ਜਾਣੋ ਕਦੋਂ ਮਨਾਏ ਜਾਣਗੇ ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ ਸਣੇ ਹੋਰ ਤਿਉਹਾਰ, ਪੜ੍ਹ ਲਓ ਪੂਰੀ ਖ਼ਬਰ

Saturday, Oct 31, 2026 - 07:46 AM (IST)

ਜਾਣੋ ਕਦੋਂ ਮਨਾਏ ਜਾਣਗੇ ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ ਸਣੇ ਹੋਰ ਤਿਉਹਾਰ, ਪੜ੍ਹ ਲਓ ਪੂਰੀ ਖ਼ਬਰ

ਜਲੰਧਰ (ਬਿਊਰੋ) : ਦੁਸਹਿਰੇ ਦੇ ਤਿਉਹਾਰ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਧਨਤੇਰਸ ਨਾਲ ਹੁੰਦੀ ਹੈ। ਇਸ ਤੋਂ ਬਾਅਦ ਰੂਪ-ਚੌਦਸ, ਦੀਵਾਲੀ, ਗੋਵਰਧਨ ਪੂਜਾ ਤੇ ਅਖੀਰ ਵਿਚ ਭਾਈ-ਦੂਜ (ਟਿੱਕਾ) ਮਨਾਇਆ ਜਾਂਦਾ ਹੈ। ਇਸ ਸਾਲ ਛੋਟੀ ਦੀਵਾਲੀ / ਨਰਕ ਚਤੁਰਦਸ਼ੀ 7 ਨਵੰਬਰ ਤੇ ਦੀਵਾਲੀ 8 ਨਵੰਬਰ ਨੂੰ ਮਨਾਈ ਜਾਵੇਗੀ। 6 ਨਵੰਬਰ ਨੂੰ ਧਨਤੇਰਸ, 7 ਨਵੰਬਰ ਨੂੰ ਛੋਟੀ ਦੀਵਾਲੀ, 8 ਨਵੰਬਰ ਨੂੰ ਦੀਵਾਲੀ ਤੇ ਲਕਸ਼ਮੀ-ਗਣੇਸ਼ ਪੂਜਨ, 9 ਨਵੰਬਰ ਨੂੰ ਵਿਸ਼ਵਕਰਮਾ ਡੇਅ, 10 ਨਵੰਬਰ ਨੂੰ ਗੋਵਰਧਨ ਪੂਜਾ, 11 ਨਵੰਬਰ ਨੂੰ ਭਾਈ-ਦੂਜ ਤੇ ਛਠ ਪੂਜਾ 13 ਤੋਂ 16 ਨਵੰਬਰ ਨੂੰ ਮਨਾਈ ਜਾ ਰਹੀ ਹੈ। 

ਧਨਤੇਰਸ
ਧਨਤੇਰਸ ਹਰ ਸਾਲ ਕਾਰਤਿਕ ਮਹੀਨੇ ਵਿੱਚ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਧਨਤੇਰਸ ਦਾ ਤਿਉਹਾਰ 6 ਨਵੰਬਰ ਯਾਨੀ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਲਕਸ਼ਮੀ ਮਾਂ ਦੀ ਪੂਜਾ ਕਰਨ ਨਾਲ ਘਰ 'ਚ ਧਨ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਦਿਨ ਲੋਕ ਸ਼ੁਭ ਸਮੇਂ ਵਿੱਚ ਸੋਨਾ, ਚਾਂਦੀ ਜਾਂ ਰਸੋਈ ਦੇ ਕੋਈ ਸਾਮਾਨ ਦੀ ਖਰੀਦਦਾਰੀ ਕਰਦੇ ਹਨ।

ਛੋਟੀ ਦੀਵਾਲੀ ਅਤੇ ਦੀਵਾਲੀ ਦਾ ਤਿਉਹਾਰ
ਇਸ ਵਾਰ ਦੀਵਾਲੀ ਦਾ ਤਿਉਹਾਰ 8 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 7 ਨਵੰਬਰ ਨੂੰ ਛੋਟੀ ਦੀਵਾਲੀ ਮਨਾਈ ਜਾ ਰਹੀ ਹੈ। ਇਸ ਦਿਨ ਸਾਰੇ ਘਰਾਂ ’ਚ ਧਨ ਦੀ ਦੇਵੀ ਮਾਂ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਦੀਵੇ ਜਗਾਏ ਜਾਂਦੇ ਹਨ। ਸੂਤਰਾਂ ਅਨੁਸਾਰ ਇਸ ਵਾਰ ਛੋਟੀ ਦੀਵਾਲੀ ਅਤੇ ਵੱਡੀ ਦੀਵਾਲੀ ਇਕੋ ਦਿਨ ਮਨਾਈ ਜਾ ਰਹੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਹਰੇਕ ਵਿਅਕਤੀ ਦੇ ਘਰ ਆਉਂਦੀ ਹੈ ਅਤੇ ਆਪਣਾ ਆਸ਼ੀਰਵਾਦ ਉਸ ਨੂੰ ਦਿੰਦੀ ਹੈ।

ਵਿਸ਼ਵਕਰਮਾ ਡੇਅ
ਇਸ ਸਾਲ ਵਿਸ਼ਵਕਰਮਾ ਡੇਅ 9 ਨਵੰਬਰ ਨੂੰ ਮਨਾਇਆ ਜਾਵੇਗਾ। ਬਾਬਾ ਵਿਸ਼ਵਕਰਮਾ ਨੂੰ ‘ਕਿਰਤ ਦਾ ਦੇਵਤਾ’ ਕਿਹਾ ਜਾਂਦਾ ਹੈ। ਮਹਾਭਾਰਤ ਅਤੇ ਪੁਰਾਣਾਂ ਵਿਚ ਦੇਵਤਿਆਂ ਦਾ ‘ਮੁੱਖ ਇੰਜ਼ੀਨੀਅਰ’ ਵੀ ਦੱਸਿਆ ਹੈ। ਮੰਨਿਆ ਜਾਂਦਾ ਹੈ ਕਿ ‘ਸੋਨੇ ਦੀ ਲੰਕਾ’ ਦਾ ਨਿਰਮਾਣ ਵੀ ਵਿਸ਼ਵਕਰਮਾ ਨੇ ਕੀਤਾ। ਵਿਸ਼ਵਕਰਮਾ ਦੇਵਤਿਆਂ ਦੇ ਮਕਾਨ ਹੀ ਨਹੀ, ਸਗੋਂ ਉਨ੍ਹਾ ਵਲੋਂ ਵਰਤੇ ਜਾਂਦੇ ਸ਼ਸਤਰ ਤੇ ਅਸਤਰ ਵੀ ਇਹੀ ਬਣਾਉਂਦਾ ਹੈ। ਸਥਾਪਤਯ ਉਪਵੇਦ ਜਿਸ ਵਿਚ ਦਸਤਕਾਰੀ ਦੇ ਹੁਨਰ ਦੱਸੇ ਹਨ, ਉਹ ਵਿਸ਼ਵਕਰਮਾ ਦਾ ਹੀ ਰਚਿਆ ਹੋਇਆ ਹੈ।

ਗੋਵਰਧਨ ਪੂਜਾ
ਹਰ ਸਾਲ ਦੀਵਾਲੀ ਦੇ ਅਗਲੇ ਦਿਨ ਗੋਵਰਧਨ ਪੂਜਾ ਕੀਤੀ ਜਾਂਦੀ ਹੈ ਪਰ ਇਸ ਸਾਲ ਅਜਿਹਾ ਨਹੀਂ ਹੋਵੇਗਾ। ਇਸ ਵਾਰ ਗੋਵਰਧਨ ਪੂਜਾ 10 ਨਵੰਬਰ ਨੂੰ ਕੀਤੀ ਜਾਵੇਗੀ। ਗੋਵਰਧਨ ਪੂਜਾ ਵਾਲੇ ਦਿਨ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਇੰਦਰ ਦੇਵ ਦਾ ਹੰਕਾਰ ਤੋੜਿਆ ਸੀ ਤੇ ਬ੍ਰਜ ਵਾਸੀਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦੇਵਰਾਜ ਇੰਦਰ ਦੇ ਕਹਿਰ ਤੋਂ ਬਚਾਇਆ ਸੀ। 

ਭਾਈ ਦੂਜ
ਭਾਈ ਦੂਜ ਦਾ ਤਿਉਹਾਰ ਇਸ ਵਾਰ 11 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਭਰਾਵਾਂ ਅਤੇ ਭੈਣਾਂ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਕੇਸਰ ਦਾ ਟਿੱਕਾ (ਤਿਲਕ) ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਦੀਆਂ ਕਾਮਨਾ ਕਰਦੀਆਂ ਹਨ। ਮੱਥੇ 'ਤੇ ਭੈਣ ਦੇ ਹੱਥੋਂ ਟਿੱਕਾ (ਤਿਲਕ) ਲਗਾਵਾਉਣਾ ਅਤੇ ਭੈਣ ਦੇ ਹੱਥ ਨਾਲ ਬਣੇ ਖਾਣੇ ਨੂੰ ਖਾਣ ਦੀ ਮਾਨਤਾ ਹੈ। 

ਛਠ ਪੂਜਾ
ਸੂਰਜ ਉਪਾਸਨਾ ਦਾ ਤਿਉਹਾਰ ‘ਛਠ ਪੂਜਾ’ ਦੀਵਾਲੀ ਤੋਂ 6 ਦਿਨ ਬਾਅਦ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਉਹਾਰ 13 ਤੋਂ 16 ਨਵੰਬਰ ਨੂੰ ਮਨਾਇਆ ਜਾਵੇਗਾ। ਇਹ ਤਿਉਹਾਰ ਭਾਰਤ ਦੇ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ’ਚ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਮੁਤਾਬਕ ਕੱਤਕ ਮਹੀਨੇ ਦੇ ਚਾਨਣ ਪੱਖ ਦੀ ਚੌਥ ਤਿਥੀ ਤੋਂ ਸਪਤਮੀ ਤਿਥੀ ਦੇ ਸੂਰਜ ਚੜ੍ਹਨ ਤਕ ਛਠ ਪੂਜਾ ਦਾ ਤਿਉਹਾਰ ਚੱਲਦਾ ਹੈ। ਇਸ ਪੂਜਾ ਨਾਲ ਸੰਤਾਨ ਪ੍ਰਾਪਤੀ, ਸੰਤਾਨ ਦੀ ਰੱਖਿਆ ਅਤੇ ਸੁਖ ਖੁਸ਼ਹਾਲੀ ਦਾ ਵਰਦਾਨ ਹਾਸਲ ਹੁੰਦਾ ਹੈ। ਛਠ ਮਈਆ ਨੂੰ ਸੂਰਜ ਦੇਵਤਾ ਦੀ ਭੈਣ ਮੰਨਿਆ ਜਾਂਦਾ ਹੈ।
 


author

rajwinder kaur

Content Editor

Related News