ਜਾਂਚ ਲਈ ਹਿਰਾਸਤ ਵਿੱਚ ਥਾਣੇ ਲਿਆਂਦੇ ਨੌਜਵਾਨ ਦੀ ਮੌਤ

Saturday, Jan 27, 2018 - 09:34 PM (IST)

ਜਾਂਚ ਲਈ ਹਿਰਾਸਤ ਵਿੱਚ ਥਾਣੇ ਲਿਆਂਦੇ ਨੌਜਵਾਨ ਦੀ ਮੌਤ

ਅੰਮ੍ਰਿਤਸਰ (ਸੰਜੀਵ)-ਅੱਜ ਸਵੇਰੇ ਪੰਜ ਵਜੇ ਦੇ ਕਰੀਬ ਪੁਲਸ ਹਿਰਾਸਤ 'ਚ ਲਿਆਂਦੇ ਗੁਰੂ ਨਾਨਕ ਨਗਰ ਵੇਰਕਾ ਦੇ 32 ਸਾਲ ਦੇ ਨੌਜਵਾਨ ਸੇਵਾ ਸਿੰਘ ਦੀ ਥਾਣਾ ਵੇਰਕਾ ਵਿੱਚ ਮੌਤ ਹੋ ਗਈ। ਸੇਵਾ ਸਿੰਘ ਦੇ ਨੱਕ ਅਤੇ ਕੰਨ ਤੋਂ ਖੂਨ ਵਗ ਰਿਹਾ ਸੀ, ਜਿਸਨੂੰ ਪੁਲਸ ਇਲਾਜ ਲਈ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਪੁਲਸ ਨੇ ਪੁਛਗਿੱਛ ਦੌਰਾਨ ਸੇਵਾ ਸਿੰਘ 'ਤੇ ਥਰਡ ਡਿਗਰੀ ਦਾ ਪ੍ਰਯੋਗ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਜਦੋਂ ਸੇਵਾ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਏ ਡੀ ਸੀ ਪੀ ਜਗਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਸੇਵਾ ਸਿੰਘ ਨਸ਼ਾ ਕਰਨ ਦਾ ਆਦੀ ਸੀ, ਜਿਸ ਨੂੰ ਪੁਲਸ ਨੇ ਝਗੜੇ ਦੇ ਮਾਮਲੇ 'ਚ ਥਾਣੇ ਲਿਆਂਦਾ ਸੀ। ਥਾਣੇ 'ਚ ਉਸ ਦੀ ਹਾਲਤ ਵਿਗੜਣ ਕਾਰਨ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾ ਘਰ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਮੌਤ ਦੇ ਕਾਰਨ ਸਾਹਮਣੇ ਆਉਣਗੇ, ਜਿਸ ਵਿੱਚ ਜੇਕਰ ਸੇਵਾ ਸਿੰਘ ਦੀ ਮੌਤ ਪਿੱਛੇ ਕਿਸੇ ਵੀ ਪੁਲਸ ਮੁਲਾਜ਼ਮ ਦੀ ਭੂਮਿਕਾ ਸਾਹਮਣੇ ਆਈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੀ ਸੀ ਮਾਮਲਾ
ਵੇਰਕਾ ਸਥਿਤ ਗੁਰੂ ਨਾਨਕ ਨਗਰ 'ਚ ਹੋਏ ਝਗੜੇ ਦੇ ਉਪਰੰਤ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਪੁਲਸ ਨੇ ਨੀਲਮ ਅਤੇ ਲਵ ਨੂੰ ਗ੍ਰਿਫਤਾਰ ਕੀਤਾ ਸੀ। ਜਾਂਚ ਦੌਰਾਨ ਦੋਵਾਂ ਮੁਲਜ਼ਮਾਂ ਨੇ ਸੇਵਾ ਸਿੰਘ ਦਾ ਨਾਮ ਲਿਆ ਤਾਂ ਥਾਣਾ ਵੇਰਕਾ ਦੇ ਇੰਚਾਰਜ ਪੀ.ਪੀ. ਐਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਪੁਲਸ ਫੋਰਸ ਨਾਲ ਸੇਵਾ ਸਿੰਘ ਦੇ ਘਰ 'ਤੇ ਛਾਪੇਮਾਰੀ ਕੀਤੀ ਅਤੇ ਉਸ ਨੂੰ ਪੁਛਗਿੱਛ ਲਈ ਹਿਰਾਸਤ ਵਿੱਚ ਲਿਆ ਅਤੇ ਥਾਣੇ ਲੈ ਆਏ। ਜਦੋਂ ਸੇਵਾ ਸਿੰਘ ਦੇ ਪਰਿਵਾਰ ਵਾਲੇ ਉਸ ਦੇ ਪਿੱਛੇ ਥਾਣੇ ਪੁੱਜੇ ਤਾਂ ਪੁਲਸ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਸੇਵਾ ਸਿੰਘ ਨੂੰ ਜਾਂਚ ਲਈ ਲੈ ਜਾਇਆ ਗਿਆ ਹੈ ਕੁਝ ਸਮੇਂ ਬਾਅਦ ਹੀ ਪੁਲਸ ਨੇ ਸੇਵਾ ਸਿੰਘ ਦੀ ਮੌਤ ਬਾਰੇ ਦੱਸਿਆ। ਮ੍ਰਿਤਕ ਦੇ ਪਿਤਾ ਹਰਭਜਨ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦਾ ਕਹਿਣਾ ਹੈ ਕਿ ਜਦੋਂ ਪੁਲਸ ਉਨ੍ਹਾਂ ਦੇ ਲੜਕੇ ਨੂੰ ਲੈ ਕੇ ਆਈ ਸੀ ਤਾਂ ਉਸ ਦੀ ਹਾਲਤ ਬਿਲਕੁੱਲ ਠੀਕ ਸੀ ਪੁਲਸ ਦੀ ਮਾਰ ਕਾਰਨ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਹੈ। ਘਟਨਾ ਦਾ ਖੁਲਾਸਾ ਹੁੰਦੇ ਹੋਏ ਮ੍ਰਿਤਕ ਦਾ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਥਾਣੇ ਵਿੱਚ ਇੱਕਠੇ ਹੋ ਗਏ ਅਤੇ ਪੁਲਸ ਵਿਰੁੱਧ ਪ੍ਰਦਰਸ਼ਨ ਕਰਨ ਲੱਗੇ। ਮੌਕੇ 'ਤੇ ਪੁੱਜੇ ਏ ਡੀ ਸੀ ਪੀ ਜਗਜੀਤ ਸਿੰਘ ਵਾਲੀਆ ਨੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਮੈਡੀਕਲ ਬੋਰਡ ਬਣਾ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਜੁਡੀਅਸ਼ਲ ਜਾਂਚ ਦੌਰਾਨ ਕਾਰਵਾਈ ਕੀਤੀ ਜਾਵੇਗੀ।


Related News