ਡੇਂਗੂ ਦੀ ਦਸਤਕ ਨੇ ਵਧਾਈ ਕੇਂਦਰ ਸਰਕਾਰ ਦੀ ਚਿੰਤਾ

07/13/2019 3:20:02 PM

ਲੁਧਿਆਣਾ (ਵਿੱਕੀ) : ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਬੇਸ਼ੱਕ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਰ ਬਾਰਸ਼ ਦੇ ਨਾਲ ਹੀ ਡੇਂਗੂ ਦੇ ਕਹਿਰ ਨੇ ਕੇਂਦਰ ਅਤੇ ਸੂਬਾ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਹੀ ਕਾਰਣ ਹੈ ਕਿ ਡੇਂਗੂ ਦੇ ਦਸਤਕ ਦਿੰਦੇ ਹੀ ਕੇਂਦਰ ਸਰਕਾਰ ਨੇ ਸਭ ਤੋਂ ਪਹਿਲਾਂ ਸਿੱਖਿਆ ਸੰਸਥਾਵਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਅਲਰਟ ਕਰਨ ਦੇ ਨਿਰਦੇਸ਼ ਵੱਖ-ਵੱਖ ਬੋਰਡਾਂ ਅਤੇ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਹਨ। ਸਰਕਾਰੀ ਨਿਰਦੇਸ਼ ਤੋਂ ਬਾਅਦ ਕੇਂਦਰੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਵੀ ਸਕੂਲਾਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਬੋਰਡ ਨੇ ਨਾ ਸਿਰਫ ਵਿਦਿਆਰਥੀਆਂ ਅਤੇ ਅਧਿਆਪਕਾਂ, ਸਗੋਂ ਮਾਤਾ-ਪਿਤਾ ਨੂੰ ਵੀ ਜਾਗਰੂਕ ਕਰਨ ਲਈ ਸਕੂਲਾਂ ਨੂੰ ਕਿਹਾ ਹੈ। ਇਕ ਨਵੀਂ ਪਹਿਲ ਕਰਦਿਆਂ ਸਕੂਲ ਵਲੋਂ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਇਕ ਮੈਸੇਜ ਭੇਜਿਆ ਜਾਵੇਗਾ, ਜਿਸ 'ਚ ਡੇਂਗੂ ਤੋਂ ਬਚਾਅ ਦੇ ਤਰੀਕੇ ਦੱਸੇ ਜਾਣਗੇ।

ਸਕੂਲਾਂ 'ਚ ਲੱਗਣਗੇ ਜਾਗਰੂਕਤਾ ਸੈਮੀਨਾਰ
ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਡੇਂਗੂ ਦੇ ਕੇਸ ਸਾਹਮਣੇ ਆਉਂਦੇ ਹੀ ਸਿਹਤ ਵਿਭਾਗ ਨੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸਕੂਲਾਂ ਵਿਚ ਜਾਗਰੂਕਤਾ ਸੈਮੀਨਾਰ ਲਾਉਣ ਦੀ ਯੋਜਨਾ 'ਤੇ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਾਲ ਹੀ ਸੀ. ਬੀ. ਐੱਸ. ਈ. ਵਲੋਂ ਜਾਰੀ ਨਿਰਦੇਸ਼ਾਂ ਵਿਚ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਡੇਂਗੂ ਤੋਂ ਬਚਾਅ ਲਈ ਬੱਚਿਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਅਧਿਆਪਕਾਂ ਵਲੋਂ ਜਾਗਰੂਕ ਕੀਤਾ ਜਾਵੇ।

ਇਹ ਹੈ ਸੀ. ਬੀ. ਐੱਸ. ਈ. ਦੀ ਐਡਵਾਈਜ਼ਰੀ :
* ਵਿਦਿਆਰਥੀ ਆਲੇ-ਦੁਆਲੇ ਕਿਤੇ ਵੀ ਪਾਣੀ ਨਾ ਇਕੱਠ ਹੋਣ ਦੇਣ।
* ਵਿਦਿਆਰਥੀ ਅਤੇ ਅਧਿਆਪਕਾਂ ਨੂੰ ਰੋਜ਼ਾਨਾ ਅਸੈਂਬਲੀ 'ਚ ਡੇਂਗੂ ਪ੍ਰਤੀ ਸੁਚੇਤ ਕੀਤਾ ਜਾਵੇ।
* ਪੀ. ਟੀ. ਐੱਮ. 'ਚ ਮਾਪਿਆਂ ਨੂੰ ਡੇਂਗੂ ਤੋਂ ਬਚਾਅ ਦੇ ਤਰੀਕੇ ਦੱਸੇ ਜਾਣ।
* ਮਾਪਿਆਂ ਨੂੰ ਡੇਂਗੂ ਤੋਂ ਬਚਾਅ ਲਈ ਸਕੂਲ ਤੋਂ ਐੱਸ. ਐੱਮ. ਐੱਸ. ਭੇਜੇ ਜਾਣ।
* ਪ੍ਰਿੰਸੀਪਲ, ਅÎਧਿਆਪਕ ਅਤੇ ਵਿਦਿਆਰਥੀ ਜ਼ਿਲਾ ਅਤੇ ਬਲਾਕ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਉਣ।
* ਵਿਦਿਆਰਥੀਆਂ ਨੂੰ ਜੁਲਾਈ ਤੋਂ ਨਵੰਬਰ ਤੱਕ ਪੂਰੀ ਆਸਤੀਨ ਵਾਲੇ ਕੱਪੜੇ ਪਹਿਨ ਕੇ ਆਉਣ ਲਈ ਕਿਹਾ ਜਾਵੇ।
* ਵਿਦਿਆਰਥੀ ਬਚਾਅ ਲਈ ਕ੍ਰੀਮ ਆਦਿ ਦੀ ਵਰਤੋਂ ਕਰਨ।
* ਸੀ. ਬੀ. ਐੱਸ. ਈ. ਨੇ ਸਾਰੇ ਸਕੂਲਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਫਵਾਹ ਨਾਲ ਫੈਲਾਉਣ, ਜੇਕਰ ਕੋਈ ਵਿਦਿਆਰਥੀ ਜਾਂ ਅਧਿਆਪਕ ਡੇਂਗੂ ਦੀ ਪਕੜ ਵਿਚ ਆ ਜਾਂਦਾ ਹੈ ਤਾਂ ਉਸ ਨੂੰ ਸਮਝਾਉਣ। ਇਹ ਇਕ ਵਿਦਿਆਰਥੀ ਤੋਂ ਦੂਜੇ ਵਿਦਿਆਰਥੀ ਵਿਚ ਫੈਲਣ ਵਾਲੀ ਬੀਮਾਰੀ ਨਹੀਂ ਹੈ। ਮਾਮਲਾ ਸਾਹਮਣੇ ਆਉਣ 'ਤੇ ਜ਼ਿਆਦਾ ਚੌਕਸੀ ਵਰਤਣ। ਸਿਹਤ ਵਿਭਾਗ ਅਤੇ ਨਿਗਮ ਦੀ ਮਦਦ ਲੈ ਕੇ ਫੌਗਿੰਗ ਆਦਿ ਜ਼ਰੂਰ ਕਰਵਾਉਣ।

ਹਾਲ ਦੀ ਘੜੀ ਲੁਧਿਆਣਾ 'ਚ ਇਕ ਸ਼ੱਕੀ ਕੇਸ ਸਾਹਮਣੇ ਆਇਆ ਹੈ ਪਰ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਕੂਲਾਂ 'ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਅਤੇ ਸਾਵਧਾਨੀਆਂ ਸਬੰਧੀ ਦੱਸਣ ਲਈ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਹਨ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਸਕੇ।
-ਡਾ. ਰਮੇਸ਼, ਜ਼ਿਲਾ ਐਪੀਡੀਮੋਲੋਜਿਸਟ


Anuradha

Content Editor

Related News