ਲੋਕਾਂ ਦੀ ਸਿਹਤ ਨਾਲ ਖਿਲਵਾੜ

03/09/2018 5:57:48 AM

ਅਜਨਾਲਾ,   (ਫਰਿਆਦ)-  ਤਹਿਸੀਲ ਅਜਨਾਲਾ ਦੇ ਇਸ ਸ਼ਹਿਰ ਤੇ ਨਾਲ ਲੱਗਦੇ ਕਸਬਿਆਂ 'ਚ ਗਰਮੀਆਂ ਦਾ ਮੌਸਮ ਚਾਲੂ ਹੁੰਦਿਆਂ ਹੀ ਗਲ਼ੇ-ਸੜੇ ਫਲਾਂ ਦਾ ਜੂਸ ਅਤੇ ਘਟੀਆ ਤੇ ਗੈਰ-ਮਿਆਰੀ ਠੰਡੇ-ਮਿੱਠੇ ਦੀਆਂ ਬੋਤਲਾਂ ਰੇਹੜੀਆਂ, ਟੀ ਸਟਾਲਾਂ ਅਤੇ ਦੁਕਾਨਾਂ ਦੀ ਸਜਾਵਟ ਬਣਨ ਤੋਂ ਇਲਾਵਾ ਖਰਾਬ ਸਬਜ਼ੀਆਂ ਸ਼ਰੇਆਮ ਲੋਕਾਂ ਨੂੰ ਮਹਿੰਗੇ ਭਾਅ ਵੇਚਣ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਜਦੋਂ ਕਿ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਤਿਆਗਣ ਨੂੰ ਤਿਆਰ ਨਹੀਂ।
ਇਸ ਸਬੰਧੀ 'ਜਗ ਬਾਣੀ' ਵੱਲੋਂ ਸ਼ਹਿਰ ਦੇ ਬਾਜ਼ਾਰਾਂ 'ਚ ਦੇਖਣ 'ਤੇ ਪਾਇਆ ਕਿ ਕਈ ਰੇਹੜੀਆਂ, ਟੀ ਸਟਾਲਾਂ 'ਤੇ ਉੱਚ ਦਰਜੇ ਦੀਆਂ ਵੱਡੀਆਂ ਕੰਪਨੀਆਂ ਦੀ ਨਕਲ ਵਾਲੀਆਂ ਘਟੀਆ ਮਿਆਰ ਦੀਆਂ ਠੰਡੇ-ਮਿੱਠੇ ਦੀਆਂ ਬੋਤਲਾਂ ਨੂੰ ਮਹਿੰਗੇ ਭਾਅ ਸ਼ਰੇਆਮ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ ਇਸ ਮੌਸਮ 'ਚ ਗਲ਼ੀਆਂ-ਸੜੀਆਂ ਸਬਜ਼ੀਆਂ ਤੇ ਬਾਸੀ ਫਲ ਤੇ ਫਲਾਂ ਦਾ ਜੂਸ ਵੱਖ-ਵੱਖ ਸਵਾਦ ਵਾਲੇ ਮਿੱਠੇ ਤੇ ਘਟੀਆ ਰੰਗਾਂ ਦੀ ਮਿਲਾਵਟ ਕਰ ਕੇ ਵੀ ਵੇਚਿਆ ਜਾ ਰਿਹਾ ਹੈ, ਜਦੋਂ ਕਿ ਸਿਵਲ ਹਸਪਤਾਲ ਅਜਨਾਲਾ ਦੇ ਬਿਲਕੁਲ ਸਾਹਮਣੇ ਸ਼ਰੇਆਮ ਗਲ਼ੇ-ਸੜੇ ਫਲਾਂ ਦਾ ਜੂਸ ਲੋਕਾਂ ਨੂੰ ਵੇਚਣ ਵਾਲੇ ਰੇਹੜੀਆਂ ਵਾਲਿਆਂ ਦੇ ਹੱਥਾਂ ਦੀ ਸਾਫ-ਸਫਾਈ ਤੋਂ ਇਲਾਵਾ ਜੂਸ ਕੱਢਣ ਵਾਲੀਆਂ ਮਸ਼ੀਨਾਂ ਤੇ ਬਰਤਨਾਂ ਦੀ ਸਫਾਈ ਤਾਂ ਰੱਬ ਆਸਰੇ ਹੀ ਹੈ।
ਇਸ ਸਬੰਧੀ ਐਡਵੋਕੇਟ ਨਾਨਕ ਸਿੰਘ ਭੱਟੀ ਨੇ ਦੱਸਿਆ ਕਿ ਫਲਾਂ ਦੀਆਂ ਬਹੁਤੀਆਂ ਦੁਕਾਨਾਂ 'ਤੇ ਗੰਦਗੀ ਤੇ ਮੱਛਰ-ਮੱਖੀਆਂ ਦੀ ਭਰਮਾਰ ਹੈਜ਼ਾ ਵਰਗੀਆਂ ਨਾ-ਮੁਰਾਦ ਬੀਮਾਰੀਆਂ ਪੈਦਾ ਹੋਣ ਦਾ ਕਾਰਨ ਵੀ ਬਣ ਰਹੀ ਹੈ, ਜਦੋਂ ਕਿ ਬੱਚਿਆਂ ਦੇ ਮਾਹਿਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਕਈ ਸਰਹੱਦੀ ਲੋਕ ਅਣਜਾਣੇ 'ਚ ਆਪਣੇ ਬੱਚਿਆਂ ਨੂੰ ਘਟੀਆ ਫਲਾਂ ਦਾ ਜੂਸ ਤੇ ਕੋਲਡ ਡ੍ਰਿੰਕਸ ਪਿਲਾ ਦਿੰਦੇ ਹਨ, ਜੋ ਕਿ ਬੱਚਿਆਂ ਲਈ ਗਰਮੀ 'ਚ ਪੇਟ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ।
ਦਿਲ ਦੇ ਰੋਗਾਂ ਦੇ ਮਾਹਿਰ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਗੰਦੇ ਜੂਸ ਤੇ ਠੰਡੇ-ਮਿੱਠਿਆਂ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਰਹੱਦੀ ਲੋਕਾਂ 'ਚ ਪਹਿਲਾਂ ਹੀ ਕਈ ਲੋਕਾਂ ਨੂੰ ਸ਼ੂਗਰ ਵਰਗੀਆਂ ਬੀਮਾਰੀਆਂ ਤੇ ਦਿਲ ਦੇ ਰੋਗਾਂ ਨੇ ਘੇਰਾ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਹੱਡੀਆਂ ਦੇ ਮਾਹਿਰ ਡਾ. ਗੁਰਜੋਤ ਸਿੰਘ ਵਿਰਦੀ ਨੇ ਦੱਸਿਆ ਕਿ ਸਰਹੱਦੀ ਲੋਕਾਂ 'ਚ ਗੋਡੇ-ਗਿੱਟੇ ਦੀਆਂ ਪੀੜਾਂ ਤੋਂ ਇਲਾਵਾ ਬੱਚਿਆਂ, ਗਰਭਵਤੀ ਔਰਤਾਂ ਤੇ ਬਜ਼ੁਰਗਾਂ ਦੀਆਂ ਹੱਡੀਆਂ 'ਚ ਕੈਲਸ਼ੀਅਮ ਦੀ ਮਾਤਰਾ ਦੀ ਵੱਡੇ ਪੱਧਰ 'ਤੇ ਘਾਟ ਪਾਈ ਜਾ ਰਹੀ ਹੈ, ਜੋ ਕਿ ਮਾੜੇ ਫਲ-ਫਰੂਟ ਤੇ ਜੂਸ, ਗਲ਼ੀਆਂ-ਸੜੀਆਂ ਸਬਜ਼ੀਆਂ ਅਤੇ ਘਟੀਆ ਕੋਲਡ ਡ੍ਰਿੰਕਸ ਪੀਣ ਕਾਰਨ ਹੁੰਦਾ ਹੈ।
ਐਡਵੋਕੇਟ ਨਾਨਕ ਸਿੰਘ ਭੱਟੀ, ਨਿਸ਼ਾਨ ਸਿੰਘ ਸੁਧਾਰ, ਸੂਬੇਦਾਰ ਗੁਰਮੀਤ ਸਿੰਘ ਸੁਧਾਰ ਤੇ ਸਮਾਜ ਸੇਵੀ ਸੰਗਠਨਾਂ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਕੋਲੋਂ ਇਸ ਗੋਰਖਧੰਦੇ 'ਚ ਲੱਗੇ ਲੋਕਾਂ 'ਤੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਧਰ ਜ਼ਿਲਾ ਸਿਹਤ ਵਿਭਾਗ ਅਫਸਰ ਲਖਬੀਰ ਸਿੰਘ ਭਾਗੋਵਾਲੀਆ ਨੂੰ ਜਦੋਂ ਫੋਨ 'ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਛੇਤੀ ਹੀ ਇਸ ਮਸਲੇ ਦੀ ਜਾਂਚ ਕੀਤੀ ਜਾਵੇਗੀ।