ਡੇਰਾ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਨਵ-ਨਿਰਮਾਣ ਸਬੰਧੀ ਵਿਵਾਦ ਹੋਰ ਭਖਿਆ

03/17/2018 1:20:41 PM

ਡੇਰਾ ਬਾਬਾ ਨਾਨਕ (ਵਤਨ)-ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਵਸਿਆ ਕਸਬਾ ਡੇਰਾ ਬਾਬਾ ਨਾਨਕ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਨਵ-ਨਿਰਮਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕਰਨ ਨਾਲ ਸਿੱਖ ਸੰਗਤ 'ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਅਤੇ ਕਈ ਜਥੇਬੰਦੀਆਂ ਦੇ ਆਗੂਆਂ ਨੇ ਇਸ ਨਿਰਮਾਣ ਕਾਰਜ  ਖਿਲਾਫ ਬੀੜਾ ਚੁੱਕ ਲਿਆ ਹੈ।

ਕਾਰ ਸੇਵਾ ਦੇ ਨਾਂ 'ਤੇ ਪੁਰਾਣੀਆਂ ਇਮਾਰਤਾਂ ਨੂੰ ਕੀਤਾ ਜਾ ਰਿਹੈ ਖਤਮ : ਗੋਰਾਇਆ
ਇਸ ਸਬੰਧੀ ਬੀ. ਐੱਸ. ਗੋਰਾਇਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਾਫੀ ਗੌਰਵਮਈ ਹੈ। ਉਨ੍ਹਾਂ ਦੱਸਿਆ ਕਿ 1973 'ਚ ਕਾਰ ਸੇਵਾ ਦੌਰਾਨ ਇਸ ਇਮਾਰਤ ਦਾ ਵਾਧਾ ਕੀਤਾ ਗਿਆ ਪਰ ਨਵੀਂ ਇਮਾਰਤ ਦੇ ਲੈਂਟਰ ਆਪਸ 'ਚ ਠੀਕ ਤਰ੍ਹਾਂ ਨਾਲ ਨਾ ਜੁੜਣ ਕਾਰਨ ਇਸ ਸਥਾਨ ਤੋਂ ਲੀਕੇਜ ਹੁੰਦੀ ਆ ਰਹੀ ਹੈ ਪਰ ਹੁਣ ਇਸ ਲੀਕੇਜ ਦੇ ਢੁੱਕਵੇਂ ਹੱਲ ਦੀ ਬਜਾਏ ਕਾਰ ਸੇਵਾ ਰਾਹੀਂ ਇਸ ਇਮਾਰਤ ਨੂੰ ਢਾਹ ਕੇ ਨਵਾਂ ਬਣਾਉਣ ਦਾ ਕੰਮ ਸ਼ੁਰੂ ਹੋਣ ਵਾਲਾ ਹੈ, ਜੋ ਕਿ ਇਸ ਗੌਰਵਮਈ ਇਤਿਹਾਸ ਨੂੰ ਖਤਮ ਕਰਨ ਦੇ ਤੁੱਲ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਰ ਸੇਵਾ ਦੇ ਨਾਂ 'ਤੇ ਸਿੱਖ ਇਤਿਹਾਸ ਨਾਲ ਸਬੰਧਤ ਪੁਰਾਤਨ ਇਮਾਰਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਨਵੀਆਂ ਪੀੜ੍ਹੀਆਂ ਪੁਰਾਤਨਤਾ ਤੋਂ ਅਣਜਾਣ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਹਿਰਾਂ ਨੂੰ ਸੱਦ ਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਲੀਕੇਜ ਬੰਦ ਕਰਵਾਈ ਜਾ ਸਕਦੀ ਹੈ, ਨਾ ਕਿ ਇਸ ਲੀਕੇਜ ਨੂੰ ਰੋਕਣ ਦੇ ਨਾਂ 'ਤੇ ਨਵੀਂ ਉਸਾਰੀ ਕਰਵਾਈ ਜਾਣੀ ਚਾਹੀਦੀ ਹੈ।

ਕੀ ਕਹਿਣੈ ਗੁਰਦੁਆਰੇ ਦੇ ਮੈਨੇਜਰ ਦਾ 
ਇਸ ਸਬੰਧੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਮਹੱਦੀਪੁਰ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਨਵ-ਨਿਰਮਾਣ ਅਤੇ ਇਸ ਪੁਰਾਤਨ ਇਮਾਰਤ ਨਾਲ ਛੇੜ-ਛਾੜ ਦੀ ਚਰਚਾ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਇਸ ਗੁਰਦੁਆਰਾ ਸਾਹਿਬ ਦੀ ਪਹਿਲੀ ਇਮਾਰਤ ਆਲੀਸ਼ਾਨ ਬਣੀ ਹੋਈ ਹੈ ਪਰ ਸੰਗਤਾਂ ਦੇ ਕਹਿਣ ਅਨੁਸਾਰ ਪਿਛਲੇ 10-11 ਸਾਲਾਂ ਤੋਂ ਬਾਰਿਸ਼ ਕਾਰਨ ਇਸ ਦੀ ਛੱਤ ਇੰਨੀ ਜ਼ਿਆਦਾ ਲੀਕ ਹੁੰਦੀ ਹੈ ਕਿ ਛੱਤ ਤੋਂ ਡਿੱਗਦੇ ਪਾਣੀ ਤੋਂ ਬਚਣ ਲਈ ਇਸ ਦੇ ਥੱਲੇ ਬਰਤਨ ਰੱਖਣੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਇਲਾਕੇ ਦੀਆਂ ਸੰਗਤਾਂ ਵੱਲੋਂ ਬੇਨਤੀ ਕਰਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨਵੀਂ ਬਣਾਉਣ ਸਬੰਧੀ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਪੁਰਾਤਨਤਾ ਨੂੰ ਸਾਂਭਣ ਦੀ ਗੁਹਾਰ ਲਾ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ, ਜੋ ਕਿ ਮੰਦਭਾਗਾ ਹੈ।
ਮੈਨੇਜਰ ਮਹੱਦੀਪੁਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ 'ਚ ਐਕਸੀਅਨ ਤੇ ਐੱਸ. ਡੀ. ਓ. ਸਮੇਤ 5 ਅਧਿਕਾਰੀ ਸ਼ਾਮਲ ਹਨ, ਦੇ ਦਸਤਖਤਾਂ ਹੇਠ ਨਵੀਂ ਬਿਲਡਿੰਗ ਦਾ ਨਕਸ਼ਾ ਤਿਆਰ ਕੀਤਾ ਗਿਆ ਹੈ, ਜੋ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹੈ। ਉਨ੍ਹਾਂ ਦੱਸਿਆ ਕੇ ਨਕਸ਼ੇ ਅਨੁਸਾਰ ਇਤਿਹਾਸਕ ਥੜ੍ਹਾ ਸਾਹਿਬ ਅਤੇ ਗੁੰਬਦ ਨਾਲ ਛੇੜਛਾੜ ਕੀਤੇ ਬਗੈਰ ਬਿਲਡਿੰਗ ਨੂੰ ਨਵਿਆਇਆ ਜਾਣਾ ਹੈ ਤੇ ਇਤਿਹਾਸਕ ਖੂਹ ਦੀ ਦਿੱਖ ਬਹਾਲ ਕਰਨ ਵਾਸਤੇ ਖੂਹ ਨੂੰ ਇਮਾਰਤ ਤੋਂ ਅਲੱਗ ਕਰਕੇ ਲੋਹੇ ਦੀਆਂ ਟਿੰਡਾਂ ਲਾ ਕੇ ਪੁਰਾਤਨ ਦਿੱਖ ਦਿੱਤੀ ਜਾਣੀ ਹੈ।
ਇਸ ਤਰ੍ਹਾਂ ਕਰਨ ਨਾਲ ਪੁਰਾਤਨ ਦਿੱਖ ਵਿਚ ਹੋਰ ਵਾਧਾ ਹੁੰਦਾ ਹੈ, ਨਾ ਕਿ ਪੁਰਾਤਨਤਾ ਖਤਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਸੱਜਣ ਬਿਆਨਬਾਜ਼ੀ ਕਰ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ, ਉਹ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਖੁਦ ਆ ਕੇ ਜ਼ਮੀਨੀ ਹਕੀਕਤ ਨੂੰ ਦੇਖਣ ਦੀ ਖੇਚਲ ਕਰਨ, ਤਾਂ ਕਿ ਸ਼ਰਧਾਵਾਨ ਸੰਗਤਾਂ ਵਿਚ ਸਹੀ ਸੁਨੇਹਾ ਪਹੁੰਚ ਸਕੇ। ਜਦੋਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰ ਉਲਟ ਕੇ ਰਿੰਗ ਰੋਡ ਵਾਲੇ ਪਾਸੇ ਨੂੰ ਹੋ ਜਾਵੇਗਾ, ਜਦਕਿ ਕਸਬੇ ਦੇ ਮੁੱਖ ਬਾਜ਼ਾਰ ਵਾਲੇ ਪਾਸੇ ਵਾਲੇ ਗੇਟ ਨਾਲ ਛੇੜਛਾੜ ਨਹੀਂ ਕੀਤੀ ਜਾਵੇਗੀ।

ਕੀ ਕਹਿਣੈ ਕਸਬੇ ਦੇ ਦੁਕਾਨਦਾਰਾਂ ਦਾ 
ਇਸ ਸਬੰਧੀ ਕਸਬੇ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਹੋਣ ਕਾਰਨ ਉਨ੍ਹਾਂ ਦਾ ਵਪਾਰ ਪਹਿਲਾਂ ਹੀ ਘੱਟ ਹੈ ਅਤੇ ਇਸ ਕਸਬੇ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀ ਸੰਗਤ ਕਾਰਨ ਉਨ੍ਹਾਂ ਦਾ ਕੁਝ ਵਪਾਰ ਚੱਲਦਾ ਹੈ ਪਰ ਜੇਕਰ ਇਸ ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰ ਹੀ ਬਦਲ ਕੇ ਰਿੰਗ ਰੋਡ ਵਾਲੇ ਪਾਸੇ ਕਰ ਦਿੱਤਾ ਗਿਆ ਤਾਂ ਸੰਗਤ ਤਾਂ ਬਾਹਰੋਂ-ਬਾਹਰ ਗੁਰਦੁਆਰਾ ਸਾਹਿਬ ਪਹੁੰਚਿਆ ਕਰੇਗੀ, ਜਿਸ ਨਾਲ ਉਨ੍ਹਾਂ ਦੇ ਵਪਾਰ 'ਤੇ ਮਾੜਾ ਅਸਰ ਪਵੇਗਾ ਅਤੇ ਇਤਿਹਾਸ ਵਿਚ ਇਹ ਪਹਿਲੀ ਘਟਨਾ ਹੋਵੇਗੀ, ਜਿਸ ਰਾਹੀਂ ਕਿਸੇ ਇਤਿਹਾਸਕ ਸਥਾਨ ਦਾ ਮੁੱਖ ਗੇਟ ਹੀ ਉਲਟਾ ਕੇ ਪਿਛਲੇ ਪਾਸਿਓਂ ਕਰ ਦਿੱਤਾ ਜਾਵੇ।
ਇਸ ਗੁਰਦੁਆਰਾ ਸਾਹਿਬ ਸਬੰਧੀ ਭਰਮ ਭੁਲੇਖਿਆਂ ਕਾਰਨ ਸੰਗਤਾਂ ਨੂੰ ਸਮਝ ਨਹੀਂ ਆ ਰਹੀ ਕਿ ਅਸਲ ਵਿਚ ਇਸ ਗੁਰਦੁਆਰਾ ਸਾਹਿਬ ਦੇ ਨਿਰਮਾਣ ਕਾਰਜਾਂ ਅਧੀਨ ਕੀ-ਕੀ ਕੀਤਾ ਜਾਵੇਗਾ। ਇਸੇ ਕਾਰਨ ਕਈ ਜਥੇਬੰਦੀਆਂ ਦੇ ਆਗੂ ਇਸ ਗੁਰਦੁਆਰਾ ਸਾਹਿਬ ਦੇ ਨਵ-ਨਿਰਮਾਣ ਸਬੰਧੀ ਇਤਰਾਜ਼ ਉਠਾ ਰਹੇ ਹਨ।


Related News