ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ''ਚ ਮੌਤ
Thursday, Jul 23, 2020 - 10:21 AM (IST)
ਦੀਨਾਨਗਰ (ਕਪੂਰ) : ਦੀਨਾਨਗਰ ਤੋਂ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਖੇ ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਦੀ ਹੱਤਿਆ ਦਾ ਸ਼ੱਕ ਪ੍ਰਗਟ ਕੀਤਾ ਹੈ। ਇਸ ਸਬੰਧੀ ਪਿੰਡ ਅਵਾਂਖਾ ਵਾਸੀ ਮ੍ਰਿਤਕ ਨੌਜਵਾਨ ਦੇ ਪਿਤਾ ਅਬਦੂਲ ਅਤੇ ਭਰਾ ਰਾਜਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਅਸਲਮ ਦਾ ਹਿਮਾਚਲ ਪ੍ਰਦੇਸ਼ ਦੇ ਚੰਬਾ ਵਾਸੀ ਇਕ ਕੁੜੀ ਨਾਲ ਬੀਤੇ ਤਿੰਨ ਸਾਲਾਂ ਤੋਂ ਪ੍ਰੇਮ ਚਲ ਰਿਹਾ ਸੀ ਅਤੇ ਦੋਵੇਂ ਵਿਆਹ ਕਰਵਾਉਣ ਲਈ ਰਾਜੀ ਸਨ ਪਰ ਕੁੜੀ ਵਾਲਿਆਂ ਦੇ ਮੁਕਾਬਲੇ ਉਨ੍ਹਾਂ ਦੀ ਮਾਲੀ ਹਾਲਤ ਮਾੜੀ ਹੋਣ ਕਾਰਣ ਉਹ ਇਸ ਰਿਸ਼ਤੇ ਤੋਂ ਮਨਾ ਕਰਦੇ ਰਹੇ ਸਨ। ਬੀਤੀ 16 ਜੁਲਾਈ ਨੂੰ ਲੜਕੀ ਨੇ ਅਸਲਮ ਨੂੰ ਚੰਬਾ ਬੁਲਾਇਆ ਸੀ, ਇਸੇ ਦੌਰਾਨ ਚੰਬਾ ਪੁਲਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਮੁੰਡਾ ਬੇਹੋਸ਼ੀ ਹਾਲਤ 'ਚ ਚੰਬਾ ਬਜ਼ਾਰ 'ਚੋਂ ਮਿਲਿਆ ਹੈ ਅਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਇਸ ਗੱਲ ਦਾ ਪਤਾ ਚਲਦੇ ਹੀ ਮ੍ਰਿਤਕ ਦਾ ਸਰੀਰ ਲੈਣ ਲਈ ਉਹ ਉਥੇ ਪਹੁੰਚ ਗਏ।
ਇਹ ਵੀ ਪੜ੍ਹੋਂ :ਗਲੀ 'ਚ ਜਾ ਰਹੀ ਕੁੜੀ ਨਾਲ ਹੈਵਾਨੀਅਤ, ਕੀਤਾ ਸਮੂਹਿਕ ਜਬਰ-ਜ਼ਿਨਾਹ
ਮ੍ਰਿਤਕ ਦੇ ਪਿਤਾ ਅਬਦੁਲ ਅਤੇ ਭਰ ਰਾਜਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਚੰਬਾ ਤੋਂ ਕੁਝ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਅਸਲਮ ਦੀ ਮੌਤ ਤੋਂ ਪਹਿਲਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਅਸਲਮ ਨੂੰ ਘਰ ਬੁਲਾ ਕੇ ਕੁੱਟ-ਮਾਰ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਜਾਣਬੂਝ ਕੇ ਜ਼ਹਿਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਨੇ ਬਰਾਮਦ ਅਸਲਮ ਦੇ ਮੋਬਾਇਲ 'ਚ ਉਸ ਦਾ ਸਾਰਾ ਡਾਟਾ ਡਿਲੀਟ ਕਰ ਦਿੱਤਾ, ਜਿਸ ਤੋਂ ਉਨ੍ਹਾਂ ਦਾ ਸ਼ੱਕ ਹੋਰ ਵਧ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਪੰਜਾਬ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਸੂਬਾ ਪੁਲਸ ਇਸ ਵਿਚ ਦਖਲ ਦੇ ਕੇ ਉਨ੍ਹਾਂ ਨੂੰ ਇਨਸਾਫ ਦੁਆਵੇ।
ਇਹ ਵੀ ਪੜ੍ਹੋਂ : ਸੁਹਾਵਣੇ ਮੌਸਮ 'ਚ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ-ਦੀਦਾਰੇ
ਇਸ ਸਬੰਧੀ ਚੰਬਾ ਸਿਟੀ ਪੁਲਸ ਦੇ ਜਾਂਚ ਅਧਿਕਾਰੀ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਘਟਨਾ ਤੋਂ ਕੁਝ ਦੇਰ ਪਹਿਲਾਂ ਹੀ ਕੁੜੀ ਦੀ ਦਾਦੀ ਨੇ ਪੁਲਸ ਨੂੰ ਫੋਨ 'ਤੇ ਸੂਚਿਤ ਕੀਤਾ ਸੀ ਕਿ ਉਹ ਨੌਜਵਾਨ ਘਰ ਦੇ ਕੋਲ ਹੰਗਾਮਾ ਕਰ ਰਿਹਾ ਹੈ ਅਤੇ ਜਦੋਂ ਉਹ ਉਥੇ ਪਹੁੰਚੇ ਤਾਂ ਸੜਕ ਦੇ ਕੰਢੇ ਅਸਲਮ ਬੇਹੋਸ਼ ਪਿਆ ਹੋਇਆ ਸੀ, ਜਿਸ ਨੂੰ ਉਹ ਚੁੱਕੇ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਾਥਮਿਕ ਜਾਂਚ ਵਿਚ ਇਹ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ ਪਰ ਇਸ ਵਿਚ ਜੇਕਰ ਕੋਈ ਹੋਰ ਗੱਲ ਸਾਹਮਣੇ ਆਈ ਤਾਂ ਉਹ ਕਾਰਵਾਈ ਕਰਣਗੇ।