ਕਰਤਾਰਪੁਰ ਲਾਂਘੇ ਦਾ ਕੰਮ ਪਾਕਿਸਤਾਨ ਵਾਲੇ ਪਾਸੇ ਵੀ ਜ਼ੋਰਾਂ ''ਤੇ

10/18/2019 5:32:07 PM

ਡੇਰਾ ਬਾਬਾ ਨਾਨਕ (ਵਤਨ) : ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਬਣ ਰਹੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਤੇ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ। ਸੰਗਤ ਬੜੀ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਹੀ ਹੈ, ਜਦੋਂ ਉਹ 70 ਸਾਲਾਂ ਤੋਂ ਵਿਛੜੇ ਇਸ ਗੁਰਧਾਮ ਦੇ ਦਰਸ਼ਨ ਕਰ ਸਕੇਗੀ। ਭਾਰਤ ਵਾਲੇ ਪਾਸੇ ਜਿਥੇ ਨੈਸ਼ਨਲ ਹਾਈਵੇ ਅਥਾਰਟੀ ਭਾਰਤ ਸਰਕਾਰ ਵਲੋਂ ਫੋਰ ਲੇਨ ਸੜਕ ਬਣਾ ਦਿੱਤੀ ਗਈ ਹੈ, ਉਥੇ ਲੈਂਡ ਪੋਰਟ ਅਥਾਰਟੀ ਦਿਨ ਰਾਤ ਇਕ ਕਰਕੇ ਕੌਮਾਂਤਰੀ ਸਰਹੱਦ ਤੇ ਇਨਟੈਗਰੇਟਿਡ ਚੈੱਕ ਪੋਸਟ (ਯਾਤਰੀ ਟਰਮੀਨਲ) ਦੇ ਨਿਰਮਾਣ ਨੂੰ ਆਖਰੀ ਪੜਾਅ 'ਚ ਮੁਕੰਮਲ ਕਰਨ 'ਚ ਲੱਗੀ ਹੋਈ ਹੈ। ਜੇਕਰ ਭਾਰਤ ਵਾਲੇ ਪਾਸਿਉਂ ਪਾਕਿਸਤਾਨ ਵਲ ਝਾਤ ਮਾਰੀਏ ਤਾਂ ਪਾਕਿਸਤਾਨ ਵਾਲੇ ਪਾਸੇ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਸਬੰਧਤ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਪਾਕਿਸਤਾਨ ਵਲੋਂ ਬਾਕਾਇਦਾ ਪੰਜਾਬੀ 'ਚ ਸਵਾਗਤੀ ਗੇਟ ਵੀ ਲਗਾ ਦਿੱਤਾ ਗਿਆ ਹੈ।

ਸਰਹੱਦ 'ਤੇ ਜੀਰੋ ਲਾਈਨ ਦੇ ਉਸ ਪਾਰ ਸੜਕ ਦੀ ਉਸਾਰੀ ਅਤੇ ਹੋਰ ਕੰਮ ਮੁਕਾਏ ਜਾ ਰਹੇ ਹਨ ਅਤੇ ਮਸ਼ੀਨਾਂ ਸਾਰਾ ਦਿਨ ਲਾਂਘੇ ਨਾਲ ਸਬੰਧਤ ਕੰਮ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। ਭਾਰਤੀ ਸਰਹੱਦ ਤੋਂ ਪਾਕਿਸਤਾਨ 'ਚ ਬਣੀ ਯਾਤਰੀ ਚੈੱਕ ਪੋਸਟ ਤੇ ਚਿੱਟੇ ਰੰਗ ਦੀ ਸਫੈਦੀ ਹੋ ਚੁੱਕੀ ਹੈ ਅਤੇ ਸੜਕ ਦੇ ਨਿਰਮਾਣ ਤੋਂ ਇਲਾਵਾ ਲਾਈਟਾਂ ਲਈ ਖੰਬੇ ਵੀ ਲਗਾ ਦਿੱਤੇ ਗਏ ਹਨ। ਪਾਕਿਸਤਾਨ ਵਲੋਂ ਸਿਰਫ ਉਸ ਪੁੱਲ ਦੀ ਉਸਾਰੀ ਹੀ ਨਹੀਂ ਕੀਤੀ ਗਈ, ਜਿਸ ਨੂੰ ਭਾਰਤ ਵਲੋਂ ਬਣਾਏ ਜਾ ਰਹੇ ਪੁੱਲ ਨਾਲ ਜੋੜਣਾ ਸੀ, ਇਸ ਸਬੰਧੀ ਪਾਕਿਸਤਾਨ ਸਰਕਾਰ ਨੇ ਤਰਕ ਦਿੱਤਾ ਸੀ ਇਸ ਪੁੱਲ ਦੇ ਨਿਰਮਾਣ ਨੂੰ 6 ਮਹੀਨੇ ਤੋਂ ਵੀ ਵਧ ਸਮਾਂ ਲੱਗ ਜਾਣਾ ਹੈ ਅਤੇ ਇਹ ਪੁੱਲ ਲਾਂਘਾ ਖੁੱਲਣ ਤੋਂ ਬਾਅਦ ਬਨਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ ਉਦੋਂ ਤੱਕ ਭਾਰਤ ਵਲੋਂ ਬਣਾਈ ਗਈ ਬਦਲਵੇਂ ਮਾਰਗ ਰਾਹੀਂ ਹੀ ਸੜਕ ਨੂੰ ਪਾਕਿਸਤਾਨ ਦੀ ਸੜਕ ਨਾਲ ਜੋੜਿਆ ਜਾਵੇਗਾ।


Baljeet Kaur

Content Editor

Related News