਕੀਤਾ ਹੈ। ਏ.ਐੱਸ.ਆਈ. ਸਾਹਿਬ ਰਾਮ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨੰਦਗੜ੍ਹ ਦਾ ਵਾਸੀ ਗੁਰਤੇਜ ਸਿੰਘ ਉਰਫ ਸੇਦੂ ਪੁੱਤਰ ਬਲੌਰ ਸਿੰਘ, ਜੋ ਬਾਹਰੋਂ ਸਸਤੇ ਰੇਟਾਂ 'ਤੇ ਨਾਜਾਇਜ਼ ਸ਼ਰਾਬ ਲਿਆ ਕੇ ਅੱਗੇ ਮਹਿੰਗੇ ਰੇਟਾਂ 'ਤੇ ਵੇਚਣ ਦਾ ਕੰਮ ਕਰਦਾ ਹੈ ਅਤੇ ਪਿੰਡ ਦੇ ਸਮਸ਼ਾਨਘਾਟ ਵਿਖੇ ਲੋਕਾਂ ਨੂੰ ਸ਼ਰਾਬ ਵੇਚ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪੁੱਜ ਕੇ ਉਥੋਂ ਨਜਾਇਜ਼ ਸ਼ਰਾਬ ਦੀਆਂ 45 ਬੋਤਲਾਂ ਬਰਾਮਦ ਕਰ ਲਈਆਂ, ਜਦੋਂਕਿ ਗੁਰਤੇਜ ਸਿੰਘ ਪੁਲਸ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਿਆ। ਪੁਲਸ ਨੇ ਕਥਿਤ ਦੋਸ਼ੀ ਖ਼ਿਲਾਫ ਅੇਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News