ਮਾਲਵਾ ਦੇ ਕਿਸਾਨਾਂ ਲਈ ਖਜੂਰ ਦੀ ਖੇਤੀ ਬਣੀ ਉਮੀਦ ਦੀ ਕਿਰਨ, ਸਰਕਾਰੀ ਮਦਦ ਦੀ ਕੀਤੀ ਮੰਗ

Monday, Aug 24, 2026 - 01:33 PM (IST)

ਮਾਲਵਾ ਦੇ ਕਿਸਾਨਾਂ ਲਈ ਖਜੂਰ ਦੀ ਖੇਤੀ ਬਣੀ ਉਮੀਦ ਦੀ ਕਿਰਨ, ਸਰਕਾਰੀ ਮਦਦ ਦੀ ਕੀਤੀ ਮੰਗ

ਬਠਿੰਡਾ : ਪੰਜਾਬ ਦੇ ਬਾਗ਼ਬਾਨੀ ਹੱਬ ਅਬੋਹਰ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਖਜੂਰ ਦੀ ਪਹਿਲੀ ਸਫ਼ਲ ਫ਼ਸਲ ਦੀ ਕਟਾਈ ਕੀਤੀ ਗਈ ਹੈ, ਜਿਸ ਨਾਲ ਪੰਜਾਬ ਦੇ ਅਰਧ-ਖੁਸ਼ਕ ਖੇਤਰਾਂ 'ਚ ਇਸ ਮਾਰੂਥਲ ਦੇ ਫਲ ਦੀ ਖੇਤੀ ਦੀਆਂ ਨਵੀਆਂ ਉਮੀਦਾਂ ਜਗੀਆਂ ਹਨ। ਕਿੰਨੂ ਅਤੇ ਨਰਮੇ (ਕਪਾਹ) ਦੀਆਂ ਫ਼ਸਲਾਂ ਦੇ ਲਗਾਤਾਰ ਹੋ ਰਹੇ ਨੁਕਸਾਨ ਤੋਂ ਬਾਅਦ ਕਿਸਾਨਾਂ ਲਈ ਇਹ ਖੇਤੀ ਬੇਹੱਦ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਫ਼ਸਲੀ ਵਿਭਿੰਨਤਾ ਯੋਜਨਾ ਨੂੰ ਹੁਲਾਰਾ ਦੇਣ ਲਈ ਰਾਜ ਦੇ ਬਾਗ਼ਬਾਨੀ ਮਾਹਿਰ ਅਤੇ ਕਿਸਾਨ ਸਿੱਧੀ ਸਰਕਾਰੀ ਮਦਦ, ਸਬਸਿਡੀਆਂ ਅਤੇ ਲੋੜੀਂਦੀ ਸਿਖਲਾਈ ਦੀ ਮੰਗ ਕਰ ਰਹੇ ਹਨ। ਕਿਸਾਨਾਂ ਅਨੁਸਾਰ, ਟਿਸ਼ੂ ਕਲਚਰ ਰਾਹੀਂ ਤਿਆਰ ਕੀਤੇ ਗਏ ਖਜੂਰ ਦੇ ਪੌਦਿਆਂ ਦੀ ਉੱਚੀ ਕੀਮਤ ਇਸ ਖੇਤੀ ਨੂੰ ਅਪਣਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਇੱਕ ਟਿਸ਼ੂ ਕਲਚਰ ਪੌਦੇ ਦੀ ਕੀਮਤ ਲਗਭਗ 25,000 ਰੁਪਏ ਹੈ ਅਤੇ ਇੱਕ ਏਕੜ ਵਿੱਚ ਲਗਭਗ 70 ਪੌਦੇ ਲਗਾਏ ਜਾਂਦੇ ਹਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਦੱਖਣ-ਪੱਛਮੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਰੇਤਲੀ ਮਿੱਟੀ ਅਤੇ ਜਲਵਾਯੂ ਖਜੂਰ ਦੀਆਂ ਵੱਖ-ਵੱਖ ਕਿਸਮਾਂ ਲਈ ਬਹੁਤ ਢੁੱਕਵੀਂ ਹੈ। ਸੁਖਚੈਨ ਪਿੰਡ ਦੇ ਕਿਸਾਨ ਵਿਮਲ ਕੁਮਾਰ ਬਿਸ਼ਨੋਈ, ਜਿਨ੍ਹਾਂ ਨੇ ਸਾਲ 2022 ਵਿੱਚ ਆਪਣੇ ਬਾਗ਼ ਲਈ 'ਬਰਹੀ' (ਪੀਲੇ ਰੰਗ ਦੀ ਖਜੂਰ) ਕਿਸਮ ਦੇ 155 ਟਿਸ਼ੂ-ਕਲਚਰ ਪੌਦੇ ਖਰੀਦੇ ਸਨ, ਨੇ ਇਸ ਸਾਲ ਜੁਲਾਈ ਵਿੱਚ ਲਗਭਗ 50 ਕੁਇੰਟਲ ਖਜੂਰ ਦੀ ਕਟਾਈ ਕੀਤੀ ਹੈ। ਬਿਸ਼ਨੋਈ ਨੇ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਅਬੋਹਰ ਪੱਟੀ ਕਿੰਨੂ ਦੀ ਖੇਤੀ ਦਾ ਗੜ੍ਹ ਰਹੀ ਹੈ ਪਰ ਧਰਤੀ ਹੇਠਲੇ ਪਾਣੀ ਦੇ ਖਾਰੇਪਣ ਅਤੇ ਪ੍ਰਤੀਕੂਲ ਜਲਵਾਯੂ ਕਾਰਨ ਕਿੰਨੂ ਦੇ ਬਾਗ਼ਾਂ ਦਾ ਵੱਡਾ ਹਿੱਸਾ ਬਰਬਾਦ ਹੋ ਗਿਆ ਹੈ।

ਖਜੂਰ ਦੀ ਖੇਤੀ ਵਿੱਚ ਮਿਹਨਤ ਘੱਟ ਲੱਗਦੀ ਹੈ, ਕੀੜਿਆਂ ਦਾ ਹਮਲਾ ਬਹੁਤ ਘੱਟ ਹੁੰਦਾ ਹੈ ਅਤੇ ਇਨ੍ਹਾਂ ਰੁੱਖਾਂ ਦੀ ਉਮਰ ਕਾਫ਼ੀ ਲੰਬੀ ਹੁੰਦੀ ਹੈ। ਉਨ੍ਹਾਂ ਦੀ ਫ਼ਸਲ ਵਪਾਰੀਆਂ ਨੇ 100 ਰੁਪਏ ਪ੍ਰਤੀ ਕਿੱਲੋ ਅਤੇ ਸਥਾਨਕ ਮੰਡੀ ਵਿੱਚ 60 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦੀ ਹੈ, ਜੋ ਕਿ ਬਹੁਤ ਮੁਨਾਫ਼ੇ ਵਾਲੀ ਰਹੀ ਹੈ। ਪੀ.ਏ.ਯੂ. ਦੇ ਖੇਤਰੀ ਫਲ ਖੋਜ ਕੇਂਦਰ, ਅਬੋਹਰ ਦੇ ਬਾਗ਼ਬਾਨੀ ਵਿਗਿਆਨੀ ਅਨਿਲ ਕਾਮਰਾ ਅਨੁਸਾਰ ਫ਼ਾਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ ਅਤੇ ਹੋਰ ਇਲਾਕਿਆਂ ਦੀ ਭੂਗੋਲਿਕ ਸਥਿਤੀ ਅਤੇ ਜਲਵਾਯੂ ਖਜੂਰ ਦੀ ਖੇਤੀ ਲਈ ਬਹੁਤ ਅਨੁਕੂਲ ਹਨ। ਇਹ ਫਲ ਸਿੱਧਾ ਕੱਚਾ ਵੀ ਖਾਧਾ ਜਾ ਸਕਦਾ ਹੈ ਅਤੇ ਘੱਟ ਗੁਣਵੱਤਾ ਵਾਲੀਆਂ ਖਜੂਰਾਂ ਦੀ ਵਰਤੋਂ ਛੁਹਾਰੇ ਬਣਾਉਣ, ਜੈਮ, ਮਾਊਥ ਫ੍ਰੈਸ਼ਨਰ ਅਤੇ ਸ਼ਰਾਬ ਬਣਾਉਣ ਲਈ ਪ੍ਰੋਸੈਸਿੰਗ ਵਿੱਚ ਕੀਤੀ ਜਾ ਸਕਦੀ ਹੈ।


author

Babita

Content Editor

Related News